ਲੋਕਾਂ ਦਾ ਕੈਪਟਨ ਸਰਕਾਰ ਤੋਂ 3 ਮਹੀਨਿਆਂ ''ਚ ਹੀ ਮੋਹ ਭੰਗ ਹੋਇਆ: ਜਗਤਾਰ ਧਾਲੀਵਾਲ
Sunday, Jun 18, 2017 - 06:24 PM (IST)
ਬੱਧਨੀ ਕਲਾਂ(ਬੱਬੀ)— ਸੱਤਾ 'ਚ ਆਉਣ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਵੀ ਪੂਰੇ ਨਹੀਂ ਹੋਏ ਜਦੋਂ ਕਿ ਚੋਣਾਂ ਦੌਰਾਨ ਇਕ ਹਫਤੇ 'ਚ ਕਰਨ ਦੇ ਦਾਅਵੇ ਕੀਤੇ ਗਏ ਸਨ। ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਜਗਤਾਰ ਸਿੰਘ ਧਾਲੀਵਾਲ ਨੇ ਐਤਵਾਰ ਇਥੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵੋਟਾਂ ਪੈਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ 'ਚ ਸਮਰਾਟ ਫੋਨ, ਦੇਸੀ ਘਿਓ, ਚਾਹ ਪੱਤੀ ਸਸਤੇ ਰੇਟਾਂ ਤੇ ਦੇਣ ਅਤੇ ਨਸ਼ੇ ਨੂੰ ਇਕ ਹਫਤੇ 'ਚ ਖਤਮ ਕਰਨ ਦੇ ਵਾਅਦੇ ਕੀਤੇ ਸਨ। ਹੁਣ ਜਦੋਂ ਕਿ ਕਾਂਗਰਸ ਸੱਤਾ 'ਚ ਆ ਚੁੱਕੀ ਹੈ ਤਾਂ ਸਸਤੇ ਰੇਟਾਂ 'ਤੇ ਸਮਾਨ ਦੇਣਾ ਕਾਂਗਰਸ ਸਰਕਾਰ ਦੇ ਕਿਸੇ ਮੰਤਰੀ ਨੂੰ ਯਾਦ ਤੱਕ ਨਹੀਂ ਅਤੇ ਨਸ਼ੇ ਦਾ ਧੰਦਾ ਵੀ ਬੇਖੌਫ ਚਲ ਰਿਹਾ ਹੈ। ਕਾਂਗਰਸ ਦੇ ਇਕ ਮੰਤਰੀ ਦਾ ਨਾਮ ਰੇਤ ਘਪਲੇ 'ਚ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨਾਂਮਾਤਰ ਹੋਣ ਕਾਰਨ ਲੋਕਾਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਵੀ ਉਤਾਵਲੇ ਹੋ ਜਾਣਗੇ।
