ਜੇਲ੍ਹ ''ਚ ਮਿਲੇ ਦੋ ਮੋਬਾਇਲ, ਕੈਦੀ ਸਮੇਤ ਦੋ ਖ਼ਿਲਾਫ਼ ਪਰਚਾ ਦਰਜ
Sunday, Sep 06, 2020 - 04:27 PM (IST)
ਫਿਰੋਜ਼ਪੁਰ (ਮਲਹੋਤਰਾ) : ਬੈਰਕਾਂ ਦੀ ਰੂਟੀਨ ਚੈਕਿੰਗ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਇਨ੍ਹਾਂ ਵਿਚੋਂ ਇਕ ਫੋਨ ਲਵਾਰਸ ਹਾਲਤ ਵਿਚ ਪਿਆ ਮਿਲਿਆ ਜਦਕਿ ਦੂਜਾ ਇਕ ਕੈਦੀ ਦੇ ਕੱਪੜਿਆਂ ਵਿਚੋਂ ਮਿਲਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਸਬੰਧ ਵਿਚ ਪੁਲਸ ਵਿਚ ਸ਼ਿਕਾਇਤ ਦੇ ਦਿੱਤੀ ਗਈ ਹੈ। ਜੇਲ੍ਹ ਦੇ ਸਹਾਇਕ ਸੁਪਰੀਡੈਂਟ ਜਰਨੈਲ ਸਿੰਘ ਥਾਣਾ ਸਿਟੀ ਪੁਲਸ ਨੂੰ ਸ਼ਿਕਾਇਤ ਭੇਜ ਕੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਉਨ੍ਹਾਂ ਦੀ ਅਗਵਾਈ ਵਿਚ ਜੇਲ੍ਹ ਗਾਰਦ ਵੱਲੋਂ ਬਲਾਕ ਨੰ: 2 ਦੀ ਬੈਰਕ ਨੰ: 5 ਵਿਚ ਰੂਟੀਨ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਕੱਚੀ ਜਗ੍ਹਾ 'ਤੇ ਬਣੇ ਟੋਏ ਵਿਚ ਪਿਆ ਵੀਵੋ ਕੰਪਨੀ ਦਾ ਟੱਚ ਸਕਰੀਨ ਮੋਬਾਇਲ ਫੋਨ ਬਰਾਮਦ ਹੋਇਆ।
ਇਸ ਮੋਬਾਇਲ ਵਿਚ ਕੋਈ ਸਿੰਮ ਕਾਰਡ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਇਸੇ ਬੈਰਕ ਵਿਚ ਕੈਦੀਆਂ ਦੀ ਤਲਾਸ਼ੀ ਦੌਰਾਨ ਕੈਦੀ ਗਗਨਦੀਪ ਸਿੰਘ ਦੇ ਪਜ਼ਾਮੇ ਦੀ ਜੇਬ ਵਿਚੋਂ ਸੈਮਸੰਗ ਕੰਪਨੀ ਦਾ ਮੋਬਾਇਲ ਫੋਨ, ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਏ। ਥਾਣਾ ਸਿਟੀ ਦੇ ਐੱਸ.ਆਈ. ਜਗਦੀਪ ਸਿੰਘ ਅਨੁਸਾਰ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਕੈਦੀ ਗਗਨਦੀਪ ਸਿੰਘ ਤੇ ਇਕ ਅਣਪਛਾਤੇ ਖ਼ਿਲਾਫ ਜੇਲ੍ਹ ਐਕਟ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।