ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਗਮੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਦਿੱਤੇ ਅਹਿਮ ਸੁਝਾਅ

08/11/2022 7:54:19 PM

ਚੰਡੀਗੜ੍ਹ (ਬਿਊਰੋ) : ਪੰਜਾਬ 'ਚ ਆਪਣਾ ਅਧਾਰ ਗੁਆ ਚੁੱਕੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਾਬਕਾ ਵਿਧਾਇਕ ਜਗਮੀਤ ਬਰਾੜ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਚਿੱਠੀ ਲਿੱਖ ਕੇ ਸੱਤ ਸੁਝਾਅ ਦਿੱਤੇ ਹਨ। ਉਹ ਸੱਤ ਸੁਝਾਅ ਹਨ-
* ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਅਸੀਂ ਸਾਰੇ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦੇਈਏ। ਪ੍ਰਧਾਨ, ਕੋਰ ਕਮੇਟੀ, ਸਿਆਸੀ ਮਾਮਲਿਆਂ ਬਾਰੇ ਕਮੇਟੀ, ਸਾਰੇ ਅਹੁਦੇਦਾਰ, ਜ਼ਿਲ੍ਹਾ ਜਥੇਦਾਰ ਅਤੇ ਸਾਰੀਆਂ ਮੁਹਰੈਲ ਜਥੇਬੰਦੀਆਂ ਦੇ ਅਹੁਦੇਦਾਰ ਆਪੋ ਆਪਣੇ ਅਸਤੀਫ਼ੇ ਪਾਰਟੀ ਦੇ ਸਕੱਤਰ ਜਨਰਲ (ਪਾਰਟੀ ਦੇ ਮੁੱਖ ਸਰਪ੍ਰਸਤ) ਨੂੰ ਸੌਂਪ ਦੇਈਏ।

* ਪੰਥ ਅੰਦਰ ਮੁਕੰਮਲ ਏਕਤਾ ਕਰਨ ਵਾਸਤੇ ਆਰਜ਼ੀ ਤੌਰ ’ਤੇ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪ੍ਰਮੁੱਖ ਸਿੱਖ ਆਗੂਆਂ ਨਾਲ ਤਾਲਮੇਲ ਕਰਨਾ ਚਾਹੀਦਾ ਹੈ। ਇਸ ਮਨੋਰਥ ਲਈ ਸੀਨੀਅਰ ਸਿੱਖ ਆਗੂਆਂ/ਅਕਾਲੀ ਹਮਦਰਦਾਂ ਨੂੰ ਨਿੱਜੀ ਰੂਪ ਵਿਚ ਮਿਲਣਾ ਚਾਹੀਦਾ ਹੈ।

