ਜਗਮੀਤ ਸਿੰਘ ਦਾ ਕੈਨੇਡਾ 'ਚ ਐੱਮ. ਪੀ. ਬਣਨਾ ਫਖਰ ਦੀ ਗੱਲ : ਤਨਮਨਜੀਤ ਢੇਸੀ
Wednesday, Feb 27, 2019 - 02:24 PM (IST)
ਜਲੰਧਰ (ਮਹੇਸ਼) : ਕੈਨੇਡਾ ਵਰਗੇ ਵੱਡੇ ਦੇਸ਼ 'ਚ ਕੌਮੀ ਸਿਆਸੀ ਪਾਰਟੀ (ਐੱਨ. ਡੀ. ਪੀ.) ਦੇ ਪਹਿਲੇ ਸਿੱਖ ਆਗੂ ਜਗਮੀਤ ਸਿੰਘ ਦਾ ਮੈਂਬਰ ਪਾਰਲੀਮੈਂਟ ਬਣਨਾ ਪੰਜਾਬ ਅਤੇ ਪੰਜਾਬੀਅਤ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਇਹ ਗੱਲ ਟਵੀਟਰ ਮੈਸੇਜ 'ਚ ਇੰਗਲੈਂਡ ਦੇ ਪਹਿਲੇ ਪਗੜੀਧਾਰੀ ਪੰਜਾਬੀ ਐੱਮ. ਪੀ. ਜਗਮੀਤ ਨੂੰ ਵਧਾਈ ਦਿੰਦੇ ਹੋਏ ਤਨਮਨਜੀਤ ਸਿੰਘ ਢੇਸੀ ਨੇ ਆਖੀ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਦੇ ਦੱਖਣੀ ਬਰਨਵੀ ਹਲਕੇ ਤੋਂ ਜ਼ਿਮਨੀ ਚੋਣ ਜਿੱਤ ਕੇ ਇਕ ਇਤਿਹਾਸ ਰਚਿਆ ਹੈ।
ਢੇਸੀ ਨੇ ਕਿਹਾ ਕਿ ਜਗਮੀਤ ਦੀ ਇਹ ਜਿੱਤ ਬਹੁਤ ਹੀ ਮਹੱਤਵਪੂਰਨ ਹੈ। ਉਥੇ ਵੱਸਦੇ ਪ੍ਰਵਾਸੀ ਭਾਰਤੀਆਂ ਨੇ ਇਸ ਜਿੱਤ 'ਚ ਆਪਣਾ ਅਹਿਮ ਕਿਰਦਾਰ ਨਿਭਾਇਆ ਹੈ। ਉਨ੍ਹ੍ਹਾਂ ਇਹ ਵੀ ਕਿਹਾ ਕਿ ਜਗਮੀਤ ਵਲੋਂ ਲਗਾਤਾਰ ਕੀਤੀ ਜਾ ਰਹੀ ਮਿਹਨਤ ਦਾ ਉਨ੍ਹ੍ਹਾਂ ਨੂੰ ਫਲ ਮਿਲਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਅਤੇ ਜਸਪਾਲ ਸਿੰਘ ਢੇਸੀ ਯੂ. ਕੇ. ਨੇ ਵੀ ਜਗਮੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਹੈ।
ਦੱਸ ਦਈਏ ਕਿ ਬਰਨਵੀ ਸਾਊਥ ਤੋਂ ਜਗਮੀਤ ਨੇ ਲਿਬਰਲ ਪਾਰਟੀ ਦੇ ਰਿਚਰਡ ਟੀ. ਲੀ. ਅਤੇ ਕੰਜ਼ਰਵੇਟਿਵ ਪਾਰਟੀ ਨੇ ਜੈ ਸ਼ਿਨ ਨੂੰ ਮਾਤ ਦਿੱਤੀ ਹੈ। ਇਸ ਸੀਟ 'ਤੇ ਲਿਬਰਲ, ਕੰਜ਼ਰਵੇਟਿਵ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) 'ਚ ਮੁੱਖ ਮੁਕਾਬਲਾ ਰਿਹਾ। ਜਗਮੀਤ ਸਿੰਘ ਨੂੰ ਕੁੱਲ 8844 ਵੋਟਾਂ ਮਿਲੀਆਂ, ਜਦੋਂਕਿ ਲਿਬਰਲ ਪਾਰਟੀ ਦੇ ਉਮੀਦਵਾਰ ਨੂੰ 5,930 ਵੋਟਾਂ ਪ੍ਰਾਪਤ ਹੋਈਆਂ। ਤੀਜੇ ਨੰਬਰ 'ਤੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੂੰ 5,133 ਵੋਟਾਂ ਮਿਲੀਆਂ।