ਜੇਲਾਂ ''ਚ ਸੁਧਾਰ ਲਈ ਸਰਕਾਰ ਦਾ ਇਕ ਹੋਰ ਸਖਤ ਕਦਮ

Sunday, Jul 07, 2019 - 06:23 PM (IST)

ਚੰਡੀਗੜ੍ਹ : ਸੂਬੇ ਦੀਆਂ ਜੇਲਾਂ ਵਿਚ ਸੁਧਾਰ ਲਈ ਸਰਕਾਰ ਨਾਲ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ, ਜਿਸ ਦੇ ਚੱਲਦੇ ਜੇਲਾਂ 'ਚ ਅਸਰ ਰਸੂਖ ਵਾਲੇ ਕੈਦੀਆਂ ਜਾਂ ਗੈਂਗਸਟਰਾਂ ਦੀਆਂ ਚੱਲ ਰਹੀਆਂ 'ਪ੍ਰਾਈਵੇਟ' ਰਸੋਈਆਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਸਾਰੇ ਕੈਦੀਆਂ ਨੂੰ ਜੇਲ ਦੀ ਰੋਟੀ ਹੀ ਮਿਲੇ। ਦਰਅਸਲ ਰਿਪੋਰਟਾਂ ਮਿਲੀਆਂ ਸਨ ਕਿ ਜੇਲ 'ਚ ਕੁਝ 'ਵਿਸ਼ੇਸ਼' ਕੈਦੀਆਂ ਨੂੰ ਫਿਲਮੀ ਅੰਦਾਜ਼ 'ਚ ਉਨ੍ਹਾਂ ਦੇ 'ਸੇਵਾਦਾਰ' ਭੋਜਨ ਛਕਾਉਂਦੇ ਹਨ ਅਤੇ ਕਈ ਤਾਂ ਬਾਹਰੋਂ ਪਿੱਜ਼ਾ ਅਤੇ ਜਨਮ ਦਿਨ ਦੇ ਕੇਕ ਵੀ ਮੰਗਵਾਉਂਦੇ ਹਨ, ਜਿਸ ਤੋਂ ਬਾਅਦ ਸਰਕਾਰ ਵਲੋਂ ਕਾਰਵਾਈ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਲਾਂ 'ਚ ਸੁਧਾਰ ਲਈ ਸਰਕਾਰ ਗੰਭੀਰ ਅਤੇ ਠੋਸ ਕਦਮ ਚੁੱਕ ਰਹੀ ਹੈ। 

ਰੰਧਾਵਾ ਨੇ ਕਿਹਾ ਕਿ ਜੇਲਾਂ 'ਚ ਵਾਪਰਦੀਆਂ ਘਟਨਾਵਾਂ ਦੇ ਮੁਕੰਮਲ ਪੋਸਟਮਾਰਟਮ ਲਈ ਸਾਰੀਆਂ ਪੁਰਾਣੀਆਂ ਫਾਈਲਾਂ ਅਤੇ ਵਿਸਾਰੀਆਂ ਜਾ ਚੁੱਕੀਆਂ ਜਾਂਚ ਰਿਪੋਰਟਾਂ ਨੂੰ ਮੁੜ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਸੂਬੇ 'ਚ ਹਿੰਸਕ ਘਟਨਾਵਾਂ 'ਚ ਵਾਧੇ 'ਤੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼ਾਇਦ ਉਹ ਪਹਿਲੇ ਜੇਲ ਮੰਤਰੀ ਹਨ, ਜੋ ਮੌਕੇ 'ਤੇ ਪਹੁੰਚੇ। 'ਅਸੀਂ ਹਾਲਾਤ 'ਤੇ ਤੇਜ਼ੀ ਨਾਲ ਕਾਬੂ ਪਾਇਆ ਜਦਕਿ ਹਿੰਸਾ ਲਈ ਮੇਰਾ ਅਸਤੀਫ਼ਾ ਮੰਗਣ ਵਾਲੇ ਸਿਆਸਤਦਾਨ ਜੇਲਾਂ 'ਚ ਜਾਣ ਤੋਂ ਗੁਰੇਜ਼ ਕਰਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਸਮੇਂ ਹਿੰਸਾ 'ਤੇ ਕਾਬੂ ਪਾਉਣ ਲਈ 12 ਘੰਟਿਆਂ ਤੋਂ ਵੱਧ ਦਾ ਸਮਾਂ ਲੱਗਾ ਸੀ ਜਦਕਿ ਅਸੀਂ ਲੁਧਿਆਣਾ 'ਚ ਇਕ ਘੰਟੇ ਤੋਂ ਵੀ ਘੱਟ ਸਮੇਂ 'ਚ ਹਿੰਸਾ 'ਤੇ ਕਾਬੂ ਪਾ ਲਿਆ ਸੀ।' ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀਆਂ ਨੇ ਜੇਲ ਅਧਿਕਾਰੀਆਂ ਜਾਂ ਸੂਬੇ ਦੇ ਮੰਤਰੀਆਂ ਨਾਲ ਕੋਈ ਬੈਠਕਾਂ ਨਹੀਂ ਕੀਤੀਆਂ ਤਾਂ ਜੋ ਉਹ ਵੀ ਮੁੱਦੇ 'ਤੇ ਆਪਣੀ ਫਿਕਰਮੰਦੀ ਜਤਾਉਂਦੇ। ਉਨ੍ਹਾਂ ਕਿਹਾ ਕਿ ਸੂਬੇ 'ਚ ਜੇਲ ਅਧਿਕਾਰੀ ਅਤੇ ਸਿਆਸਤਦਾਨ ਜਾਂ ਤਾਂ ਅਪਰਾਧੀਆਂ ਦੀ ਸਹਾਇਤਾ ਕਰਦੇ ਰਹੇ ਜਾਂ ਮੂੰਹ ਫੇਰ ਲੈਂਦੇ ਸਨ। 

ਰੰਧਾਵਾ ਨੇ ਕਿਹਾ ਕਿ ਜੇਲਾਂ ਮਾੜੇ ਅਨਸਰਾਂ ਨਾਲ ਭਰੀਆਂ ਰਹਿੰਦੀਆਂ ਹਨ ਜਿਸ ਕਾਰਨ ਛੋਟੀ ਜਿਹੀ ਚੰਗਿਆੜੀ ਵੀ ਵੱਡੀ ਸਮੱਸਿਆ ਪੈਦਾ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਟੈਕਨਾਲੌਜੀ ਅਤੇ ਅਮਲੇ ਰਾਹੀਂ ਹਾਲਾਤ 'ਤੇ ਕਾਬੂ ਪਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਚਾਰਾਧੀਨ ਕੈਦੀਆਂ ਦੇ ਅਦਾਲਤਾਂ ਜਾਂ ਰਾਹ ਤੋਂ ਭੱਜਣ ਦੀਆਂ ਘਟਨਾਵਾਂ ਵਧਣ ਕਰਕੇ ਕੁਝ ਜੇਲਾਂ ਛੇਤੀ ਹੀ ਟ੍ਰਾਇਲ ਅਦਾਲਤਾਂ ਦਾ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ।


Gurminder Singh

Content Editor

Related News