* ਅਨੰਦਪੁਰ ਸਾਹਿਬ ਦਾ ਮੂਲ ਮਤਾ ਆਉਣ ਵਾਲੇ 25 ਸਾਲਾਂ ਲਈ ਪਾਰਟੀ ਦਾ ਮੁੱਖ ਏਜੰਡਾ ਹੋਣਾ ਚਾਹੀਦਾ ਹੈ ਜੋ 11 ਮੈਂਬਰੀ ਕਮੇਟੀ ਵਲੋਂ 16-17 ਅਕਤੂਬਰ 1973 ਨੂੰ ਅਨੰਦਪੁਰ ਸਾਹਿਬ ਵਿਖੇ ਤਿਆਰ ਕੀਤਾ ਗਿਆ ਸੀ। ਇਸ ਮਤੇ ਨੂੰ 49 ਸਾਲਾਂ ਦਾ ਅਰਸਾ ਬੀਤ ਚੁੱਕਿਆ ਹੈ ਪਰ ਅਸੀਂ ਸਿੱਖਾਂ ਦੇ ਇਸ ਪਾਵਨ ਤੇ ਮੁੱਦਾ ਆਧਾਰਿਤ ਏਜੰਡੇ ’ਤੇ ਇੰਚ ਮਾਤਰ ਵੀ ਅਗਾਂਹ ਨਹੀਂ ਵਧ ਸਕੇ। ਅਨੰਦਪੁਰ ਸਾਹਿਬ ਦਾ ਮਤਾ ਬਿਲਕੁੱਲ ਵੀ ਦੇਸ਼ ਵਿਰੋਧੀ ਨਹੀਂ ਹੈ ਜਿਵੇਂ ਕਿ ਪੰਜਾਬ ਦੋਖੀ ਤੇ ਸਿੱਖ ਦੋਖੀ ਸ਼ਕਤੀਆਂ ਵਲੋਂ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ। ਇਹ ਮਤਾ ਪੰਜਾਬ ਨੂੰ ਵਿਸ਼ੇਸ਼ ਦਰਜਾ ਦੇਣ ’ਤੇ ਜ਼ੋਰ ਦਿੰਦਾ ਹੈ ਜਿਵੇਂ ਕਿ ਦੇਸ਼ ਦੇ 13 ਸੂਬਿਆਂ ਨੂੰ ਪਹਿਲਾਂ ਹੀ ਦਿੱਤਾ ਜਾ ਚੁੱਕਿਆ ਹੈ। ਸਾਡੇ ਦੋ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ। ਪੰਜਾਬ ਨੂੰ ਜਿਹੋ ਜਿਹੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ’ਚੋਂ ਨਿਕਲਣ ਦਾ ਇਹ ਇਕੋ ਇਕ ਰਾਹ ਹੈ। ਰਿਆਇਤਾਂ ਤੇ ‘ਮੁਫ਼ਤਖੋਰੀ’ ਦਾ ਏਜੰਡਾ ਪੰਜਾਬ ਨੂੰ ਤਬਾਹ ਕਰ ਦੇਵੇਗਾ।

* ਮਾਝਾ, ਦੁਆਬਾ ਅਤੇ ਮਾਲਵਾ ਖਿੱਤਿਆਂ ਲਈ ਤਿੰਨ ਵਰਕਿੰਗ ਪ੍ਰਧਾਨਾਂ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ। ਮੈਂ ਪੰਜ ਨਾਵਾਂ ਦੇ ਪੈਨਲ ਦਾ ਸੁਝਾਅ ਦਿੰਦਾ ਹਾਂ ਜਿਨ੍ਹਾਂ ਬਾਰੇ ਤੁਸੀਂ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨਾਲ ਸਲਾਹ ਮਸ਼ਵਰਾ ਕਰ ਕੇ ਤੈਅ ਕਰ ਸਕਦੇ ਹੋ। ਕੋਰ ਕਮੇਟੀ ਲਈ ਸਾਡੇ ਤਿੰਨ ਵਿਧਾਇਕ ਵਿਸ਼ੇਸ਼ ਮਹਿਮਾਨ (ਇਨਵਾਇਟੀ) ਹੋਣੇ ਚਾਹੀਦੇ ਹਨ ਅਤੇ ਔਰਤਾਂ ਤੇ ਰਾਖਵੇਂ ਵਰਗਾਂ ਨੂੰ ਵੀ ਨੁਮਾਇੰਦਗੀ ਦਿੱਤੀ ਜਾਣੀ ਚਾਹੀਦੀ ਹੈ।
1. ਮਾਲਵਾ ਖਿੱਤਾ : ਮਨਪ੍ਰੀਤ ਸਿੰਘ ਇਯਾਲੀ
2. ਦੁਆਬਾ ਖਿੱਤਾ : ਗੁਰਪ੍ਰਤਾਪ ਸਿੰਘ ਵਡਾਲਾ
3. ਮਾਝਾ ਖਿੱਤਾ : ਰਵੀ ਕਿਰਨ ਸਿੰਘ ਕਾਹਲੋਂ

