ਜਾਖੜ ਨੇ ਸੁਖਬੀਰ ''ਤੇ ਕੀਤਾ ਸਿਆਸੀ ਹਮਲਾ
Sunday, Sep 17, 2017 - 06:46 AM (IST)

ਜਲੰਧਰ (ਧਵਨ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਰਾਜਪਾਲ ਵੇਲੇ ਹੋਈਆਂ ਵਧੀਕੀਆਂ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀਆਂ ਘਟਨਾਵਾਂ ਦੀ ਜਾਂਚ ਜਿਵੇਂ-ਜਿਵੇਂ ਅੱਗੇ ਵਧ ਰਹੀ ਹੈ, ਉਨ੍ਹਾਂ ਦਾ ਸੱਚ ਸਾਹਮਣੇ ਆਉਣ ਦੇ ਡਰ ਕਾਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਿਆਂ ਪ੍ਰਣਾਲੀ 'ਤੇ ਸਵਾਲ ਉਠਾ ਰਹੇ ਹਨ। ਜਾਖੜ ਨੇ ਅੱਜ ਕਿਹਾ ਕਿ ਬਾਦਲ ਨੇ ਪਿਛਲੇ 10 ਸਾਲਾਂ 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਵਧੀਕੀਆਂ ਦੀ ਜਾਂਚ ਕਰ ਰਹੇ ਰਿਟਾਇਰਡ ਜੱਜ ਮਹਿਤਾਬ ਸਿੰਘ ਗਿੱਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜੱਜ ਰਣਜੀਤ ਸਿੰਘ ਦੀ ਅਗਵਾਈ 'ਚ ਬਣੇ ਕਮਿਸ਼ਨ 'ਤੇ ਸਵਾਲ ਖੜ੍ਹੇ ਕੀਤੇ ਹਨ। ਜਾਖੜ ਨੇ ਕਿਹਾ ਕਿ ਜਿਵੇਂ-ਜਿਵੇਂ ਜਾਂਚ ਅੱਗੇ ਵਧੇਗੀ ਤਾਂ ਅਕਾਲੀਆਂ ਨੂੰ ਡਰ ਸਤਾਏਗਾ ਕਿ ਉਨ੍ਹਾਂ ਦੇ ਮਾੜੇ ਕਰਮ ਜਨਤਾ ਦੇ ਸਾਹਮਣੇ ਆ ਜਾਣਗੇ।
ਉਨ੍ਹਾਂ ਕਿਹਾ ਕਿ ਅਜੇ ਤਾਂ ਰਿਪੋਰਟ ਆਈ ਨਹੀਂ ਉਸ ਤੋਂ ਪਹਿਲਾਂ ਹੀ ਅਕਾਲੀ ਘਬਰਾਅ ਗਏ ਹਨ। ਹੁਣ ਅਕਾਲੀ ਦਲ ਵਲੋਂ ਪੁਲਸ ਦੀ ਸਿਆਸਤ ਲਈ ਇਸਤੇਮਾਲ ਕਰਨ ਅਤੇ ਆਪਣੇ ਵਿਰੋਧੀਆਂ 'ਤੇ ਜ਼ਿਆਦਤੀਆਂ ਕਰਨ ਦੀਆਂ ਪਰਤਾਂ ਉਧੇੜੀਆਂ ਜਾ ਰਹੀਆਂ ਹਨ, ਜਿਸ ਦੀ ਚਿੰਤਾ ਅਕਾਲੀ ਨੇਤਾਵਾਂ ਨੂੰ ਹੈ। ਬੇਅਦਬੀ ਮਾਮਲਾ ਅਤੇ ਬਹਿਬਲ ਕਲਾਂ 'ਚ ਨਿਰਦੋਸ਼ ਪੰਜਾਬੀਆਂ 'ਤੇ ਚਲਾਈਆਂ ਗਈਆਂ ਗੋਲੀਆਂ 'ਚ ਅਕਾਲੀ ਦਲ ਦੇ ਨੇਤਾਵਾਂ ਦਾ ਰਾਜ਼ ਹੁਣ ਜਨਤਾ ਦੇ ਸਾਹਮਣੇ ਆਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜ਼ੋਰਾ ਸਿੰਘ ਦੀ ਰਿਪੋਰਟ 'ਚ ਤੱਥ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ।
ਕਾਂਗਰਸੀ ਨੇਤਾ ਨੇ ਕਿਹਾ ਕਿ ਸਾਬਕਾ ਸਰਕਾਰ ਦੇ ਸਮੇਂ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਆਗੂਆਂ ਨੇ ਆਪਣੇ ਘਰ ਭਰਨ ਨੂੰ ਪਹਿਲ ਦਿੱਤੀ। ਵਿਰੋਧੀਆਂ 'ਤੇ ਝੂਠੇ ਮਾਮਲੇ ਦਰਜ ਕਰਵਾਏ ਗਏ। ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ਵਾਲੇ ਕਮਿਸ਼ਨ ਕੋਲ ਇਸ ਸਮੇਂ ਹਜ਼ਾਰਾਂ ਸ਼ਿਕਾਇਤਾਂ ਪਹੁੰਚ ਚੁਕੀਆਂ ਹਨ, ਜਿਸ ਦੀ ਜਾਂਚ ਦੌਰਾਨ ਭੇਦ ਜਲਦੀ ਖੁੱਲ੍ਹਣ ਵਾਲੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਅਮਰਿੰਦਰ ਸਰਕਾਰ ਦੇ ਕਾਰਜਕਾਲ 'ਚ ਸਿਆਸੀ ਆਧਾਰ 'ਤੇ ਕੋਈ ਵਧੀਕੀ ਨਹੀਂ ਕੀਤੀ ਗਈ। ਪਿਛਲੀ ਸਰਕਾਰ ਦੇ ਸਮੇਂ ਹੋਏ ਗਲਤ ਕੰਮਾਂ ਦੀ ਜਾਂਚ ਲਈ ਜੁਡੀਸ਼ੀਅਲ ਕਮਿਸ਼ਨ ਕੰਮ ਕਰ ਰਿਹਾ ਹੈ। ਜਾਂਚ ਕਮਿਸ਼ਨ ਦੀ ਰਿਪੋਰਟ ਆਉਣ ਪਿਛੋਂ ਦੋਸ਼ੀਆਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਸੁਖਬੀਰ 'ਤੇ ਰੰਧਾਵਾ ਤੇ ਕਾਂਗਰਸੀ ਵਿਧਾਇਕਾਂ ਨੇ ਦਾਗੇ ਸਵਾਲ
ਪੰਜਾਬ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਸਵਾਲਾਂ ਦੀ ਝੜੀ ਲਾ ਦਿੱਤੀ। ਰੰਧਾਵਾ ਨੇ ਕਿਹਾ ਕਿ ਸੁਖਬੀਰ ਆਪਣੇ 10 ਸਾਲਾਂ ਦੇ ਰਾਜਕਾਲ ਦੀਆਂ ਅਸਫਲਤਾਵਾਂ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ ਤੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਆਪਣੀ ਸਾਬਕਾ ਸਰਕਾਰ ਦੇ ਮਾੜੇ ਕੰਮਾਂ ਨੂੰ ਲੁਕਾਉਣ ਵਿਚ ਲੱਗੇ ਹੋਏ ਹਨ। ਸੁਖਜਿੰਦਰ ਰੰਧਾਵਾ, ਸੁਖ ਸਰਕਾਰਿਆ, ਹਰਪ੍ਰਤਾਪ ਸਿੰਘ ਅਜਨਾਲਾ, ਬਰਿੰਦਰ ਸਿੰਘ ਪਾਹੜਾ, ਤਰਸੇਮ ਸਿੰਘ ਅਤੇ ਧਰਮਵੀਰ ਅਗਨੀਹੋਤਰੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸੁਖਬੀਰ ਨਾ ਤਾਂ ਹੁਣ ਵਿਰੋਧੀ ਧਿਰ ਦੇ ਨੇਤਾ ਹਨ ਤੇ ਨਾ ਹੀ ਉਨ੍ਹਾਂ ਦਾ ਸਿਆਸੀ ਕੱਦ ਇੰਨਾ ਹੈ ਕਿ ਉਹ ਅਮਰਿੰਦਰ ਸਰਕਾਰ ਦੀ ਕਾਰਗੁਜ਼ਾਰੀ 'ਤੇ ਟਿੱਪਣੀ ਕਰ ਸਕਣ। ਜਨਤਾ ਪਹਿਲਾਂ ਹੀ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੂੰ ਤੀਜੇ ਨੰਬਰ 'ਤੇ ਧੱਕ ਚੁੱਕੀ ਹੈ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਜਨਤਾ ਅਜੇ ਵੀ ਅਕਾਲੀਆਂ ਦੇ ਮਾਫੀਆ ਰਾਜ ਨੂੰ ਭੁੱਲੀ ਨਹੀਂ ਹੈ। ਸੁਖਬੀਰ ਕੋਲੋਂ ਉਨ੍ਹਾਂ ਪੁੱਛਿਆ ਕਿ ਉਹ ਦੱਸਣ ਕਿ ਉਨ੍ਹਾਂ ਨੇ ਆਪਣੇ ਰਾਜਕਾਲ 'ਚ ਕਿੰਨੇ ਹਸਪਤਾਲ, ਕਾਲਜ, ਸਕੂਲ, ਸੜਕਾਂ ਤੇ ਕਿੰਨੇ ਸ਼ਹਿਰਾਂ ਦੀ ਦਸ਼ਾ ਨੂੰ ਸੁਧਾਰਿਆ। ਨੈਸ਼ਨਲ ਹਾਈਵੇ ਪ੍ਰਾਜੈਕਟ ਤਾਂ ਕੇਂਦਰ ਸਰਕਾਰ ਨੇ ਮਨਜ਼ੂਰ ਕੀਤੇ ਸਨ। ਉਸ 'ਚ ਬਾਦਲ ਸਰਕਾਰ ਦਾ ਕੋਈ ਯੋਗਦਾਨ ਨਹੀਂ ਸੀ। ਸੂਬੇ 'ਚ ਬਣੇ ਏਅਰਪੋਰਟ ਵੀ ਅੰਸ਼ਿਕ ਤੌਰ 'ਤੇ ਚਾਲੂ ਹੋਏ। ਅੰਮ੍ਰਿਤਸਰ 'ਚ 600 ਕਰੋੜ ਦੇ ਬੀ. ਆਰ. ਟੀ. ਐੱਸ. ਪ੍ਰਾਜੈਕਟ ਅਜੇ ਤੱਕ ਚਾਲੂ ਨਹੀਂ ਹੋ ਸਕੇ। ਸਾਬਕਾ ਸਰਕਾਰ ਦੇ ਸਮੇਂ ਸਿਰਫ ਭ੍ਰਿਸ਼ਟਾਚਾਰ ਦਾ ਹੀ ਬੋਲਬਾਲਾ ਸੀ।