ਬੰਤ ਸਿੰਘ ਝੱਬਰ ਤੋਂ ਜਗਮੇਲ ਤੱਕ ਨਹੀਂ ਬਦਲੀ ਦਲਿਤਾਂ ਦੀ ਤਕਦੀਰ

11/18/2019 3:51:33 PM

ਚੰਡੀਗੜ੍ਹ (ਰਮਨਜੀਤ) : ਮਾਨਸਾ ਜ਼ਿਲੇ ਦੇ ਪਿੰਡ ਝੱਬਰ ਦਾ ਦਲਿਤ ਖੇਤ ਮਜ਼ਦੂਰ ਬੰਤ ਸਿੰਘ ਝੱਬਰ ਹੋਵੇ ਜਾਂ ਫਿਰ ਤਾਜ਼ਾ ਮਾਮਲੇ 'ਚ ਉੱਚੀ ਜਾਤ ਦੀ ਹੈਂਕੜ ਦਾ ਸ਼ਿਕਾਰ ਬਣਿਆ ਜਗਮੇਲ ਸਿੰਘ। ਪੰਜਾਬ 'ਚ 33 ਫੀਸਦੀ ਆਬਾਦੀ ਹੋਣ ਦੇ ਬਾਵਜੂਦ ਵੀ ਦਲਿਤ ਵਰਗ ਦੇ ਲੋਕਾਂ ਦੀ ਤਕਦੀਰ ਨਹੀਂ ਬਦਲੀ ਹੈ। ਅਜੇ ਵੀ ਕਥਿਤ 'ਨੀਚ ਜਾਤੀ' ਹੋਣ ਦਾ ਅਹਿਸਾਸ ਦਿਵਾਉਣ ਲਈ ਉੱਚੀ ਜਾਤੀ ਕਹਾਉਣ ਵਾਲਿਆਂ ਵਲੋਂ ਪਿਸ਼ਾਬ ਪੀਣ ਲਈ ਮਜਬੂਰ ਕਰਨ ਵਰਗੀਆਂ ਘਿਨੌਣੀਆਂ ਹਰਕਤਾਂ ਹੋ ਰਹੀਆਂ ਹਨ। ਭਾਵੇਂ ਉਹ ਬੰਤ ਸਿੰਘ ਝੱਬਰ ਨਾਲ ਬੁਰੀ ਤਰ੍ਹਾਂਂ ਕੁੱਟਮਾਰ ਕਰਨ ਦਾ ਮਾਮਲਾ ਹੋਵੇ, ਜਿਸ 'ਚ ਉਸ ਦੀਆਂ ਦੋਵੇਂ ਬਾਹਾਂ ਅਤੇ ਇਕ ਲੱਤ ਕੱਟਣੀ ਪਈ ਜਾਂ ਫਿਰ ਇਸ ਤਾਜ਼ਾ ਮਾਮਲੇ 'ਚ ਜਗਮੇਲ ਸਿੰਘ ਦੀਆਂ ਲੱਤਾਂ ਤੋਂ ਮਾਸ ਨੋਚਣ ਦੀ ਘਟਨਾ ਹੋਵੇ। ਪੁਲਸ ਅਤੇ ਡਾਕਟਰਾਂ ਵਲੋਂ ਦੇਰੀ ਨਾਲ ਕੀਤੀ ਜਾਣ ਵਾਲੀ ਕਾਰਵਾਈ 'ਤੇ ਅਜੇ ਵੀ ਸਵਾਲ ਉਸੇ ਤਰ੍ਹਾਂ ਖੜ੍ਹੇ ਹੋ ਰਹੇ ਹਨ।