* ਸਾਨੂੰ ਫ਼ੌਰੀ ਤੌਰ ’ਤੇ ਇਕ ਗਿਆਰਾਂ ਮੈਂਬਰੀ ਸੰਸਦੀ ਬੋਰਡ ਕਾਇਮ ਕਰਨਾ ਚਾਹੀਦਾ ਹੈ। ਇਸ ਵਿਚ ਘੱਟੋਘੱਟ ਦੋ ਔਰਤਾਂ, ਦੋ-ਦੋ ਅਨੁਸੂਚਿਤ ਜਾਤੀ ਤੇ ਪੱਛੜੇ ਵਰਗਾਂ ਦੇ ਆਗੂ ਸ਼ਾਮਲ ਹੋਣੇ ਚਾਹੀਦੇ ਹਨ। ਇਕ ਸਹਿਜਧਾਰੀ ਸਿੱਖ ਨੂੰ ਵੀ ਇਸ ਅਹਿਮ ਬੋਰਡ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ। ਸਾਨੂੰ ਗੁਰੂ ਨਾਨਕ ਮਹਾਰਾਜ ਦੇ ਸੰਦੇਸ਼ ਤੇ ਦਰਸ਼ਨ -ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੇ ਸਿਧਾਂਤ ਵਿਚ ਭਰੋਸਾ ਰੱਖਣ ਵਾਲੇ ਪਰਿਵਾਰਾਂ ਦਾ ਸਾਥ ਲੈਣਾ ਚਾਹੀਦਾ ਹੈ ਜਿਸ ਦਾ ਜ਼ਿਕਰ ਅਨੰਦਪੁਰ ਸਾਹਿਬ ਦੇ ਮਤੇ ਵਿਚ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਜੀਠੀਆ ਦੀ ਜ਼ਮਾਨਤ ਨਾਲ ਸੁਖਬੀਰ ਨੂੰ ਮਿਲੇਗੀ ਵੱਡੀ ਰਾਹਤ

* ਪਾਰਟੀ ਦੇ ਪ੍ਰਧਾਨ ਦਾ ਕਾਰਜਕਾਲ ਕਿਸੇ ਵੀ ਸੂਰਤ ਵਿਚ ਦਸ ਸਾਲਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਭਾਈਚਾਰੇ ਨੂੰ ਯੋਗ ਲੀਡਰਸ਼ਿਪ ਦੀ ਨਵੀਂ ਪਨੀਰੀ ਮਿਲ ਸਕੇਗੀ ਜੋ ਇਸ ਵੇਲੇ ਲਗਭਗ ਗਾਇਬ ਹੋ ਚੁੱਕੀ ਹੈ। ਇਹ ਸਖ਼ਤ ਫ਼ੈਸਲਾ ਸਾਡੇ ਪਾਰਟੀ ਦੇ ਢਾਂਚੇ ਵਿਚ ਸਭ ਤੋਂ ਵੱਡੇ ਸੁਧਾਰਾਂ ਵਿਚ ਸ਼ੁਮਾਰ ਹੋਵੇਗਾ। ਸ੍ਰੋਮਣੀ ਅਕਾਲੀ ਦਲ ਨੂੰ ‘ਪਰਿਵਾਰਵਾਦ’ ਤੋਂ ਖਹਿੜਾ ਛੁਡਾਉਣ ਲਈ ਭਵਿੱਖ ਵਿਚ ਇਕ ਪਰਿਵਾਰ ਲਈ ਇਕ ਟਿਕਟ ਦਾ ਨੇਮ ਲਾਗੂ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੀਆਂ ਚੋਣਾਂ ਦੁਨੀਆ ਭਰ ਵਿਚ ਵਸਦੇ ਸਮੂਹ ਸਿੱਖ ਭਾਈਚਾਰੇ, ਸਿੱਖੀ ਤੇ ਗੁਰੂ ਸਾਹਿਬਾਨ ਦੇ ਮਹਾਨ ਉਪਦੇਸ਼ਾਂ ’ਤੇ ਭਰੋਸਾ ਰੱਖਣ ਵਾਲੇ ਉਨ੍ਹਾਂ ਸਭਨਾਂ ਲੋਕਾਂ ਨੂੰ ਇਕਮੁੱਠ ਕਰਨ ਦੇ ਸਰਬਸਾਂਝੇ ਏਜੰਡੇ ’ਤੇ ਲੜਨੀਆਂ ਚਾਹੀਦੀਆਂ ਹਨ ਜੋ ਗੁਰੂ ਗ੍ਰੰਥ ਸਾਹਿਬ ਨੂੰ ‘ਹਾਜ਼ਰਾ ਹਜ਼ੂਰ’, ‘ਸਰਬ ਕਲਾ ਭਰਪੂਰ’, ‘ਕਲਯੁਗ ਕੀ ਬੋਹਿਤ’ ਮੰਨਦੇ ਹਨ। ਹਜ਼ਾਰਾਂ ਗ਼ੈਰ-ਸਿੱਖ ਪਰਿਵਾਰ ਹਨ ਜੋ ਹਰ ਰੋਜ਼ ਗੁਰਦੁਆਰਿਆਂ ਵਿਚ ਮੱਥਾ ਟੇਕਦੇ ਹਨ ਤੇ ਜਪੁਜੀ ਸਾਹਿਬ ਦਾ ਪਾਠ ਕਰਦੇ ਹਨ।

