ਸਮਰੱਥ ਪ੍ਰਭੂ ਨੇ ਜਿਸ ਤੇ ਮੇਹਰ ਕੀਤੀ ਉਸ ਦੇ ਸਾਰੇ ਦੁੱਖ, ਰੋਗ ਤੇ ਕਲੇਸ਼ ਮਿਟ ਗਏ: ਗਿਆਨੀ ਜਗਤਾਰ ਸਿੰਘ

Sunday, May 24, 2020 - 11:16 AM (IST)

ਸਮਰੱਥ ਪ੍ਰਭੂ ਨੇ ਜਿਸ ਤੇ ਮੇਹਰ ਕੀਤੀ ਉਸ ਦੇ ਸਾਰੇ ਦੁੱਖ, ਰੋਗ ਤੇ ਕਲੇਸ਼ ਮਿਟ ਗਏ: ਗਿਆਨੀ ਜਗਤਾਰ ਸਿੰਘ

ਅੰਮ੍ਰਿਤਸਰ (ਅਨਜਾਣ): ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਮਹੱਲੇ ਪੰਜਵੇਂ ਦੇ ਸਲੋਕ ਦੀ ਬਾਣੀ ਦੇ ਮੁੱਖ ਵਾਕ ਦੀ ਕਥਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀ: ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਗਤਾਂ ਨੂੰ ਕਥਾ ਸਰਵਣ ਕਰਵਾਉਂਦਿਆਂ ਕਿਹਾ ਕਿ ਜਦੋਂ ਮੇਰੇ ਪਿਆਰੇ ਖਸਮ ਨੇ ਮੇਰੇ ਉੱਤੇ ਬਖਸ਼ਿਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ। ਹੁਣ (ਹੇ ਨਾਨਕ) ਇਕ ਕਰਤਾਰ ਹੀ ਹਰ ਥਾਂ ਦਿੱਸ ਰਿਹਾ ਹੈ, ਕੋਈ ਹੋਰ ਨਹੀਂ ਦਿੱਸਦਾ। ਸੱਚ ਭਾਵ ਸਿਮਰਨ ਦਾ ਤੀਰ ਤਾਣ ਕੇ ਚੰਦਰੇ ਪਾਪਾਂ ਨੂੰ ਨਸਾ ਦੇ,  ਸਤਿਗੁਰੂ ਦਾ ਸੋਹਣਾ ਮੰਤ੍ਰ ਚੇਤੇ ਕਰ ਇਸ ਤਰ੍ਹਾਂ ਦੁੱਖ ਨਹੀਂ ਵਿਆਪਦਾ। ਉਸ ਕਰਤਾਰ ਨੂੰ ਧੰਨ ਧੰਨ ਆਖ ਜਿਸ ਨੇ ਤੇਰੇ ਅੰਦਰ ਠੰਢ ਪਾਈ ਹੈ। ਉਸ ਪ੍ਰਭੂ ਨੂੰ ਯਾਦ ਕਰ ਜੋ ਸਾਰੇ ਜੀਵਾਂ ਉੱਤੇ ਮਿਹਰਬਾਨ ਹੈ।  ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਅਨੁੰਸਾਰ ਪ੍ਰੇਰਦਿਆਂ ਕਿਹਾ ਕਿ ਸਮਰੱਥ ਪ੍ਰਭੂ ਨੇ ਜਿਸ 'ਤੇ ਮੇਹਰ ਕੀਤੀ ਹੈ ਉਸ ਦੇ ਸਾਰੇ ਰੌਣੇ ਮੁੱਕ ਗਏ, ਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ ਸਾਰੇ ਕਲੇਸ਼,ਦੁੱਖ ਤੇ ਰੋਗ ਦੂਰ ਹੋ ਗਏ।

PunjabKesari

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਸੰਗਤਾਂ ਹੁੰਮ ਹੁੰਮਾ ਕੇ ਪਹੁੰਚੀਆਂ 
ਜਨਤਾ ਕਰਫਿਊ ਖੁੱਲ੍ਹਣ ਕਰਕੇ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਹੁੰਮ ਹੁੰਮਾ ਕੇ ਪਹੁੰਚੀਆਂ। ਅੱਜ ਪੁਲੀਸ ਵੱਲੋਂ ਲਗਾਏ ਗਏ ਨਾਕਿਆਂ ਤੇ ਕੋਈ ਰੋਕ ਟੋਕ ਦਿਖਾਈ ਨਹੀਂ ਦਿੱਤੀ। ਜੋ ਵੀ ਥੋੜ੍ਹੀਆਂ ਬਹੁਤ ਸੰਗਤਾਂ ਆ ਰਹੀਆਂ ਸਨ ਉਹ ਬਿਨਾ ਕਿਸੇ ਰੁਕਾਵਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਜਾ ਰਹੀਆਂ ਸਨ। ਜੇਠ ਦੇ ਮਹੀਨੇ ਦੀ ਮਰਯਾਦਾ ਅਨੁੰਸਾਰ ਅੰਮ੍ਰਿਤ ਵੇਲੇ 2 ਵਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਿਵਾੜ ਖੁੱਲ੍ਹਣ ਉਪਰੰਤ ਕੀਰਤਨ ਦੀ ਆਰੰਭਤਾ ਹੋਈ। ਆਸਾ ਜੀ ਦੀ ਵਾਰ ਦਾ ਕੀਰਤਨ ਸਵੇਰੇ 3 ਵਜੇ ਆਰੰਭ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ 4 ਵਜੇ ਪਹੁੰਚੀ ਤੇ ਗ੍ਰੰਥੀ ਸਿੰਘ ਵੱਲੋਂ ਪਹਿਲਾ ਹੁਕਮਨਾਮਾ 4 ਵਜੇ ਲਿਆ ਗਿਆ। ਇਸ ਉਪਰੰਤ ਸੰਗਤਾਂ ਨੇ ਜੋੜੇ ਝਾੜਜ, ਛਬੀਲ ਤੇ ਜੂਠੇ ਬਰਤਨ ਮਾਂਝਣ ਅਤੇ ਫਰਸ਼ ਦੀ ਧਵਾਈ ਦੀ ਸੇਵਾ ਆਰੰਭ ਕੀਤੀ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਗੇਟਾਂ ਤੇ ਸੈਨੇਟਾਈਜ਼ਰ ਮਸ਼ੀਨਾ ਦੇ ਇਲਾਵਾ ਸੇਵਾਦਾਰਾਂ ਵੱਲੋਂ ਵੀ ਸੰਗਤਾਂ ਦੇ ਹੱਥ ਸੈਨੇਟਾਈਜ਼ ਕਰਵਾਏ ਗਏ ਤੇ ਸੇਵਾਦਾਰਾਂ ਵੱਲੋਂ ਇਹਤਿਆਦ ਵਰਤਦਿਆਂ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਵਾਏ ਗਏ।

PunjabKesari


author

Shyna

Content Editor

Related News