ਮੇਅਰ ਜਗਦੀਸ਼ ਰਾਜਾ ਨੇ ਮੰਨਿਆ, ਨਿਗਮ ''ਚ ਵਿੱਤੀ ਸੰਕਟ, ਅਫਸਰ ਵੀ ਢਿੱਲੇ

07/26/2019 5:49:15 PM

ਜਲੰਧਰ (ਖੁਰਾਣਾ)— ਪਿਛਲੇ ਕਰੀਬ ਡੇਢ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਰਜਕਾਲ ਨਗਰ ਨਿਗਮ ਲਈ ਬਹੁਤਾ ਚੰਗਾ ਨਹੀਂ ਰਿਹਾ ਅਤੇ ਨਾ ਹੀ ਸ਼ਹਿਰ ਨੂੰ ਦਰਪੇਸ਼ ਸਮੱਸਆਵਾਂ ਵਿਚ ਕੋਈ ਕਮੀ ਆਈ। ਇਸ ਕਾਰਜਕਾਲ ਨੂੰ ਲੈ ਕੇ ਸ਼ਹਿਰ 'ਚ ਸਿਆਸੀ ਉਤਾਰ-ਚੜ੍ਹਾਅ ਵੀ ਦੇਖਣ ਨੂੰ ਮਿਲੇ। ਇਸ ਦੌਰਾਨ ਜਦੋਂ ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨਗਰ ਨਿਗਮ ਦੀ ਕਾਰਜਸ਼ੈਲੀ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ ਅਤੇ ਸਾਫ ਸ਼ਬਦਾਂ 'ਚ ਕਿਹਾ ਕਿ ਵਿੱਤੀ ਸੰਕਟ ਅਤੇ ਜ਼ਿਆਦਾਤਰ ਅਫਸਰਾਂ ਦੀ ਢਿੱਲੀ ਕਾਰਜਸ਼ੈਲੀ ਕਾਰਣ ਨਗਰ ਨਿਗਮ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ, ਜਿਨ੍ਹਾਂ ਨੂੰ ਪਟੜੀ 'ਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੇਸ਼ ਹਨ ਮੇਅਰ ਜਗਦੀਸ਼ ਰਾਜਾ ਨਾਲ ਕੀਤੀ ਗਈ ਗੱਲਬਾਤ ਦੇ ਮੁੱਖ ਅੰਸ਼-

ਮਹਿੰਗੇ ਪ੍ਰਾਜੈਕਟਾਂ ਨਾਲ ਗੜਬੜਾਇਆ ਵਿੱਤੀ ਸੰਕਟ
ਮੇਅਰ ਰਾਜਾ ਨੇ ਦੱਸਿਆ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਉਸ ਸਮੇਂ ਦੇ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਿਰਦੇਸ਼ਾਂ 'ਤੇ ਨਿਗਮ 'ਚ ਕਈ ਅਜਿਹੇ ਪ੍ਰਾਜੈਕਟ ਸ਼ੁਰੂ ਕਰ ਦਿੱਤੇ ਗਏ ਜੋ ਨਿਗਮ ਦੀ ਹੈਸੀਅਤ ਤੋਂ ਕਾਫੀ ਮਹਿੰਗੇ ਸਨ। ਉਨ੍ਹਾਂ ਪ੍ਰਾਜੈਕਟਾਂ ਲਈ ਫੰਡ ਦਾ ਇੰਤਜ਼ਾਮ ਕੀਤੇ ਬਿਨਾਂ ਨਿਗਮ 'ਤੇ ਉਹ ਖਰਚੇ ਲੱਦ ਦਿੱਤੇ ਗਏ, ਜਿਸ ਕਾਰਣ ਸਾਰਾ ਆਰਥਿਕ ਸੰਤੁਲਨ ਵਿਗੜ ਗਿਆ। ਮਿਸਾਲ ਵਜੋਂ ਕੁਝ ਮੇਨ ਸੜਕਾਂ ਦੀ ਸਫਾਈ ਲਈ 50 ਲੱਖ ਰੁਪਏ ਮਹੀਨੇ 'ਤੇ ਸਵੀਪਿੰਗ ਮਸ਼ੀਨਾਂ ਦਾ ਕਿਰਾਇਆ ਬੇਹੱਦ ਮਹਿੰਗਾ ਪ੍ਰਾਜੈਕਟ ਸੀ, ਜਿਸ ਦੀ ਬਜਾਏ ਸਸਤਾ ਪ੍ਰਾਜੈਕਟ ਲਿਆਂਦਾ ਜਾ ਸਕਦਾ ਸੀ। ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਬਕਾਇਆਂ ਦੀ ਗਿਣਤੀ ਕਾਫੀ ਸੀ, ਜਿਨ੍ਹਾਂ ਨੂੰ ਹੁਣ ਵਸੂਲਿਆ ਜਾ ਰਿਹਾ ਹੈ ਪਰ ਅਦਾਲਤੀ ਰੁਕਾਵਟਾਂ ਕਾਰਣ ਮੁਸ਼ਕਲਾਂ ਵੀ ਆ ਰਹੀਆਂ ਹਨ।