* ਪੰਥਕ ਏਕਤਾ ਦੇ ਅਮਲ ਵਿਚ ਤੇਜੀ ਲਿਆਉਣੀ ਚਾਹੀਦੀ ਹੈ ਅਤੇ ਮੈਂ ਇਸ ਮੁਤੱਲਕ ਜਥੇਬੰਦੀ ਲਈ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕਰਦਾ ਹਾਂ। ਮੇਰਾ ਇਹ ਦ੍ਰਿੜ ਮੱਤ ਹੈ ਕਿ ਸਾਡੇ ਨਾਲੋਂ ਵੱਖ ਹੋਏ ਹੇਠ ਲਿਖੇ ਪ੍ਰਮੁੱਖ ਆਗੂ ਵਾਪਸ ਲਿਆਂਦੇ ਜਾ ਸਕਦੇ ਹਨ ਜਿਨ੍ਹਾਂ ਵਿਚ ਸਾਬਕਾ ਸਪੀਕਰ ਸਰਦਾਰ ਰਵੀਇੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਬੀਰਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਬਰਨਾਲਾ ਪਰਿਵਾਰ, ਤਲਵੰਡੀ ਪਰਿਵਾਰ, ਜਥੇਦਾਰ ਟੌਹੜਾ ਦੀ ਵਿਰਾਸਤ, ਸੁਖਦੇਵ ਸਿੰਘ ਭੌਰ, ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਪਰਿਵਾਰ, ਦਿੱਲੀ ਤੋਂ ਸਰਨਾ ਭਰਾ, ਮਨਜੀਤ ਸਿੰਘ ਜੀਕੇ ਤੇ ਹੋਰ ਬਹੁਤ ਸਾਰੇ ਆਗੂ ਸ਼ਾਮਲ ਹਨ। ਸਾਡੇ ਕੋਲ ਬਹੁਤ ਹੀ ਤੀਖਣ ਬੁੱਧੀ ਦੀ ਮਾਲਕ ਇਸਤਰੀ ਆਗੂ ਬੀਬਾ ਕਿਰਨਜੋਤ ਕੌਰ ਹਨ ਜੋ ਅਕਾਲੀ ਦਲ ਦੀ ਸ਼ਾਨਾਮੱਤੀ ਅਗਵਾਈ ਕਰਨ ਵਾਲੇ ਮਾਸਟਰ ਤਾਰਾ ਸਿੰਘ ਜੀ ਦੀ ਪੋਤਰੀ ਹਨ। ਸਾਨੂੰ ਉਨ੍ਹਾਂ ਦੇ ਪਰਿਵਾਰ ਦੀ ਘਾਲਣਾ ਮੁਤਾਬਕ ਉਨ੍ਹਾਂ ਨੂੰ ਅਤੇ ਸਿੱਖ ਪੰਥ ਨੂੰ ਆਪਣੇ ਵੱਡੇ ਸੰਕਟ ਕਾਲ ਦੌਰਾਨ ਜਥੇਬੰਦ ਕਰਨ ਵਾਲੇ ਮਰਹੂਮ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਪਰਿਵਾਰ ਨੂੰ ਢੁਕਵਾਂ ਰੁਤਬਾ ਤੇ ਅਹੁਦਾ ਦੇਣਾ ਚਾਹੀਦਾ ਹੈ। ਸਤਿਕਾਰਤ ਸਿੱਖ ਸੰਤਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਲੀਡਰਸ਼ਿਪ ਨੂੰ ਉਨ੍ਹਾਂ ਦੇ ਅਸਥਾਨਾਂ ’ਤੇ ਪਹੁੰਚ ਕੇ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਘਰ ਵਾਪਸੀ ਦੀ ਬੇਨਤੀ ਕਰਨੀ ਚਾਹੀਦੀ ਹੈ।

* ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਕਾਲੀ ਦਲ ਲਈ ਨਵੀਂ ਲੀਡਰਸ਼ਿਪ ਪੈਦਾ ਕਰਨ ਦੀ ਵਿਚਾਰਧਾਰਾ ਤੇ ਨਰਸਰੀ ਤਿਆਰ ਕਰਨ ਦਾ ਕੰਮ ਕਰਦੀ ਰਹੀ ਹੈ। ਸਾਨੂੰ ਇਸ ਜਥੇਬੰਦੀ ਨੂੰ ਸੁਰਜੀਤ ਕਰਨ ਲਈ ਫ਼ੌਰੀ ਯਤਨ ਵਿੱਢਣੇ ਚਾਹੀਦੇ ਹਨ। ਕੇਵਲ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਵਿਦਿਆਰਥੀ ਹੀ ਇਸ ਦੇ ਮੈਂਬਰ ਤੇ ਅਹੁਦੇਦਾਰ ਹੋਣੇ ਚਾਹੀਦੇ ਹਨ। ਪਾਰਟੀ ਦਾ ਹੈੱਡਕੁਆਰਟਰ ‘ਸਿਫ਼ਤੀ ਦੇ ਘਰ’ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤਬਦੀਲ ਕੀਤਾ ਜਾਵੇ। ਸਾਰੀਆਂ ਅਹਿਮ ਮੀਟਿੰਗਾਂ ਅੰਮ੍ਰਿਤਸਰ ਵਿਖੇ ਹੋਣੀਆਂ ਚਾਹੀਦੀਆਂ ਹਨ। ਹਾਲਾਂਕਿ ਪੱਥਰਾਂ ਦਾ ਸ਼ਹਿਰ ਚੰਡੀਗੜ੍ਹ ਇਮਾਰਤ ਕਲਾ ਦਾ ਨਮੂਨਾ ਮੰਨਿਆ ਜਾਂਦਾ ਹੈ ਪਰ ਇਹ ਸ਼ਹਿਰ ਸਾਡੇ ਸਾਹਮਣੇ ਸਾਡੇ ਮਹਾਨ ਤੇ ਸ਼ਾਨਾਮੱਤੇ ਵਿਰਸੇ ਤੇ ਇਤਿਹਾਸ ਅਤੇ ਅਸਾਡੇ ਅਕਾਲੀਆਂ ਵਲੋਂ 101 ਸਾਲਾਂ ਦੇ ਇਤਿਹਾਸ ਦੌਰਾਨ ਕੀਤੀਆਂ ਮਹਾਨ ਕੁਰਬਾਨੀਆਂ ਦੀ ਝਲਕ ਪੇਸ਼ ਨਹੀਂ ਕਰਦਾ।


Harnek Seechewal

Content Editor

Related News