ਆੜਤੀ ਜਗਜੀਤ ਸਿੰਘ ਆਤਮ ਹੱਤਿਆ ਕਾਂਡ : ਆੜ੍ਹਤੀਆਂ ਨੇ ਪੀੜਤ ਪਰਿਵਾਰ ਸਮੇਤ ਕੀਤਾ ਚੱਕਾ ਜਾਮ
Thursday, Dec 05, 2019 - 08:55 PM (IST)

ਬਟਾਲਾ/ਘੁਮਾਣ/ਟਾਂਡਾ, (ਬੇਰੀ, ਸਰਬਜੀਤ): ਅੱਜ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਵੱਲੋਂ ਦਿੱਤੇ ਸੱਦੇ 'ਤੇ ਪੰਜਾਬ ਭਰ ਤੋਂ ਆਏ ਆੜ੍ਹਤੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਮ੍ਰਿਤਕ ਆੜ੍ਹਤੀ ਜਗਜੀਤ ਸਿੰਘ ਘੁਮਾਣ ਦੇ ਪਰਿਵਾਰਕ ਮੈਂਬਰਾਂ ਨਾਲ ਬਿਆਸ ਦਰਿਆ ਦੇ ਮੇਨ ਪੁਲ 'ਤੇ ਸਥਿਤ ਟਾਂਡਾ-ਗੁਰਦਾਸਪੁਰ ਰੋਡ ਉਪਰ ਲਗਾਤਾਰ ਤਿੰਨ ਘੰਟੇ ਧਰਨਾ ਦਿੱਤਾ ਅਤੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਚੱਕਾ ਜਾਮ ਕੀਤਾ।
ਇਸ ਦੌਰਾਨ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰੀ ਅਧਿਕਾਰੀ ਅਤੇ ਰਾਜਨੀਤਕ ਮ੍ਰਿਤਕ ਆੜ੍ਹਤੀ ਜਗਜੀਤ ਸਿੰਘ ਆਤਮ-ਹੱਤਿਆ ਕਾਂਡ ਵਿਚ ਸ਼ਾਮਲ ਅਧਿਕਾਰੀਆਂ ਤੋਂ ਰਿਸ਼ਵਤ ਲੈਂਦੇ ਹਨ, ਇਸ ਲਈ ਉਹ ਸਬੰਧਤ ਜ਼ਿੰਮੇਵਾਰ ਅਧਿਕਾਰੀਆਂ ਨੂੰ ਗ੍ਰਿਫਤਾਰ ਨਹੀਂ ਹੋਣ ਦੇ ਰਹੇ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਦੀ ਕੁਰਬਾਨੀ ਜਾਇਆ ਨਹੀਂ ਜਾਣ ਦਿੱਤੀ ਜਾਵੇਗੀ ਅਤੇ ਜੇਕਰ ਸਬੰਧਤ ਅਧਿਕਾਰੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ।
ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਹੁਣ ਨਿਆ ਦੀ ਕੋਈ ਵੀ ਉਮੀਦ ਨਹੀਂ ਰਹੀ, ਇਸ ਲਈ ਉਹ ਰਾਜਪਾਲ ਪੰਜਾਬ ਨੂੰ ਮਿਲ ਕੇ ਗੁਰਦਾਸਪੁਰ ਜ਼ਿਲੇ ਵਿਚ ਹੁੰਦੀ ਕਿਸਾਨਾਂ ਅਤੇ ਆੜ੍ਹਤੀਆਂ ਦੀ ਲੁੱਟ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕਰਨਗੇ। ਇਸ ਮੌਕੇ ਮ੍ਰਿਤਕ ਦਾ ਭਰਾ ਸੁਖਜਿੰਦਰ ਸਿੰਘ ਲਾਲੀ, ਬੇਟਾ ਅਵਨੀਤਪਾਲ ਸਿੰਘ, ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਪਾਠ, ਕੁਲਤਾਰ ਸਿੰਘ ਸੰਧਵਾਂ ਵਿਧਾਇਕ 'ਆਪ', ਅਮਰਿੰਦਰ ਸਿੰਘ ਅੰਮੂ ਚੀਮਾ, ਮੰਗਲ ਸਿੰਘ, ਡਾ. ਜਗਬੀਰ ਸਿੰਘ ਧਰਮਸੌਤ, ਮਲਕੀਤ ਸਿੰਘ, ਕਸ਼ਮੀਰ ਸਿੰਘ, ਸਰਦੂਲ ਸਿੰਘ, ਅਵਤਾਰ ਸਿੰਘ ਤਰਨਤਾਰਨ, ਸ਼ਾਮ ਲਾਲ ਮਾਨਸਾ, ਗੁਰਪਾਲ ਸਿੰਘ, ਜਤਿੰਦਰ ਮਹਿਰਾ, ਹਰਬੰਸ ਸਿੰਘ, ਅਮਰੀਕ ਧਾਰੀਵਾਲ, ਲਖਬੀਰ ਬੈਂਸ ਸਰਹਿੰਦ, ਅਵਤਾਰ ਸਿੰਘ ਰੋਪੜ, ਦਲਜੀਤ ਸੰਗਰੂਰ, ਸੁਖਜਿੰਦਰ ਸਿੰਘ, ਸੁਧੀਰ ਸੂਦ ਪ੍ਰਧਾਨ ਹੁਸ਼ਿਆਰਪੁਰ, ਸ਼ੇਰਪ੍ਰਤਾਪ ਸਿੰਘ ਦਸੂਹਾ ਪ੍ਰਧਾਨ, ਸ਼ਿਵਦੇਵ ਸਿੰਘ ਪ੍ਰਧਾਨ ਰਜੋਆ, ਨਵਜੋਤ ਸਿੰਘ, ਕਿਸ਼ੋਰੀ ਲਾਲ ਪ੍ਰਧਾਨ, ਮਨਜਿੰਦਰ ਸਿੰਘ ਪ੍ਰਧਾਨ ਨਵਾਂ ਸ਼ਹਿਰ, ਨੈਬ ਸਿੰਘ ਪ੍ਰਧਾਨ ਚਮਕੌਰ ਸਾਹਿਬ, ਸੁਖਦੇਵ ਸਿੰਘ ਦਕੋਹਾ, ਤ੍ਰਿਲੋਕ ਸਿੰਘ, ਪਰਮਿੰਦਰ ਪੱਡਾ, ਰਾਜਨਬੀਰ ਸਿੰਘ, ਹਰਬੰਸ ਸਿੰਘ, ਤਰਸੇਮ ਲਾਲ ਪ੍ਰਧਾਨ, ਸੰਤੋਖ ਸਿੰਘ ਆਦਿ ਮੌਜੂਦ ਸਨ।
DSP ਤੇ ਨਾਇਬ ਤਹਿਸੀਲਦਾਰ ਦੇ ਭਰੋਸੇ ਤੋਂ ਬਾਅਦ ਚੁੱਕਿਆ ਧਰਨਾ
ਇਸ ਦੌਰਾਨ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਲਈ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਪ੍ਰਦੀਪ ਕੁਮਾਰ ਨੇ ਭਰੋਸਾ ਦਿੱਤਾ ਕਿ ਪੁਲਸ ਨਿਰੰਤਰ ਛਾਪੇਮਾਰੀ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀ ਪੁਲਸ ਹਿਰਾਸਤ ਵਿਚ ਹੋਣਗੇ, ਜਿਸ ਤੋਂ ਬਾਅਦ ਧਰਨਕਾਰੀਆਂ ਨੇ 3 ਘੰਟੇ ਤੋਂ ਲੱਗਾ ਧਰਨਾ ਚੁੱਕਦੇ ਹੋਏ ਜਾਮ ਖੋਲ੍ਹ ਦਿੱਤਾ।