PunjabKesari

ਰੋਡ ਸਵੀਪਿੰਗ ਮਸ਼ੀਨਾਂ
ਮੇਅਰ ਰਾਜਾ ਨੇ ਕਿਹਾ ਕਿ ਅਕਾਲੀ-ਭਾਜਪਾ ਦਾ ਰੋਡ ਸਵੀਪਿੰਗ ਪ੍ਰਾਜੈਕਟ ਕਾਫੀ ਮਹਿੰਗਾ ਸੀ ਅਤੇ ਖਾਸ ਕੰਪਨੀ ਨੂੰ ਫਾਇਦਾ ਦੇਣ ਲਈ ਤਿਆਰ ਕੀਤਾ ਗਿਆ ਸੀ, ਜਿਸ ਨੂੰ ਰੱਦ ਕਰਕੇ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਨਵਾਂ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਪਿਛਲੇ ਪ੍ਰਾਜੈਕਟ ਤਹਿਤ ਨਿਗਮ ਨੇ ਜਿੱਥੇ ਕੰਪਨੀ ਦੀਆਂ ਸਵੀਪਿੰਗ ਮਸ਼ੀਨਾਂ ਦਾ 30 ਕਰੋੜ ਰੁਪਏ ਕਿਰਾਇਆ ਦੇਣਾ ਸੀ ਉਥੇ ਹੁਣ ਨਿਗਮ 3-4 ਕਰੋੜ ਰੁਪਏ ਦੀ ਲਾਗਤ ਨਾਲ ਆਪਣੀਆਂ ਦੋ ਸਵੀਪਿੰਗ ਮਸ਼ੀਨਾਂ ਖਰੀਦੇਗਾ ਅਤੇ ਕੰਪਨੀ ਕੋਲੋਂ ਉਨ੍ਹਾਂ ਨੂੰ ਚਲਾਵੇਗਾ। ਇਸ ਤਰ੍ਹਾਂ ਕਰੋੜਾਂ ਦੀ ਬੱਚਤ ਹੋਵੇਗੀ। ਜਲਦੀ ਹੀ ਮਸ਼ੀਨਾਂ ਖਰੀਦੀਆਂ ਜਾਣਗੀਆਂ ਜੋ ਨਿਗਮ ਦੀ ਪ੍ਰਾਪਰਟੀ ਬਣੀਆਂ ਰਹਿਣਗੀਆਂ।

