ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਗਮੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਦਿੱਤੇ 7 ਅਹਿਮ ਸੁਝਾਅ

Thursday, Jul 28, 2022 - 05:13 PM (IST)

ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਗਮੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਦਿੱਤੇ 7 ਅਹਿਮ ਸੁਝਾਅ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਬੀਤੇ ਦਿਨ ਵਿਸ਼ੇਸ਼ ਮੀਟਿੰਗ ਚੰਡੀਗੜ੍ਹ ਵਿਖੇ ਹੋਈ। ਇਸ ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਤਮਾਮ ਲੀਡਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਅਕਾਲੀ ਆਗੂਆਂ ਨੇ ਇਕਬਾਲ ਸਿੰਘ ਝੂੰਦਾਂ ਦੀ ਰਿਪੋਰਟ ਤਾਰੀਫ਼ ਕੀਤੀ । ਉਨ੍ਹਾਂ ਕਿਹਾ ਕਿ ਇਸ ਰਿਪੋਰਟ ਨੂੰ ਲਾਗੂ ਕਰਨ ਤੋਂ ਪਹਿਲਾਂ 2 ਵਾਰ ਬੈਠਕ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ​​ਕਰਨ ਲਈ ਸਾਬਕਾ ਵਿਧਾਇਕ ਜਗਮੀਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਹਿਮ ਸੁਝਾਅ ਦਿੱਤੇ ਹਨ। ਜਗਮੀਤ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ​​ਕਰਨ ਲਈ ਸਾਨੂੰ ਸਾਰਿਆਂ ਨੂੰ ਆਪਣੇ ਅਹੁਦਿਆਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ, ਕੋਰ ਕਮੇਟੀ, ਪੀ. ਏ. ਸੀ. ਸਾਰੇ ਅਹੁਦੇਦਾਰਾਂ, ਜ਼ਿਲ੍ਹਾ ਜਥੇਦਾਰਾਂ ਅਤੇ ਸਾਰੀਆਂ ਮੋਹਰੀ ਜਥੇਬੰਦੀਆਂ ਨੂੰ ਆਪਣੇ ਅਸਤੀਫ਼ੇ ਪਾਰਟੀ ਦੇ ਸਕੱਤਰ ਜਨਰਲ ਨੂੰ ਸੌਂਪਣੇ ਚਾਹੀਦੇ ਹਨ। ਬਰਾੜ ਨੇ ਕਿਹਾ ਕਿ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪੰਥ ਦੀ ਪੂਰਨ ਏਕਤਾ ਲਿਆਉਣ ਲਈ ਅਹਿਮ ਸਿੱਖ ਆਗੂਆਂ ਨਾਲ ਤਾਲਮੇਲ ਕਰਨਾ ਚਾਹੀਦਾ ਹੈ। ਪਾਰਟੀ ਦੀ ਮਜ਼ਬੂਤੀ ਲਈ ਸੀਨੀਅਰ ਸਿੱਖ ਆਗੂਆਂ/ਅਕਾਲੀ ਲਈ ਹਮਦਰਦੀ ਰੱਖਣ ਵਾਲਿਆਂ ਦੀਆਂ ਸੇਵਾਵਾਂ ਨਿੱਜੀ ਤੌਰ ’ਤੇ ਮਿਲ ਕੇ ਲਈਆਂ ਜਾਣ।

ਇਹ ਵੀ ਪੜ੍ਹੋ : ਵੱਖ-ਵੱਖ ਕੋਰਸਾਂ ਦੇ ਦਾਖ਼ਲਾ ਟੈਸਟਾਂ ਦੀ ਤਾਰੀਖ਼ ਇਕੋ ਦਿਨ ਹੋਣ ਕਾਰਨ ਉਲਝੇ ਵਿਦਿਆਰਥੀ, ਕੀਤੀ ਇਹ ਮੰਗ

