ਜਗਮੇਲ ਕਤਲ ਕਾਂਡ 'ਤੇ ਜਾਣੋ ਕੀ ਬੋਲੇ ਪ੍ਰੇਮ ਸਿੰਘ ਚੰਦੂਮਾਜਰਾ

Tuesday, Nov 19, 2019 - 05:36 PM (IST)

ਜਗਮੇਲ ਕਤਲ ਕਾਂਡ 'ਤੇ ਜਾਣੋ ਕੀ ਬੋਲੇ ਪ੍ਰੇਮ ਸਿੰਘ ਚੰਦੂਮਾਜਰਾ

ਪਟਿਆਲਾ (ਇੰਦਰਜੀਤ ਬਖਸ਼ੀ)—ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਕੀਤੀ ਗਈ ਹੱਤਿਆ ਦੇ ਮਾਮਲੇ 'ਚ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ 'ਚ ਇਸ ਸਮੇਂ ਸਿਵਲ ਵਾਰ ਦੀ ਸਥਿਤੀ ਬਣੀ ਹੋਈ ਹੈ ਅਤੇ ਸਰਕਾਰ ਦਾ ਖੌਫ ਕਿਸੇ 'ਚ ਵੀ ਨਹੀਂ ਦਿੱਸ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਅਤੇ ਇਕ ਸਰਕਾਰੀ ਨੌਕਰੀ ਦੇਣੀ ਸੀ ਤਾਂ ਇਹ ਪਹਿਲਾਂ ਹੀ ਕਿਉਂ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕਿਉਂ ਉਸ ਦੀ ਬਜ਼ੁਰਗ ਮਾਂ ਸਮੇਤ ਪੂਰੇ ਪਰਿਵਾਰ ਨੂੰ 3 ਦਿਨ ਧਰਨੇ ਪ੍ਰਦਰਸ਼ਨ ਕਰਨ ਲਈ ਉਥੇ ਬੈਠਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਹਿਲਾਂ ਹੀ ਕੁਝ ਐਲਾਨ ਕਰ ਦਿੰਦੀ ਤਾਂ ਪਰਿਵਾਰ ਨੂੰ ਧਰਨੇ 'ਤੇ ਨਾ ਬੈਠਣਾ ਪੈਂਦਾ। 

ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ 'ਤੇ ਸਿਆਸਤ ਨਾ ਕਰਨ ਦੀ ਕਹੀ ਗਈ ਗੱਲ ਦਾ ਜਵਾਬ ਦਿੰਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦੂਜੀਆਂ ਪਾਰਟੀਆਂ ਨੂੰ ਮੌਕਾ ਹੀ ਕਿਉਂ ਦਿੰਦੀ ਹੈ ਜੇਕਰ ਉਹ ਪਹਿਲਾ ਹੀ ਪੰਜਾਬ ਦੇ ਹਾਲਾਤ ਸੁਧਾਰ ਦਿੰਦੇ ਤਾਂ ਸਾਨੂੰ ਮੌਕਾ ਹੀ ਨਹੀਂ ਮਿਲਦਾ। ਚੰਦੂਮਾਦਰਾ ਅੱਜ ਪਟਿਆਲਾ ਦੇ ਐੱਸ. ਐੱਸ. ਪੀ. ਨੂੰ ਵੀ ਮਿਲੇ ਅਤੇ ਰਾਜਪੁਰਾ ਦੇ ਪਿੰਡ ਤਖਤੁ ਮਾਜਰਾ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਥਾਣੇ ਅੰਦਰ ਪਿੰਡ ਦੇ ਵਿਅਕਤੀ ਦੀ ਪੱਗ ਨੂੰ ਉਤਾਰਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਗਾਲ੍ਹਾਂ ਕੱਢੀਆਂ ਗਈਆਂ ਸਨ। ਇਸ ਤੋਂ ਬਾਅਦ ਜੇਕਰ ਪਿੰਡ ਵਾਲਿਆਂ ਵੱਲੋਂ ਕੋਈ ਐਕਸ਼ਨ ਲਿਆ ਗਿਆ ਤਾਂ ਪੁਲਸ ਨੇ ਸਾਰੇ ਪਿੰਡ 'ਚ ਹੀ ਖੌਫ ਪੈਦਾ ਕਰਦਿੱਤਾ। ਉਨ੍ਹਾਂ ਕਿਹਾ ਜਿਨ੍ਹਾਂ ਨੇ ਕਾਨੂੰਨ ਖਿਲਾਫ ਕੰਮ ਕੀਤਾ ਉਨ੍ਹਾਂ ਖਿਲਾਫ ਕਾਰਵਾਈ ਹੋਵੇ ਪਰ ਬਿਨਾ ਵਜ੍ਹਾ ਪਿੰਡ ਦੇ ਲੋਕਾਂ ਨੂੰ ਵੀ ਪ੍ਰੇਸ਼ਾਨ ਨਾ ਕੀਤਾ ਜਾਵੇ।


author

shivani attri

Content Editor

Related News