PunjabKesari
ਸੁਪਰ ਸਕਸ਼ਨ ਮਸ਼ੀਨਾਂ
ਮੇਅਰ ਰਾਜਾ ਨੇ ਦੱਸਿਆ ਕਿ ਸ਼ਹਿਰ 'ਚ ਸੀਵਰ ਲਾਈਨਾਂ ਕਈ ਦਹਾਕੇ ਪੁਰਾਣੀਆਂ ਹਨ, ਜਿਨ੍ਹਾਂ 'ਚ ਇੰਨਾ ਗਾਰਾ ਜੰਮ ਚੁੱਕਾ ਹੈ ਕਿ ਸਿਰਫ ਕੁਝ ਹਿੱਸਾ ਹੀ ਵਾਟਰ ਫਲੋਅ ਦੇ ਕੰਮ ਆਉਂਦਾ ਹੈ। ਇਸ ਕਾਰਜਕਾਲ ਦੌਰਾਨ ਸ਼ਹਿਰ ਦੀਆਂ ਮੇਨ ਸੜਕਾਂ ਨੂੰ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਾਫ ਕਰਵਾਇਆ ਜਾ ਰਿਹਾ ਹੈ। ਭਾਵੇਂ ਅਜੇ ਤੱਕ 10-15 ਫੀਸਦੀ ਕੰਮ ਹੀ ਹੋਇਆ ਹੈ ਪਰ ਇਸ ਨਾਲ ਸੀਵਰੇਜ ਵਿਵਸਥਾ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਹੈ। ਸ਼ਹਿਰ ਵਿਚ ਇਨ੍ਹਾਂ ਸੜਕਾਂ 'ਤੇ ਪਹਿਲਾਂ ਹੀ ਬਰਸਾਤੀ ਪਾਣੀ ਘੰਟਿਆਂ ਬੱਧੀ ਖੜ੍ਹਾ ਰਹਿੰਦਾ ਹੈ ਪਰ ਹੁਣ ਇਸ ਸਮੇਂ 'ਚ ਕਾਫੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਛੋਟੀਆਂ ਅਤੇ ਬ੍ਰਾਂਚ ਸੀਵਰ ਲਾਈਨਾਂ ਨੂੰ ਵੀ ਛੋਟੀਆਂ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਾਫ ਕਰਵਾਇਆ ਜਾਵੇਗਾ। ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਸ਼ਹਿਰ ਦੀਆਂ ਸੀਵਰ ਲਾਈਨਾਂ ਨਵੀਆਂ ਲਾਈਨਾਂ ਵਾਂਗ ਹੋ ਜਾਣਗੀਆਂ।

ਸੀਵਰੇਜ ਵਿਵਸਥਾ
ਮੇਅਰ ਰਾਜਾ ਨੇ ਕਿਹਾ ਕਿ ਸ਼ਹਿਰ ਦੀ ਬਦਹਾਲ ਸੀਵਰ ਵਿਵਸਥਾ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ, ਜਿਸ ਨੂੰ ਸੁਚਾਰੂ ਕਰਨ ਦਾ ਕੰਮ ਜਾਰੀ ਹੈ। ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਪ੍ਰਣਾਲੀ ਨੂੰ ਕਾਫੀ ਫਰਕ ਪੈ ਰਿਹਾ ਹੈ। ਨਵੀਆਂ ਸੀਵਰ ਲਾਈਨਾਂ ਵੀ ਵਿਛਾਈਆਂ ਜਾ ਰਹੀਆਂ ਹਨ। ਮਕਸੂਦਾਂ ਮੰਡੀ ਕੋਲ ਸੀਵਰੇਜ ਡਿਸਪੋਜ਼ਲ ਬਣਾਉਣ ਦਾ ਕੰਮ ਅੰਤਿਮ ਪੜਾਅ ਵਿਚ ਹੈ, ਜਿਸ ਨਾਲ ਪੂਰੇ ਇਲਾਕੇ ਦੀ ਸੀਵਰੇਜ ਵਿਵਸਥਾ ਸੁਧਰੇਗੀ। ਇਸ ਤੋਂ ਇਲਾਵਾ ਸ਼ਾਮ ਨਗਰ ਵਿਚ ਰੇਲਵੇ ਲਾਈਨਾਂ ਦੇ ਹੇਠਾਂ ਪਾਇਆ ਜਾਣ ਵਾਲਾ ਸੀਵਰ ਕੁਨੈਕਸ਼ਨ ਵੀ ਜੋੜ ਦਿੱਤਾ ਗਿਆ ਹੈ, ਜਿਸ ਨਾਲ ਸਾਲਾਂ ਪੁਰਾਣੀ ਸਮੱਸਿਆ ਤੋਂ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲੇਗੀ।

