ਜਗਮੀਤ ਬਰਾੜ ਦੀ ''ਆਪ'' ਤੇ ''ਟਕਸਾਲੀਆਂ'' ਨਾਲ ਨਾ ਬਣ ਸਕੀ!

Friday, Apr 19, 2019 - 09:44 AM (IST)

ਜਗਮੀਤ ਬਰਾੜ ਦੀ ''ਆਪ'' ਤੇ ''ਟਕਸਾਲੀਆਂ'' ਨਾਲ ਨਾ ਬਣ ਸਕੀ!

ਚੰਡੀਗੜ੍ਹ : ਸਾਬਕਾ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਜਗਮੀਤ ਬਰਾੜ ਵਲੋਂ ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ 'ਚ ਜਾਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਇੱਥੇ ਉਨ੍ਹਾਂ ਦੀ ਗੱਲ ਨਾ ਬਣ ਸਕੀ, ਜਿਸ ਤੋਂ ਬਾਅਦ ਉਹ ਅਕਾਲੀ ਦਲ 'ਚ ਸ਼ਾਮਲ ਹੋ ਗਏ। ਜਗਮੀਤ ਬਰਾੜ ਲੰਬਾ ਸਮਾਂ 'ਆਪ' ਦੀ ਲੀਡਰਸ਼ਿਪ ਦੇ ਸੰਪਰਕ 'ਚ ਰਹੇ ਅਤੇ 'ਆਪ' ਦਾ ਝਾੜੂ ਫੜ੍ਹਨ ਦੀ ਗੱਲਬਾਤ ਚੱਲਦੀ ਰਹੀ। ਸੂਤਰਾਂ ਮੁਤਾਬਕ 'ਆਪ' ਦੇ ਜਿਹੜੇ ਆਗੂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਰਾੜ ਵਲੋਂ ਬਿਨਾਂ ਸ਼ਰਤ ਪਾਰਟੀ 'ਚ ਸ਼ਾਮਲ ਹੋਣ ਦੀਆਂ ਅਪੀਲਾਂ-ਦਲੀਲਾਂ ਨੂੰ ਠੁਕਰਾਉਂਦੇ ਰਹੇ, ਉਹੀ ਨੇਤਾ ਹੁਣ ਉਨ੍ਹਾਂ ਨੂੰ ਲੋਕ ਸਭਾ ਚੋਣਾਂ 'ਚ ਟਿਕਟ ਦੇਣ ਦੀ ਪੇਸ਼ਕਸ਼ ਕਰਦੇ ਰਹੇ ਹਨ। 'ਆਪ' ਦੀ ਕੋਰ ਕਮੇਟੀ ਸਮੇਤ ਹੋਰ ਕਈ ਪੱਧਰਾਂ 'ਤੇ ਬਰਾੜ ਨੂੰ ਪਾਰਟੀ 'ਚ ਸ਼ਾਮਲ ਕਰਕੇ ਬਠਿੰਡਾ ਤੋਂ ਚੋਣ ਲੜਾਉਣ ਦੀ ਰਾਏ ਬਣਾਈ ਗਈ ਸੀ ਪਰ ਇਸ ਵਾਰ ਬਰਾੜ ਨੇ 'ਆਪ' 'ਚ ਸ਼ਾਮਲ ਹੋਣ ਦੀ ਥਾਂ ਅਕਾਲੀ ਦਲ 'ਚ ਸ਼ਾਮਲ ਹੋਣ ਨੂੰ ਤਰਜੀਹ ਦਿੱਤੀ। 
ਇਸ ਤੋਂ ਇਲਾਵਾ ਜਗਮੀਤ ਬਰਾੜ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਦੇ ਵੀ ਸੰਪਰਕ 'ਚ ਰਹੇ ਹਨ। ਸੂਤਰਾਂ ਮੁਤਾਬਕ 'ਆਪ' ਵਾਂਗ ਟਕਸਾਲੀ ਦਲ ਦੀ ਲੀਡਰਸ਼ਿਪ ਨੇ ਵੀ ਬਰਾੜ ਨੂੰ ਬਠਿੰਡਾ ਤੋਂ ਚੋਣ ਲੜਾਉਣ ਦੀ ਪੇਸ਼ਕਸ਼ ਕੀਤੀ ਸੀ। ਦੱਸਣਯੋਗ ਹੈ ਕਿ ਸੁਖਪਾਲ ਖਹਿਰਾ 'ਪੰਜਾਬ ਡੈਮੋਕ੍ਰੇਟਿਕ ਅਲਾਇੰਸ' ਦੇ ਬੈਨਰ ਹੇਠ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਹਨ। ਇਸ ਕਾਰਨ ਬਰਾੜ ਬਠਿੰਡਾ ਤੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਸੁਖਪਾਲ ਖਹਿਰਾ ਖਿਲਾਫ ਚੋਣ ਨਹੀਂ ਲੜਨਾ ਚਾਹੁੰਦੇ।


author

Babita

Content Editor

Related News