ਜੈਤੋ ਪੁਲਸ ਨੇ ਬਿਨਾਂ ਮਾਸਕ ਵਾਲ਼ਿਆਂ ਦੇ ਕੀਤੇ ਕੋਰੋਨਾ ਟੈਸਟ ਅਤੇ ਕੱਟੇ ਚਲਾਨ

Monday, Mar 22, 2021 - 04:19 PM (IST)

ਜੈਤੋ ਪੁਲਸ ਨੇ ਬਿਨਾਂ ਮਾਸਕ ਵਾਲ਼ਿਆਂ ਦੇ ਕੀਤੇ ਕੋਰੋਨਾ ਟੈਸਟ ਅਤੇ ਕੱਟੇ ਚਲਾਨ

ਜੈਤੋ (ਗੁਰਮੀਤਪਾਲ) : ਜੈਤੋ ਪੁਲਸ ਵੱਲੋਂ ਅੱਜ ਨਿਵੇਕਲੀ ਪਹਿਲ ਕਦਮੀ ਕਰਦਿਆਂ ਕੋਵਿਡ -19 ਦੇ ਵੱਧਦੇ ਖ਼ਤਰੇ ਨੂੰ ਦੇਖਦਿਆਂ ਪੁਲਸ ਥਾਣਾ ਜੈਤੋ ਦੇ ਮੁਖੀ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਬੱਸ ਸਟੈਂਡ ’ਚ ਬਿਨਾ ਮਾਸਕ ਆਉਣ ਵਾਲੇ ਵਿਅਕਤੀਆਂ ਅਤੇ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕਰਵਾਉਣ ਲਈ ਸੈਂਪਲ ਲਏ ਗਏ । ਐੱਸ. ਐੱਚ. ਓ. ਜੈਤੋ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਬਿਨਾਂ ਮਾਸਕ ਤੋਂ ਘੁੰਮ ਰਹੇ ਆਮ ਲੋਕਾਂ ਨੂੰ ਜਿੱਥੇ ਮਾਸਕ ਵੰਡੇ ਗਏ ਅਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲ਼ਿਆਂ ਦੇ ਚਲਾਨ ਵੀ ਕੱਟੇ ਗਏ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਦੇ ਵਧ ਰਹੇ ਪ੍ਰਭਾਵ ਨਾਲ ਨਜਿੱਠਣ ਲਈ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਸਮਾਜਿਕ ਦੂਰੀ ਅਤੇ ਮਾਸਕ ਨੂੰ ਪਹਿਨਣਾ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਮਾਸਕ ਘੁੰਮਣ ਵਾਲੇ ਵਿਅਕਤੀਆਂ ਦੇ ਚਲਾਨ ਅਤੇ ਰਾਤ ਨੂੰ ਕਰਫਿਊ ਤੋਂ ਬਾਅਦ ਸੜਕਾਂ ’ਤੇ ਘੁੰਮਣ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਸਿਵਲ ਹਸਪਤਾਲ ਦੀ ਟੀਮ ਪਰਮਜੀਤ ਕੌਰ, ਜਸਵੀਰ ਕੌਰ, ਹਰਪ੍ਰੀਤ ਸਿੰਘ ਵੱਲੋਂ ਟੈਸਟ ਵੀ ਲਏ ਗਏ। ਪੁਲਸ ਟੀਮ ਮਨਦੀਪ ਸਿੰਘ, ਜਗਸੀਰ ਸਿੰਘ, ਵਿਕਰਮ ਸ਼ਰਮਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਕੋਵਿਡ ਮਾਹਿਰ ਡਾਕਟਰ ਦਾ ਹੈਰਾਨੀਜਨਕ ਬਿਆਨ, ਕਿਹਾ ਵਿਦਿਅਕ ਅਦਾਰੇ ਖੋਲ੍ਹਣ ਕਾਰਨ ਫੈਲਿਆ ਕੋਰੋਨਾ

ਪੰਜਾਬ 'ਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫ਼ਿਊ ਲੱਗੇਗਾ। ਦੱਸਣਯੋਗ ਹੈ ਕਿ ਪਹਿਲਾਂ ਪੰਜਾਬ ਦੇ ਜ਼ਿਲ੍ਹਿਆਂ 'ਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫ਼ਿਊ ਦਾ ਸਮਾਂ ਤੈਅ ਕੀਤਾ ਗਿਆ ਸੀ। ਹੁਣ ਪੰਜਾਬ ਦੇ ਜ਼ਿਲ੍ਹਿਆਂ ਲੁਧਿਆਣਾ, ਜਲੰਧਰ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਰੋਪੜ 'ਚ ਨਾਈਟ ਕਰਫ਼ਿਊ ਦਾ ਸਮਾਂ ਰਾਤ 9 ਵਜੇ ਤੋਂ ਸਵੇਰ ਦੇ 5 ਵਜੇ ਤੱਕ ਹੋਵੇਗਾ।

ਇਹ ਵੀ ਪੜ੍ਹੋ : CBSE ਬੋਰਡ ਪ੍ਰੀਖਿਆਵਾਂ : 10ਵੀਂ ਅਤੇ 12ਵੀਂ ਦੇ ਪ੍ਰੀਖਿਆਰਥੀ ਬਦਲ ਸਕਣਗੇ ਐਗਜ਼ਾਮ ਸੈਂਟਰ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News