PunjabKesari

ਪੀਣ ਵਾਲਾ ਪਾਣੀ
ਮੇਅਰ ਰਾਜਾ ਨੇ ਕਿਹਾ ਕਿ ਸ਼ਹਿਰ 'ਚ ਅਜੇ ਵੀ ਕੁਝ ਇਲਾਕਿਆਂ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਪਰ ਉਸ ਦਾ ਮੁੱਖ ਕਾਰਣ ਅੰਡਰ ਗਰਾਊਂਡ ਵਾਟਰ ਲੈਵਲ ਦਾ ਤੇਜ਼ੀ ਨਾਲ ਹੇਠਾਂ ਜਾਣਾ ਹੈ, ਜਿਸ ਲਈ ਕਈ ਟਿਊਬਵੈੱਲ ਰਿਪਲੇਸ ਕੀਤੇ ਗਏ ਹਨ ਅਤੇ ਕਾਫੀ ਨਵੇਂ ਲਾਏ ਗਏ ਹਨ। ਕੇਂਦਰ ਸਰਕਾਰ ਦੀ ਅਮਰੁਤ ਯੋਜਨਾ ਤਹਿਤ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਸੈਂਟਰਲ ਅਤੇ ਨਾਰਥ ਇਲਾਕੇ ਦੇ ਕਈ ਵਾਰਡਾਂ ਵਿਚ ਪਾਣੀ ਦੀਆਂ ਵਾਟਰ ਸਪਲਾਈ ਲਾਈਨਾਂ ਬਦਲੇ ਜਾਣ ਅਤੇ ਨਵੀਆਂ ਲਾਈਨਾਂ ਪਾਉਣ ਦਾ ਕੰਮ ਜਾਰੀ ਹੈ।

ਸਮਾਰਟ ਸਿਟੀ ਮਿਸ਼ਨ
ਮੇਅਰ ਰਾਜਾ ਨੇ ਮੰਨਿਆ ਕਿ ਅਧਿਕਾਰੀਆਂ ਦੇ ਢਿੱਲੇ ਰਵੱਈਏ ਕਾਰਣ ਸਮਾਰਟ ਸਿਟੀ ਮਿਸ਼ਨ ਤਹਿਤ ਕੰਮ ਸ਼ੁਰੂ ਹੋਣ 'ਚ ਦੇਰ ਹੋਈ ਪਰ ਹੁਣ ਸਮਾਰਟ ਸਿਟੀ ਦੇ ਕਈ ਕੰਮ ਚਾਲੂ ਹੋ ਗਏ ਹਨ। ਆਉਣ ਵਾਲੇ ਸਮੇਂ ਵਿਚ ਕਈ ਹੋਰ ਕੰਮ ਸ਼ੁਰੂ ਹੋਣ ਜਾ ਰਹੇ ਹਨ। ਜਲਦੀ ਹੀ ਲੋਕਾਂ ਨੂੰ ਇਨ੍ਹਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਮਿਸ਼ਨ ਦੇ ਤਹਿਤ ਜਲਦੀ ਹੀ ਏਰੀਆ ਬੇਸਡ ਡਿਵੈੱਲਪਮੈਂਟ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਤਹਿਤ ਡੀ. ਏ. ਵੀ. ਕਾਲਜ ਵਾਲੀ ਨਹਿਰ ਦਾ ਸੁੰਦਰੀਕਰਨ ਦਾ ਕੰਮ ਮੁੱਖ ਹੋਵੇਗਾ। ਇਸ ਤੋਂ ਇਲਾਵਾ ਸਾਰੇ ਚੌਰਾਹਿਆਂ ਨੂੰ ਸੁਧਾਰਣ ਤੇ ਪਾਰਕਾਂ ਦੀ ਡਿਵੈੱਲਪਮੈਂਟ ਦਾ ਕੰਮ ਵੀ ਮੁੱਖ ਤੌਰ 'ਤੇ ਜਾਰੀ ਹੈ।

