ਜਾਖੜ ਨੇ ਬਾਜਵਾ ਨੂੰ ਦਿੱਤੀ ਪਾਰਟੀ ਦੀ ਹੱਦ ''ਚ ਰਹਿਣ ਦੀ ਸਲਾਹ
Tuesday, Jan 14, 2020 - 10:14 PM (IST)
ਚੰਡੀਗੜ੍ਹ, (ਭੁੱਲਰ)— ਪੰਜਾਬ ਦੇ ਮੰਤਰੀਆਂ ਵਲੋਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖਿਲਾਫ਼ ਪਾਰਟੀ ਤੋਂ ਕੀਤੀ ਗਈ ਕਾਰਵਾਈ ਦੀ ਮੰਗ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਵੇਂ ਬਾਜਵਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਹੋਣ ਕਾਰਨ ਸਿੱਧੀ ਕਾਰਵਾਈ ਕਰਨਾ ਉਨ੍ਹਾਂ ਦੇ ਹੱਥ 'ਚ ਨਹੀਂ ਪਰ ਉਹ ਬਾਜਵਾ ਨੂੰ ਪ੍ਰਦੇਸ਼ ਕਾਂਗਰਸ ਵਲੋਂ ਇਹ ਸਲਾਹ ਜ਼ਰੂਰ ਦੇ ਰਹੇ ਹਨ ਕਿ ਪਾਰਟੀ ਦੀ ਹੱਦ 'ਚ ਰਹਿਕੇ ਹੀ ਕੰਮ ਕੀਤਾ ਜਾਵੇ। ਬਾਜਵਾ ਵਲੋਂ ਖੁੱਲ੍ਹੇਆਮ ਮੀਡੀਆ 'ਚ ਪਾਰਟੀ ਮਾਮਲਿਆਂ ਤੇ ਮੁੱਖ ਮੰਤਰੀ ਬਾਰੇ ਟਿੱਪਣੀਆਂ ਕਰਨਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਅਤੇ ਉਨ੍ਹਾਂ ਨੂੰ ਕੁਝ ਮਾਮਲਿਆਂ ਬਾਰੇ ਇਤਰਾਜ਼ ਹੈ ਤਾਂ ਪਾਰਟੀ ਮੰਚ 'ਤੇ ਆਪਣੀ ਗੱਲ ਰੱਖ ਸਕਦੇ ਹਨ। ਪਾਰਟੀ ਦੇ ਅਨੁਸ਼ਸਾਨ ਦੇ ਉਲਟ ਮੀਡੀਆ 'ਚ ਜਾਕੇ ਜਨਤਕ ਤੌਰ 'ਤੇ ਪਾਰਟੀ ਬਾਰੇ ਇਤਰਾਜ਼ ਉਠਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਨਾਲ ਵਿਰੋਧੀਆਂ ਨੂੰ ਹੀ ਲਾਭ ਹੁੰਦਾ ਹੈ। ਪੰਜਾਬ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਦੇ ਪਦ 'ਤੇ ਰਹਿ ਚੁੱਕੇ ਸੀਨੀਅਰ ਨੇਤਾਵਾਂ ਲਈ ਇਹ ਬਿਲਕੁਲ ਸਹੀ ਨਹੀਂ ਹੈ। ਜਾਖੜ ਨੇ ਕਿਹਾ ਕਿ ਕਿਸੇ ਵੀ ਕਾਂਗਰਸੀ ਆਗੂ ਨੂੰ ਪਾਰਟੀ ਦੀ ਹੱਦ ਤੋਂ ਬਾਹਰ ਜਾਕੇ ਪਾਰਟੀ ਜਾਂ ਆਪਣੀ ਸਰਕਾਰ ਦੀਆਂ ਨਤੀਆਂ ਖਿਲਾਫ਼ ਨਹੀਂ ਬੋਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉਹ ਤਾਂ ਹਾਈਕਮਾਨ ਨੂੰ ਜਾਣਕਾਰੀ ਹੀ ਦੇ ਸਕਦੇ ਹਨ ਅੱਗੇ ਫੈਸਲਾ ਉਪਰੋਂ ਹੀ ਹੋਣਾ ਹੈ।