ਜਾਖੜ ਨੇ ਮੋਦੀ ਸਰਕਾਰ ਨੂੰ ਭੇਜੀ ਪਿਆਜ਼ਾਂ ਤੇ ਆਲੂਆਂ ਦੀ ਟੋਕਰੀ

Sunday, Dec 22, 2019 - 12:31 AM (IST)

ਜਲੰਧਰ/ਚੰਡੀਗੜ੍ਹ, (ਧਵਨ, ਵਿਵੇਕ ਸਿੰਧਵਾਨੀ, ਰਵੀ, ਭੁੱਲਰ)- ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਾਂਗਰਸ ਕੇਂਦਰ ਸਰਕਾਰ ਨੂੰ ਸੰਵਿਧਾਨ ਦੀ ਮੂਲ ਭਾਵਨਾ ਨੂੰ ਮਾਰਨ ਦੀ ਇਜਾਜ਼ਤ ਨਹੀਂ ਦੇਵੇਗੀ। ਇਹ ਸ਼ਬਦ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਕਹੇ। ਜਾਖੜ ਨੇ ਕਿਹਾ ਕਿ ਕੇਂਦਰ ਦੀ ਰਾਜਗ ਸਰਕਾਰ ਆਰਥਿਕ ਮਾਮਲਿਆਂ 'ਤੇ ਬੁਰੀ ਤਰ੍ਹਾਂ ਅਸਫਲ ਹੋ ਗਈ ਹੈ ਅਤੇ ਆਪਣੀਆਂ ਅਸਫਲਾਤਾਵਾਂ ਨੂੰ ਲੁਕਾਉਣ ਲਈ ਇਸ ਨੇ ਨਾਗਰਿਕਤਾ ਸੋਧ ਬਿੱਲ ਲਿਆ ਕੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਸ ਕਾਨੂੰਨ ਰਾਹੀਂ ਸੰਵਿਧਾਨ ਅਤੇ ਧਰਮ ਨਿਰਪੱਖ ਸਰੂਪ ਨੂੰ ਸੱਟ ਪਹੁੰਚਾ ਰਹੀ ਹੈ। ਸੂਬੇ ਦੇ ਜਾਗਰੂਕ ਨਾਗਰਿਕ ਉਸ ਨੂੰ ਅਜਿਹਾ ਕਦੇ ਨਹੀਂ ਕਰਨ ਦੇਣਗੇ। ਜਾਖੜ ਜਿਨ੍ਹਾਂ ਨਾਲ ਪੰਜਾਬ ਕਾਂਗਰਸ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਹੋਰ ਵੀ ਸਨ, ਨੇ ਮੋਦੀ ਸਰਕਾਰ ਨੂੰ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਪਿਆਜ਼ਾਂ ਅਤੇ ਆਲੂਆਂ ਦੀ ਟੋਕਰੀ ਭੇਜਣ ਦਾ ਫੈਸਲਾ ਕੀਤਾ। ਕਾਂਗਰਸੀ ਆਗੂਆਂ ਨੇ ਇਹ ਟੋਕਰੀ ਜਾਖੜ ਨੂੰ ਦਿੱਤੀ ਅਤੇ ਕਿਹਾ ਕਿ ਕਿਸਾਨਾਂ, ਗਰੀਬਾਂ ਅਤੇ ਨੌਜਵਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਕੇਂਦਰ ਸਰਕਾਰ ਅਸਲ ਮੁੱਦਿਆਂ ਤੋਂ ਭਟਕ ਚੁੱਕੀ ਹੈ। ਜੀ. ਡੀ. ਪੀ. ਦੀ ਦਰ ਲਗਾਤਾਰ ਹੇਠਾਂ ਡਿੱਗ ਰਹੀ ਅਤੇ ਮਹਿੰਗਾਈ ਕਾਰਣ ਗਰੀਬਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਖਿਲਾਫ ਅੰਦੋਲਨ ਚਲਾਉਣ ਲਈ ਕਿਹਾ।

ਕਿਸਾਨਾਂ ਦੇ ਮੁੱਦੇ 'ਤੇ ਅਕਾਲੀ ਦਲ ਚੁੱਪ
ਸੁਖਬੀਰ ਬਾਦਲ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਜਾਂ ਤਾਂ ਕਾਰੋਬਾਰੀ ਹਨ ਜਾਂ ਫਿਰ ਉਨ੍ਹਾਂ ਨੂੰ ਜਨਤਾ ਦੇ ਦਰਦ ਦਾ ਅਹਿਸਾਸ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਮੁੱਦੇ 'ਤੇ ਚੁੱਪ ਸਾਧੀ ਹੋਈ ਹੈ। ਜਦੋਂ ਕੇਂਦਰ ਸਰਕਾਰ ਨੇ ਜੀ. ਐੈੱਸ. ਟੀ. ਅਤੇ ਨੋਟਬੰਦੀ ਵਰਗੇ ਫੈਸਲੇ ਲਏ ਸਨ, ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਚੁੱਪ ਸਾਧੀ ਹੋਈ ਸੀ। ਹਮੇਸ਼ਾ ਜਨਤਾ ਨਾਲ ਜੁੜੇ ਮਸਲਿਆਂ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ 'ਚ ਆਪਣੀ ਸਹਿਯੋਗੀ ਪਾਰਟੀ ਭਾਜਪਾ ਦੀ ਸਰਕਾਰ ਖਿਲਾਫ ਇਕ ਵੀ ਸ਼ਬਦ ਮੂੰਹੋਂ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅਨਾਜ ਖਰੀਦਣ ਦੇ ਬਦਲੇ 31000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਪਾ ਦਿੱਤਾ ਹੈ, ਜਿਸ 'ਤੇ ਪੰਜਾਬ ਸਰਕਾਰ ਨੂੰ ਹਰ ਸਾਲ 3200 ਕਰੋੜ ਰੁਪਏ ਦੀ ਕਿਸ਼ਤ ਅਦਾ ਕਰਨੀ ਪੈ ਰਹੀ ਹੈ।


Related News