PunjabKesari

ਐੱਲ. ਈ. ਡੀ. ਪ੍ਰਾਜੈਕਟ
ਮੇਅਰ ਰਾਜਾ ਨੇ ਕਿਹਾ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਸ਼ਹਿਰ ਦੀਆਂ ਸਾਰੀਆਂ 65000 ਸਟ੍ਰੀਟ ਲਾਈਟਾਂ ਨੂੰ ਐੱਲ. ਈ. ਡੀ. ਲਾਈਟਾਂ 'ਚ ਬਦਲਣ ਦਾ ਜੋ ਪ੍ਰਾਜੈਕਟ ਲਿਆਂਦਾ ਗਿਆ ਸੀ ਉਹ ਪ੍ਰਾਜੈਕਟ 274 ਕਰੋੜ ਰੁਪਏ ਦਾ ਸੀ ਪਰ ਹੁਣ ਸਮਾਰਟ ਸਿਟੀ ਮਿਸ਼ਨ ਤਹਿਤ ਹੀ ਅਜਿਹਾ ਪ੍ਰਾਜੈਕਟ ਲਿਆਇਆ ਜਾ ਰਿਹਾ ਹੈ, ਜਿਸ 'ਤੇ 46 ਕਰੋੜ ਰੁਪਏ ਦਾ ਖਰਚ ਆਵੇਗਾ। ਇਸ 'ਚੋਂ ਵੀ ਨਿਗਮ ਨੂੰ ਕਰੋੜਾਂ ਰੁਪਏ ਬਚਣਗੇ ਤੇ ਬਿਜਲੀ ਦੀ ਹੋ ਰਹੀ ਬੱਚਤ ਨਾਲ ਵੀ ਨਿਗਮ ਨੂੰ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਸਮਾਰਟ ਸਿਟੀ ਦੇ ਤਹਿਤ ਇਹ ਪ੍ਰਾਜੈਕਟ ਚਾਲੂ ਹੋ ਜਾਵੇਗਾ।

ਆਵਾਰਾ ਕੁੱਤੇ ਅਤੇ ਪਸ਼ੂ
ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਸ਼ਹਿਰ 'ਚ ਆਵਾਰਾ ਕੁੱਤੇ ਤੇ ਪਸ਼ੂਆਂ ਦੀ ਸਮੱਸਿਆ ਕਾਫੀ ਪੁਰਾਣੀ ਹੈ। ਉਨ੍ਹਾਂ ਚਾਰਜ ਸੰਭਾਲਦਿਆਂ ਹੀ ਸਭ ਤੋਂ ਪਹਿਲਾਂ ਇਸ ਵੱਲ ਧਿਆਨ ਦਿੱਤਾ। ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਪ੍ਰਾਈਵੇਟ ਕੰਪਨੀ ਦੇ ਹਵਾਲੇ ਕੀਤਾ ਗਿਆ ਜੋ ਹੁਣ ਤਕ 7000 ਦੇ ਕਰੀਬ ਕੁੱਤਿਆਂ ਦੀ ਨਸਬੰਦੀ ਕਰ ਚੁੱਕੀ ਹੈ। ਇਸ ਨਾਲ ਕੁੱਤਿਆਂ ਦੀ ਗਿਣਤੀ ਕੰਟਰੋਲ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਫਰੀਦਕੋਟ 'ਚ ਗਊਸ਼ਾਲਾ ਨਾਲ ਕਰਾਰ ਕੀਤਾ ਗਿਆ ਹੈ ਤੇ 100 ਤੋਂ ਵੱਧ ਪਸ਼ੂ ਉਥੇ ਭੇਜੇ ਜਾ ਚੁੱਕੇ ਹਨ। ਹਰ ਰੋਜ਼ ਇਕ ਗੱਡੀ ਵਿਚ ਭਰ ਕੇ ਪਸ਼ੂ ਫਰੀਦਕੋਟ ਭੇਜੇ ਜਾ ਰਹੇ ਹਨ। ਜਲਦੀ ਹੀ ਇਸ ਸਮੱਸਿਆ ਤੋਂ ਸ਼ਹਿਰ ਮੁਕਤ ਹੋ ਜਾਵੇਗਾ।

