ਸੀਨੀਅਰ ਆਗੂ ਜਗਮੀਤ ਬਰਾੜ ਨੂੰ ਅਕਾਲੀ ਦਲ ਨੇ ਪਾਰਟੀ ’ਚੋਂ ਕੱਢਿਆ ਬਾਹਰ

Saturday, Dec 10, 2022 - 06:28 PM (IST)

ਸੀਨੀਅਰ ਆਗੂ ਜਗਮੀਤ ਬਰਾੜ ਨੂੰ ਅਕਾਲੀ ਦਲ ਨੇ ਪਾਰਟੀ ’ਚੋਂ ਕੱਢਿਆ ਬਾਹਰ

ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ। ਅਕਾਲੀ ਦਲ ਨੇ ਬਰਾੜ ਨੂੰ 6 ਸਾਲ ਲਈ ਪਾਰਟੀ ’ਚੋਂ ਬਾਹਰ ਕੀਤਾ ਹੈ। ਬਰਾੜ ਆਪਣੀਆਂ ਪਾਰਟੀ ਵਿਰੋਧੀ ਗਤੀਵਿਧੀਆਂ ’ਤੇ ਸੁਣਵਾਈ ਲਈ ਅੱਜ ਅਨੁਸ਼ਾਸਨੀ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸ ਕਮੇਟੀ ਦੇ  ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜਗਮੀਤ ਬਰਾੜ ਨੇ ਪੱਤਰ ਭੇਜ ਕੇ ਸਪੱਸ਼ਟ ਕੀਤਾ ਹੈ ਕਿ ਉਹ ਸਿਰਫ਼ ਪਾਰਟੀ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਮੇਟੀ ਨੇ ਫ਼ੈਸਲਾ ਕੀਤਾ ਕਿ ਬਰਾੜ ਪਾਰਟੀ ਅਨੁਸ਼ਾਸਨ ਨੂੰ ਤੋੜ ਰਹੇ ਹਨ ਤੇ ਕਮੇਟੀ ਸਾਹਮਣੇ ਪੇਸ਼ ਨਹੀਂ ਹੋਏ ਸਨ, ਲਿਹਾਜ਼ਾ ਉਨ੍ਹਾਂ ਨੂੰ ਛੇ ਸਾਲ ਲਈ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ।

ਇਹ ਵੀ ਪੜ੍ਹੋ : ਤਰਨਤਾਰਨ ਦੇ ਪੁਲਸ ਥਾਣੇ ’ਤੇ ਹੋਏ ਲਾਂਚਰ ਰਾਕਟ ਹਮਲੇ ’ਤੇ ਡੀ. ਜੀ. ਪੀ. ਦਾ ਵੱਡਾ ਖ਼ੁਲਾਸਾ

ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਸੀ ਮੁਲਾਕਾਤ

ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟ ਵਲੋਂ ਲਏ ਜਾਣ ਵਾਲੇ ਫ਼ੈਸਲੇ ਤੋਂ ਪਹਿਲਾਂ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਜਗਮੀਤ ਸਿੰਘ ਬਰਾੜ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ। ਇਸ ਦੌਰਾਨ ਬਰਾੜ ਵਲੋਂ ਇਕ ਮੰਗ ਪੱਤਰ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਏਕਤਾ ਲਈ ਉਹ ਕੰਮ ਕਰਦੇ ਰਹਿਣਗੇ। ਅਕਾਲੀ ਦਲ ਦੇ ਨਿਮਾਣੇ ਵਰਕਰ ਵਾਂਗ ਉਹ ਭਵਿੱਖ ਵਿਚ ਵੀ ਕੰਮ ਕਰਨਗੇ। ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਹੈ। ਅਨੁਸ਼ਾਸਨੀ ਕਮੇਟੀ ਵੱਲੋਂ ਤਲਬ ਕੀਤੇ ਜਾਣ ’ਤੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਆਪਣਾ ਲਿਖਤੀ ਜਵਾਬ ਪਾਰਟੀ ਨੂੰ ਭੇਜ ਦਿੱਤਾ ਹੈ ਅਤੇ ਉਨ੍ਹਾਂ ਖ਼ਿਲਾਫ ਕੂੜ ਪ੍ਰਚਾਰ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿਚ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਲੀਡਰਾਂ ਨੂੰ ਇਕੱਠਾ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣਗੇ।

ਇਹ ਵੀ ਪੜ੍ਹੋ : ਸਰਹਾਲੀ ਥਾਣੇ ’ਤੇ ਰਾਕੇਟ ਲਾਂਚਰ ਹਮਲਾ, ਸੁਖਬੀਰ ਬਾਦਲ ਦੇ ਨਿਸ਼ਾਨੇ ’ਤੇ ਪੰਜਾਬ ਸਰਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News