ਇਹ ਸਿਰਫ਼ ਸੰਯੋਗ ਹੀ ਮੰਨਿਆ ਜਾਵੇਗਾ ਕਿ ਮਾਨਸਾ ਦੇ ਬੰਤ ਸਿੰਘ ਝੱਬਰ ਨੂੰ ਪਿੰਡ ਦੇ ਬਾਹਰ ਫੜ ਕੇ ਜਦੋਂ ਸੱਤ ਲੋਕਾਂ ਨੇ ਹਮਲਾ ਕੀਤਾ ਸੀ ਅਤੇ ਮਰਿਆ ਹੋਇਆ ਸਮਝ ਕੇ ਛੱਡ ਦਿੱਤਾ ਸੀ, ਉਸ ਸਮੇਂ ਵੀ ਰਾਜ 'ਚ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਹੀ ਸਰਕਾਰ ਸੀ। ਇਹ ਘਟਨਾ 7 ਜਨਵਰੀ, 2006 ਨੂੰ ਵਾਪਰੀ ਸੀ ਅਤੇ ਦੋਸ਼ ਇਹ ਵੀ ਸੀ ਕਿ ਹਮਲਾਵਰਾਂ ਦਾ ਸਬੰਧ ਕਾਂਗਰਸ ਪਾਰਟੀ ਨਾਲ ਸੀ। ਸੱਤਾ ਦਾ ਨਸ਼ਾ ਉਕਤ ਹਮਲਾਵਰਾਂ 'ਤੇ ਇੰਨਾ ਚੜ੍ਹਿਆ ਹੋਇਆ ਸੀ ਕਿ ਉਨ੍ਹਾਂ ਨੇ ਪਿੰਡ 'ਚ ਝੱਬਰ ਦੇ ਇਕ ਸਾਥੀ ਨੂੰ ਫੋਨ ਕਰ ਕੇ ਉਸ ਦੀ ਲਾਸ਼ ਚੁੱਕ ਕੇ ਲਿਜਾਣ ਲਈ ਵੀ ਕਹਿ ਦਿੱਤਾ ਸੀ ਪਰ ਬਾਅਦ 'ਚ ਪਤਾ ਲੱਗਿਆ ਸੀ ਕਿ ਝੱਬਰ ਇਸ ਹਮਲੇ ਨੂੰ ਝੱਲ ਗਿਆ ਸੀ ਅਤੇ ਡਾਕਟਰਾਂ ਵਲੋਂ ਉਸ ਦੀਆਂ ਦੋਵੇਂ ਬਾਹਾਂ ਅਤੇ ਇਕ ਲੱਤ ਨੂੰ ਕੱਟ ਕੇ ਉਸ ਦੀ ਜਾਨ ਬਚਾ ਲਈ ਗਈ ਸੀ। ਉਦੋਂ ਤੋਂ ਤਿੱਖੀ ਚੁੱਭਣ ਭਰੀਆਂ ਕਵਿਤਾਵਾਂ ਅਤੇ ਗੀਤ ਲਿਖਣ ਵਾਲਾ ਬੰਤ ਸਿੰਘ ਝੱਬਰ ਪੰਜਾਬ 'ਚ ਦਲਿਤ ਸੰਘਰਸ਼ ਦੀ ਕ੍ਰਾਂਤੀਵਾਦੀ ਆਵਾਜ਼ ਬਣਿਆ ਹੋਇਆ ਹੈ।

