ਜੇਲ ਪ੍ਰਸ਼ਾਸਨ ਹੀ ਕਰੇਗਾ ''ਬੇਬੀ ਕਿੱਲਰ'' ਦਰਬਾਰਾ ਸਿੰਘ ਦਾ ਅੰਤਿਮ ਸੰਸਕਾਰ

Monday, Jun 11, 2018 - 12:42 AM (IST)

ਪਟਿਆਲਾ, (ਬਲਜਿੰਦਰ)- ਕੇਂਦਰੀ ਜੇਲ ਪਟਿਆਲਾ ਦੇ ਅਧਿਕਾਰੀਆਂ ਨੇ ਫੈਸਲਾ ਕੀਤਾ ਹੈ ਕਿ ਹੁਣ ਜੇਲ ਪ੍ਰਸ਼ਾਸਨ ਹੀ 'ਬੇਬੀ ਕਿੱਲਰ' ਦਰਬਾਰਾ ਸਿੰਘ ਦਾ ਅੰਤਿਮ ਸੰਸਕਾਰ ਕਰੇਗਾ। ਦਰਬਾਰਾ ਸਿੰਘ ਦੀ ਮੌਤ ਕੇਂਦਰੀ ਜੇਲ ਪਟਿਆਲਾ ਵਿਚ ਹੋਈ। ਉਸ ਦੇ ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਹੁਣ ਜੇਲ ਪ੍ਰਸ਼ਾਸਨ ਸੋਮਵਾਰ ਪੋਸਟਮਾਰਟਮ ਉਪਰੰਤ ਡਿਊਟੀ ਮੈਜਿਸਟਰੇਟ ਦੀ ਪ੍ਰਵਾਨਗੀ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰੇਗਾ। 
ਇਸ ਦੀ ਪੁਸ਼ਟੀ ਕਰਦੇ ਹੋਏ ਕੇਂਦਰੀ ਜੇਲ ਪਟਿਆਲਾ ਦੇ ਸੁਪਰਡੈਂਟ ਰਾਜਨ ਕਪੁਰ ਨੇ ਦੱਸਿਆ ਕਿ ਜੇਕਰ ਕਿਸੇ ਕੈਦੀ ਦੀ ਲਾਸ਼ ਲੈਣ ਤੋਂ ਉਸ ਦਾ ਪਰਿਵਾਰ ਇਨਕਾਰ ਕਰ ਦੇਵੇ ਤਾਂ ਨਿਯਮਾਂ ਮੁਤਾਬਕ ਜੇਲ ਪ੍ਰਸ਼ਾਸਨ ਹੀ ਉਸ ਦਾ ਅੰਤਿਮ ਸੰਸਕਾਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਦਰਬਾਰਾ ਸਿੰਘ ਦੀ ਮੌਤ 4-5 ਜੂਨ ਦੀ ਰਾਤ ਨੂੰ ਹੋਈ। ਜਦੋਂ ਉਸ ਦੀ ਪਤਨੀ ਨਾਲ ਲਾਸ਼ ਲਿਜਾਣ ਲਈ ਜੇਲ ਪ੍ਰਸ਼ਾਸਨ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਸ ਨੇ ਇਨਕਾਰ ਕਰ ਦਿੱਤਾ ਸੀ। ਦਰਬਾਰਾ ਸਿੰਘ ਦੀ ਲਾਸ਼ ਸਰਕਾਰੀ ਰਾਜਿੰਦਰ ਹਸਪਤਾਲ ਦੀ ਮੋਰਚਰੀ ਵਿਚ ਪਈ ਹੈ। 
ਇਥੇ ਇਹ ਦੱਸਣਯੋਗ ਹੈ ਕਿ ਦਰਬਾਰਾ ਸਿੰਘ ਨੇ 17 ਬੱਚਿਆਂ ਨਾਲ ਜਬਰ-ਜ਼ਨਾਹ ਤੋਂ ਬਾਅਦ ਉਨ੍ਹਾਂ ਦਾ ਦਰਿੰਦਗੀ ਨਾਲ ਕਤਲ ਕਰ ਦਿੱਤਾ ਸੀ। ਇਸ ਵਿਚ 15 ਲੜਕੀਆਂ ਅਤੇ 2 ਲੜਕੇ ਸਨ। ਸਾਬਕਾ ਫੌਜੀ ਦਰਬਾਰਾ ਸਿੰਘ ਨੂੰ ਪਹਿਲਾਂ ਵੀ ਇਕ ਪ੍ਰਵਾਸੀ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਹੱਤਿਆ ਦੇ ਦੋਸ਼ ਵਿਚ 30 ਸਾਲ ਦੀ ਕੈਦ ਹੋਈ ਸੀ। ਜੇਲ ਵਿਚ ਚੰਗੇ ਆਚਰਨ ਕਾਰਨ ਉਸ ਨੂੰ 10 ਸਾਲਾਂ ਵਿਚ ਹੀ ਬਰੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਸਾਲ 2004 ਵਿਚ ਫਿਰ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦਰਬਾਰਾ ਸਿੰਘ ਨੇ ਆਪਣੇ ਹੀ ਸੀਨੀਅਰ ਦੇ ਘਰ ਵਿਚ ਗਰਨੇਡ ਵੀ ਸੁੱਟਿਆ ਸੀ। 


Related News