ਜ਼ਿਕਰਯੋਗ ਹੈ ਕਿ ਇਹ ਸੁਝਾਅ ਬਰਾੜ ਵੱਲੋਂ ਦੋ ਮਹੀਨੇ ਪਹਿਲਾਂ ਦਿੱਤੇ ਗਏ ਸਨ, ਜਿਸ ’ਚ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਵੀ ਵਿਸ਼ੇਸ਼ ਤੌਰ ਤੇ ਕਿਹਾ ਗਿਆ ਕਿ ਸੰਗਰੂਰ ਜ਼ਿਮਨੀ ਚੋਣ ਲਈ ਅਕਾਲੀ ਦਲ ਨੂੰ ਪੰਜਾਬ ਨੂੰ ਵਿਸ਼ੇਸ਼ ਦਰਜਾ ਦੇਣ ਦੇ ਮੁੱਖ ਮੁੱਦੇ ’ਤੇ ਆਪਣੇ ਚੋਣ ਨਿਸ਼ਾਨ ’ਤੇ ਲੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਸ਼ਾਂਤੀ ਸਭ ਤੋਂ ਵੱਡਾ ਮੁੱਦਾ ਹੋਣਾ ਚਾਹੀਦਾ ਹੈ। ਇਹ ਲੱਗਭਗ ਤਿੰਨ ਕਰੋੜ ਪੰਜਾਬੀਆਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਸ਼ਾਮਲ ਕਰਨ ਲਈ ਸਾਡੇ ਸਭ ਤੋਂ ਸਮਾਵੇਸ਼ੀ ਏਜੰਡੇ ਲਈ ਇਕ ਸੁਨਹਿਰੀ ਸ਼ੁਰੂਆਤ ਹੋਵੇਗੀ। ਬਰਾੜ ਨੇ ਸੁਖਬੀਰ ਬਾਦਲ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ 16, 17 ਅਕਤੂਬਰ, 1973 ਨੂੰ 11 ਮੈਂਬਰੀ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਆਨੰਦਪੁਰ ਸਾਹਿਬ ਦਾ ਮੂਲ ਮਤਾ ਆਉਣ ਵਾਲੇ 25 ਸਾਲਾਂ ਦਾ ਮੁੱਖ ਏਜੰਡਾ ਹੋਣਾ ਚਾਹੀਦਾ ਹੈ। ਇਸ ਮਤੇ ਨੂੰ ਪਾਸ ਹੋਏ 49 ਸਾਲ ਹੋ ਗਏ ਹਨ ਅਤੇ ਅਸੀਂ ਸਿੱਖਾਂ ਦੇ ਇਸ ਪਵਿੱਤਰ ਤੇ ਮੁੱਦੇ ਆਧਾਰਿਤ ਏਜੰਡੇ ’ਤੇ ਇਕ ਇੰਚ ਵੀ ਅੱਗੇ ਨਹੀਂ ਵਧੇ। ਇਹ ਮਤਾ ਦੇਸ਼ ਦੇ 13 ਸੂਬਿਆਂ ਨੂੰ ਪਹਿਲਾਂ ਹੀ ਪ੍ਰਦਾਨ ਕੀਤੇ ਗਏ ਵਿਸ਼ੇਸ਼ ਦਰਜੇ ਵਾਂਗ ਪੰਜਾਬ ਲਈ ਵਿਸ਼ੇਸ਼ ਦਰਜੇ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ। ਪੰਜਾਬ ਨੂੰ ਮੌਜੂਦਾ ਵਿੱਤੀ ਐਮਰਜੈਂਸੀ ’ਚੋਂ ਬਾਹਰ ਕੱਢਣ ਦਾ ਇਹੀ ਇਕੋ-ਇਕ ਰਸਤਾ ਹੈ। ਉਨ੍ਹਾਂ ਕਿਹਾ ਕਿ ਮੁਫ਼ਤਖੋਰੀ ਵਾਲਾ ਏਜੰਡਾ ਪੰਜਾਬ ਨੂੰ ਹੋਰ ਬਰਬਾਦ ਕਰ ਦੇਵੇਗਾ। ਜਗਮੀਤ ਬਰਾੜ ਨੇ ਕਿਹਾ ਕਿ ਸਾਨੂੰ ਵੰਡਣ ਵਾਲੇ ਅਤੇ ਵੱਖਰੇ ਏਜੰਡੇ ਦੇ ਕਿਸੇ ਵੀ ਜਾਲ ’ਚ ਨਹੀਂ ਫਸਣਾ ਚਾਹੀਦਾ। ਸੰਗਰੂਰ ਤੋਂ ਚੋਣ ਲੜ ਕੇ ਕਿਸੇ ਵੀ ਵਿਅਕਤੀ ਨੂੰ ਉਮੀਦਵਾਰ ਬਣਾਉਣ ਲਈ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਚੱਲਣ ਲਈ ਪਾਰਟੀ ਨੂੰ ‘ਸਰਬੱਤ ਦਾ ਭਲਾ’ ਸਿਧਾਂਤਾਂ ਦੀ ਪਾਲਣਾ ਕਰਨੀ ਪਵੇਗੀ।

ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਮਾਝਾ, ਮਾਲਵਾ ਅਤੇ ਦੋਆਬਾ ਪੱਟੀ ’ਚੋਂ ਤਿੰਨ ਕਾਰਜਕਾਰੀ ਪ੍ਰਧਾਨਾਂ ਦਾ ਐਲਾਨ ਕੀਤਾ ਜਾਵੇ। ਮੈਂ ਪੰਜ ਨਾਵਾਂ ਦੇ ਪੈਨਲ ਦਾ ਸੁਝਾਅ ਦਿੰਦਾ ਹਾਂ, ਜਿਸ ’ਤੇ ਤੁਸੀਂ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨਾਲ ਸਲਾਹ ਕਰਕੇ ਫ਼ੈਸਲਾ ਕਰ ਸਕਦੇ ਹੋ। ਸਾਡੇ ਤਿੰਨ ਵਿਧਾਇਕ ਕੋਰ ਕਮੇਟੀ ’ਚ ਇਨਵਾਇਟੀ ਹੋਣੇ ਚਾਹੀਦੇ ਹਨ ਅਤੇ ਸਾਨੂੰ ਔਰਤਾਂ ਅਤੇ ਰਾਖਵੇਂ ਵਰਗ ਨੂੰ ਨੁਮਾਇੰਦਗੀ ਦੇਣ ਦੀ ਲੋੜ ਹੈ। ਮਾਲਵਾ ਖੇਤਰ ’ਚੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਦੋਆਬਾ ਖੇਤਰ ’ਚੋਂ ਗੁਰਪ੍ਰਤਾਪ ਸਿੰਘ ਵਡਾਲਾ, ਮਾਝਾ ਖੇਤਰ ’ਚੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਰਵੀਕਰਨ ਸਿੰਘ ਕਾਹਲੋਂ ਨੂੰ ਕਾਰਜਕਾਰੀ ਪ੍ਰਧਾਨ ਬਣਾਉਣਾ ਚਾਹੀਦਾ ਹੈ।