ਤਾਜ਼ਾ ਘਟਨਾ 'ਚ ਲਹਿਰਾ ਦੇ ਨਜ਼ਦੀਕੀ ਪਿੰਡ ਚੰਗਾਲੀਵਾਲਾ ਦੇ ਨੌਜਵਾਨ ਜਗਮੇਲ ਸਿੰਘ 'ਤੇ ਹੋਇਆ ਜ਼ੁਲਮ ਵੀ ਉਕਤ ਮਾਮਲੇ ਦੀ ਯਾਦ ਦਿਵਾ ਗਿਆ ਕਿ 12-13 ਸਾਲ ਲੰਘਣ ਦੇ ਬਾਵਜੂਦ ਵੀ ਸੂਬੇ 'ਚ ਨਿਆਂ ਵਿਵਸਥਾ 'ਚ ਕੁੱਝ ਜ਼ਿਆਦਾ ਬਦਲਾਅ ਨਹੀਂ ਆਇਆ ਹੈ। ਹਸਪਤਾਲਾਂ ਦੇ ਡਾਕਟਰਾਂ ਵਲੋਂ ਉਸ ਦਾ ਇਲਾਜ ਕਰਨ 'ਚ ਨਾਂਹ-ਨੁੱਕਰ ਕਰਨ ਅਤੇ ਪੁਲਸ ਵਲੋਂ ਘਟਨਾ ਦੇ 6 ਦਿਨ ਬਾਅਦ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਵੀ ਕਾਰਵਾਈ 'ਚ ਢਿੱਲ ਵਰਤਣ ਦੇ ਗੰਭੀਰ ਦੋਸ਼ ਸਰਕਾਰ ਦੇ ਸਾਹਮਣੇ ਜਵਾਬ ਲਈ ਵੱਡਾ ਮੂੰਹ ਖੋਲ੍ਹੇ ਖੜ੍ਹੇ ਹਨ। ਉਮੀਦ ਹੈ ਕਿ ਯੂਰਪ ਤੋਂ ਵਾਪਸ ਆਉਣ ਤੋਂ ਬਾਅਦ 'ਸਰਕਾਰ' ਇਸ 'ਤੇ ਕੋਈ ਜਵਾਬ ਦੇ ਸਕੇਗੀ।

ਅਜਿਹਾ ਨਹੀਂ ਹੈ ਕਿ ਸਿਰਫ਼ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਹੋਣ ਸਮੇਂ ਹੀ ਦਲਿਤ ਜ਼ੁਲਮ ਦਾ ਮਾਮਲਾ ਸਾਹਮਣੇ ਆਇਆ ਹੋਵੇ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਸ਼ਿਵ ਲਾਲ ਡੋਡਾ ਅਤੇ ਉਨ੍ਹਾਂ ਦੇ 23 ਹੋਰ ਸਾਥੀ ਇੰਝ ਹੀ ਭਿਆਨਕ ਕਤਲ ਦੇ ਮਾਮਲੇ 'ਚ ਸਜ਼ਾਯਾਫ਼ਤਾ ਹਨ। ਅਬੋਹਰ ਦੇ ਭੀਮ ਸੈਨ ਟਾਂਕ ਹੱਤਿਆਕਾਂਡ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਪੰਜਾਬ ਦੀ ਸੱਤਾ 'ਤੇ ਕਾਬਜ਼ ਸੀ। ਸ਼ਰਾਬ ਦੇ ਵੱਡੇ ਵਪਾਰੀ ਸ਼ਿਵ ਲਾਲ ਡੋਡਾ ਦਾ ਰੁਤਬਾ ਇੰਨਾ ਵੱਡਾ ਸੀ ਕਿ ਸਿਆਸੀ ਉਬਾਲ ਆਉਣ ਤੋਂ ਬਾਅਦ ਭਾਵੇਂ ਹੀ ਉਸ ਦੀ ਗ੍ਰਿਫ਼ਤਾਰੀ ਹੋ ਗਈ ਸੀ ਪਰ ਬਾਅਦ 'ਚ ਇਹ ਵੀ ਖੁਲਾਸਾ ਹੋਇਆ ਸੀ ਕਿ ਜੇਲ ਦੇ ਅੰਦਰ ਵੀ ਡੋਡਾ 'ਲੋਕ ਦਰਬਾਰ' ਲਾ ਕੇ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਾ ਸੀ। ਹਾਲਾਂਕਿ ਇਹ ਖੁਲਾਸਾ ਹੋਣ ਤੋਂ ਬਾਅਦ ਸਰਕਾਰ ਨੂੰ ਸਖ਼ਤੀ ਵਰਤਣੀ ਪਈ ਅਤੇ 11 ਦਸੰਬਰ, 2015 ਦੀ ਇਸ ਘਟਨਾ ਸਬੰਧੀ ਅਗਸਤ, 2019 'ਚ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਡੋਡਾ ਸਮੇਤ 24 ਨੂੰ ਉਮਰਕੈਦ ਦੀ ਸਜ਼ਾ ਸੁਣਾਈ।


Anuradha

Content Editor

Related News