ਕਿਸਾਨ ਪ੍ਰਦਰਸ਼ਨ 'ਚ ਜ਼ਖ਼ਮੀ ਹੋਏ SP ਦਾ ਹਾਲ-ਚਾਲ ਪੁੱਛਣ ਪੁੱਜੇ ਜਗਜੀਤ ਸਿੰਘ ਡੱਲੇਵਾਲ
Sunday, Mar 28, 2021 - 07:45 PM (IST)
ਮਲੋਟ,(ਜੁਨੇਜਾ)- ਮਲੋਟ ਵਿਖੇ ਕੱਲ ਭਾਜਪਾ ਵਿਧਾਇਕ ਦੇ ਵਿਰੋਧ ਮੌਕੇ ਹੋਈ ਹਿੰਸਕ ਘਟਨਾਂ ਵਿਚ ਜਖ਼ਮੀ ਹੋਏ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਸ ਕਪਤਾਨ ਹੈੱਡਕੁਆਟਰ ਗੁਰਮੇਲ ਸਿੰਘ ਦਾ ਹਾਲ ਪੁੱਛਣ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਪੁੱਜੇ। ਇਸ ਮੌਕੇ ਡੱਲੇਵਾਲ ਨੇ ਪੁਲਸ ਅਧਿਕਾਰੀ ਗੁਰਮੇਲ ਸਿੰਘ ਨਾਲ ਲੰਬਾਂ ਸਮਾਂ ਗੱਲਬਾਤ ਕੀਤੀ ਅਤੇ ਉਹਨਾਂ ਦਾ ਹਾਲ ਚਾਲ ਪੁੱਛਿਆ ਅਤੇ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੱਲੇਵਾਲ ਨੇ ਕਿਹਾ ਕਿ ਇਨਸਾਨੀਅਤ ਨਾਤੇ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਪੁਲਸ ਅਧਿਕਾਰੀ ਦਾ ਪਤਾ ਲੈਣ ਆਈਏ ਅਤੇ ਨਾਲ ਇਹ ਵੀ ਵੇਖਣ ਆਏ ਹਨ ਕਿ ਉਹਨਾਂ ਨੂੰ ਕਿੰਨੀ ਸੱਟ ਲੱਗੀ ਹੈ। ਉਹਨਾਂ ਕਿਹਾ ਕਿ ਉਹ ਐੱਸ.ਐੱਸ.ਪੀ. ਨੂੰ ਵੀ ਮਿਲੇ ਹਨ ਅਤੇ ਉਹਨਾਂ ਕਿਹਾ ਕਿ ਕਿਸੇ ਕਿਸਾਨ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਨਾਂ ਵਿਰੋਧ ਪ੍ਰਦਰਸ਼ਨਾਂ ਵਿਚ ਕਿਸਾਨਾਂ ਨਾਲ ਆਮ ਲੋਕ ਵੀ ਰਲ ਜਾਂਦੇ ਹਨ ਕਿਉਂਕਿ ਹੁਣ ਇਹ ਅੰਦੋਲਨ ਕਿਸਾਨਾਂ ਦਾ ਨਹੀਂ ਸਗੋਂ ਜਨ ਅੰਦੋਲਨ ਬਣ ਗਿਆ ਹੈ । ਡੱਲੇਵਾਲ ਨੇ ਕਿਹਾ ਇਸ ਘਟਨਾਂ ਵਿਚ ਪੁਲਸ ਜਿਆਦਾ ਜਿੰਮੇਵਾਰ ਹੈ ਜਿੰਨੇ ਹਾਲਾਤਾਂ ਅਨੁਸਾਰ ਢੁਕਵੇਂ ਪ੍ਰਬੰਧ ਨਹੀਂ ਕੀਤੇ। ਉਹਨਾਂ ਕਿਹਾ ਭਾਜਪਾ ਦੇ ਆਗੂ ਗਲਤ ਬਿਆਨਬਾਜੀ ਕਰਕੇ ਅਜਿਹਾ ਮਹੌਲ ਬਨਾਉਂਦੇ ਹਨ । ਉਹਨਾਂ ਕਿਹਾ ਭਾਵੇਂ ਇਹ ਘਟਨਾ ਮਾੜੀ ਹੋਈ ਹੈ ਪਰ ਕੱਲ ਗੁਜਰਾਤ ਵਿਚ ਪ੍ਰੈਸ ਕਾਨਫਰੰਸ ਕਰ ਰਹੇ ਕਿਸਾਨ ਆਗੂਆਂ ਨੂੰ ਪੁਲਸ ਨੇ ਜੇਲ ਵਿਚ ਸੁੱਟ ਦਿੱਤਾ ਅਤੇ ਅਜਿਹੀਆਂ ਗੱਲਾਂ ਕਾਰਨ ਆਮ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ। ਉਹਨਾਂ ਕਿਹਾ ਮੋਦੀ ਨੂੰ ਬਿਨਾਂ ਦੇਰੀ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।