ਬਰਾੜ ਨੇ ਕਿਹਾ ਕਿ ਸਾਨੂੰ ਤੁਰੰਤ 11 ਮੈਂਬਰੀ ਸੰਸਦੀ ਬੋਰਡ ਦਾ ਗਠਨ ਕਰਨਾ ਚਾਹੀਦਾ ਹੈ। ਇਸ ’ਚ ਘੱਟੋ-ਘੱਟ ਦੋ ਔਰਤਾਂ, ਦੋ ਐੱਸ. ਸੀ. ਵਰਗ ਨਾਲ ਸਬੰਧਿਤ ਆਗੂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਦੋ ਆਗੂ ਹੋਣੇ ਚਾਹੀਦੇ ਹਨ। ਇਸ ਮਹੱਤਵਪੂਰਨ ਬੋਰਡ ’ਚ ਇਕ ‘ਸਹਿਜਧਾਰੀ’ ਸਿੱਖ ਵੀ ਹੋਣਾ ਚਾਹੀਦਾ ਹੈ। ਸਾਨੂੰ ਉਨ੍ਹਾਂ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜੋ ਗੁਰੂ ਨਾਨਕ ਮਹਾਰਾਜ ਦੇ ਸੰਕਲਪ ਅਤੇ ਫ਼ਲਸਫ਼ੇ  ‘ਨਾਮ ਜਪੋ’ ‘ਕਿਰਤ ਕਰੋ’ ਤੇ ‘ਵੰਡ’ ਛਕੋ ’ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਦਾ ਕਾਰਜਕਾਲ ਕਿਸੇ ਵੀ ਹਾਲਤ ’ਚ ਦਸ ਸਾਲ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਹ ਬੋਰਡ ਭਾਈਚਾਰੇ ਨੂੰ ਯੋਗ ਅਗਵਾਈ ਕਰਨ ਦੀ ਅਗਲੀ ਫ਼ਸਲ ਦੇਵੇਗਾ, ਜੋ ਲੱਗਭਗ ਵੱਖਰੀ ਅਤੇ ਗ਼ੈਰ-ਮੌਜੂਦ ਹੋ ਗਈ ਹੈ, ਇਹ ਸਖ਼ਤ ਫ਼ੈਸਲਾ ਸਾਡੀ ਪਾਰਟੀ ਦੀ ਸਥਾਪਨਾ ’ਚ ਸਭ ਤੋਂ ਵੱਡੇ ਸੁਧਾਰਾਂ ’ਚੋਂ ਇਕ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਨੂੰ ‘ਪਰਿਵਾਰਵਾਦ’ ਤੋਂ ਦੂਰ ਰਹਿਣ ਲਈ ਭਵਿੱਖ ’ਚ ‘ਇਕ ਪਰਿਵਾਰ ਲਈ ਇਕ ਟਿਕਟ’ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਭਵਿੱਖ ’ਚ ਐੱਸ.ਜੀ.ਪੀ.ਸੀ. ਚੋਣਾਂ ਸਮੁੱਚੇ ਸਿੱਖਾਂ ਨੂੰ ਵਿਸ਼ਵ ਪੱਧਰ ’ਤੇ ਇਕਜੁੱਟ ਕਰਨ ਦੇ ਏਜੰਡੇ ’ਤੇ ਲੜੀਆਂ ਜਾਣੀਆਂ ਚਾਹੀਦੀਆਂ ਹਨ।