ਸਟਾਫ ਦੀ ਕਮੀ
ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਸਟਾਫ ਦੀ ਕਮੀ ਕਾਰਨ ਨਿਗਮ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਬਿਲਡਿੰਗ ਵਿਭਾਗ ਦੀ ਗੱਲ ਕਰੀਏ ਤਾਂ ਸਾਬਕਾ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ 9 ਅਧਿਕਾਰੀ ਸਸਪੈਂਡ ਕਰ ਦਿੱਤੇ ਸੀ, ਜਿਨ੍ਹਾਂ ਦੇ ਸਥਾਨ 'ਤੇ ਕੋਈ ਅਧਿਕਾਰੀ ਨਹੀਂ ਲਗਾਇਆ ਗਿਆ। ਇਸ ਨਾਲ ਬਿਲਡਿੰਗ ਵਿਭਾਗ ਦਾ ਕੰਮ ਕਾਫੀ ਪ੍ਰਭਾਵਿਤ ਰਿਹਾ। ਹੁਣ ਅਧਿਕਾਰੀਆਂ ਦੀ ਕਮੀ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਨਿਆ ਕਿ ਨਿਗਮ ਦੇ ਕਈ ਅਧਿਕਾਰੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਜਿਸ ਲਈ ਕਮਿਸ਼ਨਰ ਨੂੰ ਜਵਾਬਦੇਹ ਬਣਾਇਆ ਗਿਆ ਹੈ। ਆਉਣ ਵਾਲੇ ਸਮੇਂ 'ਚ ਅਧਿਕਾਰੀਆਂ ਦੀ ਪੂਰੀ ਜਵਾਬਤਲਬੀ ਹੋਵੇਗੀ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਕੂੜਾ ਪ੍ਰਬੰਧਨ
ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਕਾਫੀ ਗੰਭੀਰ ਹੈ, ਜਿਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਕਈ ਡੰਪ ਸਥਾਨਾਂ ਦੀ ਸਥਿਤੀ ਸੁਧਾਰਨ ਵਿਚ ਨਿਗਮ ਅਧਿਕਾਰੀ ਅਸਫਲ ਰਹੇ। ਹੁਣ ਜਲਦੀ ਹੀ ਵਰਿਆਣਾ ਵਿਚ ਬਾਇਓਮਾਈਨਿੰਗ ਪਲਾਂਟ ਚਲੂ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਉਥੋਂ ਕੂੜੇ ਦੇ ਪਹਾੜਾਂ ਨੂੰ ਖਤਮ ਕੀਤਾ ਜਾਵੇਗਾ ਕਿਉਂਕਿ ਨਵਾਂ ਕੂੜਾ ਸੁੱਟਣ ਲਈ ਜਗ੍ਹਾ ਮਿਲ ਸਕੇ। ਕੂੜਾ ਪ੍ਰਬੰਧਨ ਲਈ 4-5 ਥਾਵਾਂ 'ਤੇ ਐੱਮ. ਆਰ. ਐੱਫ. ਯੂਨਿਟ ਲਾਏ ਜਾਣ ਦਾ ਟੈਂਡਰ ਅਲਾਟ ਹੋ ਚੁੱਕਾ ਹੈ ਅਤੇ ਨੰਗਲ ਸ਼ਾਮਾ ਵਿਚ ਪਹਿਲਾ ਪਲਾਂਟ ਲੱਗਣਾ ਸ਼ੁਰੂ ਹੋ ਗਿਆ ਹੈ। ਉਸ ਦੀ ਸਫਲਤਾ ਦੇਖ ਕੇ ਬਾਕੀ ਜਗ੍ਹਾ ਵੀ ਕੰਮ ਤੇਜ਼ੀ ਨਾਲ ਕਰਵਾਇਆ ਜਾਵੇਗਾ। ਕੂੜੇ ਦੀ ਸਥਿਤੀ ਨਾਲ ਨਿਪਟਣ ਲਈ ਲੋਕਾਂ ਨੂੰ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਕੰਮ ਵਿਚ ਨਿਗਮ ਦਾ ਸਹਿਯੋਗ ਕਰਨ। ਮੇਅਰ ਨੇ ਕਿਹਾ ਕਿ ਸਫਾਈ ਦੇ ਕੰਮ ਵਿਚ ਯੂਨੀਅਨ ਦੀ ਦਖਲ ਅੰਦਾਜ਼ੀ ਬਾਰੇ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕੰਮ ਵਿਚ ਲਾਪ੍ਰਵਾਹੀ ਵੀ ਬਰਦਾਸ਼ਤ ਨਹੀਂ ਹੋਵੇਗੀ।