ਪੰਥਕ ਏਕਤਾ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਂਦੀ ਜਾਵੇ ਅਤੇ ਮੈਂ ਇਸ ਸਬੰਧੀ ਜਥੇਬੰਦੀ ਨੂੰ ਆਪਣੀਆਂ ਸੇਵਾਵਾਂ ਭੇਟ ਕਰਦਾ ਹਾਂ। ਮੈਂ ਬਹੁਤ ਦ੍ਰਿੜ੍ਹ ਵਿਚਾਰ ਰੱਖਦਾ ਹਾਂ ਕਿ ਜੋ ਸਾਨੂੰ ਛੱਡ ਕੇ ਚਲੇ ਗਏ ਹਨ, ਵਾਪਸ ਘਰ ਪਰਤ ਸਕਦੇ ਹਨ। ਮੈਂ ਤੁਹਾਨੂੰ ਅਤੇ ਪੰਥ ਨੂੰ ਕੁਝ ਨਾਂ ਸੁਝਾਉਂਦਾ ਹਾਂ, ਜਿਵੇਂ ਕਿ ਰਵਿੰਦਰ ਸਿੰਘ ਸਾਬਕਾ ਸਪੀਕਰ, ਸੁਖਦੇਵ ਸਿੰਘ ਢੀਂਡਸਾ, ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ, ਬਲਵੰਤ ਸਿੰਘ ਰਾਮੂਵਾਲੀਆ, ਬਰਨਾਲਾ ਪਰਿਵਾਰ, ਤਲਵੰਡੀ ਪਰਿਵਾਰ, ਟੌਹੜਾ ਸਾਹਿਬ ਦੀ ਵਿਰਾਸਤ, ਸੁਖਦੇਵ ਸਿੰਘ ਭੌਰ, ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਪਰਿਵਾਰ, ਦਿੱਲੀ ਦੇ ਸਰਨਾ ਪਰਿਵਾਰ, ਮਨਜੀਤ ਸਿੰਘ ਜੀ. ਕੇ. ਅਤੇ ਹੋਰ ਬਹੁਤ ਸਾਰੇ ਆਗੂ। ਸਾਡੇ ਕੋਲ ਮਾਸਟਰ ਤਾਰਾ ਸਿੰਘ ਦੀ ਪੋਤੀ ਕਿਰਨਜੋਤ ਕੌਰ ਸਭ ਤੋਂ ਹੁਸ਼ਿਆਰ ਮਹਿਲਾ ਆਗੂ ਸਨ, ਜਿਨ੍ਹਾਂ ਨੇ ਅਕਾਲੀ ਦਲ ਦੀ ਸ਼ਾਨਦਾਰ ਅਗਵਾਈ ਕੀਤੀ। ਸਾਨੂੰ ਉਨ੍ਹਾਂ ਨੂੰ ਇਕ ਅਜਿਹਾ ਕੱਦ ਅਤੇ ਰੁਤਬਾ ਪ੍ਰਦਾਨ ਕਰਨਾ ਚਾਹੀਦਾ ਹੈ, ਜੋ ਪਰਿਵਾਰ, ਮਰਹੂਮ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਪਰਿਵਾਰ ਦੇ ਯੋਗਦਾਨ ਦੇ ਅਨੁਕੂਲ ਹੋਵੇ, ਜਿਨ੍ਹਾਂ ਨੇ ਸਿੱਖ ਪੰਥ ਨੂੰ ਸੰਕਟ ਦੌਰਾਨ ਸੰਗਠਿਤ ਕੀਤਾ ਸੀ। ਪਾਰਟੀ ’ਚ ਸਤਿਕਾਰਯੋਗ ਸਿੱਖ ਸੰਤਾਂ, ਵਿਦਵਾਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਪਾਰਟੀ ਲੀਡਰਸ਼ਿਪ ਨੂੰ ਉਨ੍ਹਾਂ ਦੇ ਸਥਾਨਾਂ ’ਤੇ ਜਾ ਕੇ ਮਿਲਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਘਰ ਆਉਣ ਦੀ ਬੇਨਤੀ ਕਰਨੀ ਚਾਹੀਦੀ ਹੈ। ਬਰਾੜ ਨੇ ਕਿਹਾ ਕਿ ਅਗਵਾਈ ਪ੍ਰਦਾਨ ਕਰਨ ਵਾਲੀ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਨਰਸਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਹੈ, ਇਸ ਲਈ ਇਸ ਸੰਗਠਨ ਨੂੰ ਤੁਰੰਤ ਮੁੜ ਸੁਰਜੀਤ ਕਰਨ ਦਾ ਰਾਹ ਤੈਅ ਕਰਨਾ ਚਾਹੀਦਾ ਹੈ। ਕਾਲਜਾਂ/ਯੂਨੀਵਰਸਿਟੀਆਂ ’ਚ ਪੜ੍ਹ ਰਹੇ ਵਿਦਿਆਰਥੀ ਹੀ ਇਸ ਦੇ ਮੈਂਬਰ ਤੇ ਅਹੁਦੇਦਾਰ ਹੋਣੇ ਚਾਹੀਦੇ ਹਨ। ਪਾਰਟੀ ਹੈੱਡਕੁਆਰਟਰ ਨੂੰ ਤੁਰੰਤ ‘ਸਿਫ਼ਤੀ ਦਾ ਘਰ’ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤਬਦੀਲ ਕੀਤਾ ਜਾਵੇ। ਸਾਰੀਆਂ ਅਹਿਮ ਮੀਟਿੰਗਾਂ ਅੰਮ੍ਰਿਤਸਰ ਵਿਖੇ ਹੋਣੀਆਂ ਚਾਹੀਦੀਆਂ ਹਨ। 


author

Manoj

Content Editor

Related News