ਸਿਸਟਮ ਨੂੰ ਡਿਵੈਲਪ ਕਰਨਾ ਅਤਿ ਜ਼ਰੂਰੀ : ਪਰਗਟ ਸਿੰਘ
ਸੂਬਾਈ ਆਗੂਆਂ ਸਾਹਮਣੇ ਮੇਅਰ ਜਗਦੀਸ਼ ਰਾਜਾ ਦੀ ਕਾਰਜ ਪ੍ਰਣਾਲੀ ਦਾ ਮੁੱਦਾ ਚੁੱਕਣ ਵਾਲੇ ਵਿਧਾਇਕ ਪਰਗਟ ਸਿੰਘ ਦਾ ਕਹਿਣਾ ਹੈ ਕਿ ਉਹ ਨਿੱਜੀ ਤੌਰ 'ਤੇ ਕਿਸੇ ਦੇ ਵਿਰੁੱਧ ਨਹੀਂ ਹਨ ਪਰ ਉਹ ਚਾਹੁੰਦੇ ਹਨ ਕਿ ਅਜਿਹਾ ਸਿਸਟਮ ਡਿਵੈਲਪ ਹੋਵੇ ਜਿੱਥੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਸਿਆਸਤਦਾਨਾਂ ਅਤੇ ਕਿਸੇ ਹੋਰ ਦੇ ਪਿੱਛੇ ਨਾ ਭੱਜਣਾ ਪਵੇ। ਅੱਜ ਸਿਸਟਮ ਕਮਜ਼ੋਰ ਵੀ ਹੈ ਅਤੇ ਕੁਰੱਪਟ ਵੀ। ਸਿਰਫ 2 ਫੀਸਦੀ ਲੋਕਾਂ ਦਾ ਖਿਆਲ ਰੱਖਦੇ-ਰੱਖਦੇ ਬਾਕੀ 98 ਫੀਸਦੀ ਦੇ ਹਿੱਤਾਂ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ। ਇਹੀ 98 ਫੀਸਦੀ ਲੋਕ ਟੈਕਸ ਦੇਣ ਵਾਲੇ ਹਨ ਚੰਗੀ ਵਿਵਸਥਾ ਚਾਹੁੰਦੇ ਹਨ। ਅੱਜ ਰੈਵੇਨਿਊ ਜੈਨਰੇਸ਼ਨ ਨਾਂਹ ਦੇ ਬਰਾਬਰ ਹੈ, ਭ੍ਰਿ²ਸ਼ਟਾਚਾਰ 'ਤੇ ਰੋਕ ਨਹੀਂ ਲੱਗ ਸਕੀ ਅਤੇ ਨਾਜਾਇਜ਼ ਕੰਸਟ੍ਰਕਸ਼ਨ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ। ਲੋਕ ਪੈਸੇ ਦੇਣਾ ਚਾਹੁੰਦੇ ਹਨ ਪਰ ਲੈਣ ਵਾਲਾ ਤਿਆਰ ਨਹੀਂ। ਅਜਿਹੇ ਸਿਸਟਮ ਵਿਚ ਬਦਲਾਅ ਲਿਆਉਣ ਲਈ ਨਾ ਸਿਰਫ ਸਖਤ ਉਪਾਵਾਂ ਦੀ ਲੋੜ ਹੈ ਸਗੋਂ ਪਬਲਿਕ ਅਵੇਅਰਨੈੱਸ ਵੀ ਲਿਆਈ ਜਾਣੀ ਚਾਹੀਦੀ ਹੈ। ਜੇ ਅਸੀਂ ਆਪਣਾ-ਆਪਣਾ ਸ਼ਹਿਰ ਹੀ ਸਾਫ ਕਰ ਲਏ ਤਾਂ ਪੂਰਾ ਪੰਜਾਬ ਸਾਫ ਹੋ ਜਾਵੇਗਾ। ਇਸ ਵਿਚ ਸਭ ਨੂੰ ਯੋਗਦਾਨ ਪਾਉਣਾ ਹੋਵੇਗਾ। ਨੇਤਾਵਾਂ ਨੂੰ ਇਸ ਲਈ ਨਹੀਂ ਚੁਣਿਆ ਜਾਂਦਾ ਕਿ ਉਹ ਲੋਕਾਂ ਦੇ ਕੰਮ ਆਪਣੀ ਸਿਫਾਰਿਸ਼ ਕਰਕੇ ਕਰਵਾਉਣ ਸਗੋਂ ਇਸ ਲਈ ਚੁਣਿਆ ਜਾਂਦਾ ਹੈ ਕਿਉਂਕਿ ਉਹ ਅਜਿਹੀ ਵਿਵਸਥਾ ਬਣਾਉਣ ਜਿੱਥੇ ਲੋਕਾਂ ਦੇ ਕੰਮ ਆਪਣੇ-ਆਪ ਹੋਣ, ਉਨ੍ਹਾਂ ਨੂੰ ਨਿਰਾਸ਼-ਪਰੇਸ਼ਾਨ ਨਾ ਹੋਣਾ ਪਵੇ। ਜੇ ਟੈਕਸ ਵਸੂਲਦੇ ਹੋ ਤਾਂ ਸਹੂਲਤ ਦੇਣਾ ਵੀ ਜ਼ਰੂਰੀ ਹੈ। ਵੋਟਾਂ ਸਿਫਾਰਸ਼ ਕਰਾਉਣ ਜਾਂ ਕਿਸੇ ਦਾ ਨਾਜਾਇਜ਼ ਕੰਮ ਕਰਵਾਉਣ ਨਾਲ ਨਹੀਂ ਵਧਦੀਆਂ ਬਲਕਿ ਸਹੀ ਕੰਮ ਆਪਣੇ ਆਪ ਹੋਵੇ, ਉਸ ਸਿਸਟਮ ਦੇ ਕਾਰਣ ਵਧਦੀਆਂ ਹਨ।

ਐਡਮਨਿਸਟ੍ਰੇਸ਼ਨ ਕੰਮ ਨਹੀਂ ਕਰ ਰਿਹਾ : ਬੇਰੀ
ਜਲੰਧਰ ਸੈਂਟਰਲ ਖੇਤਰ ਤੋਂ ਵਿਧਾਇਕ ਰਜਿੰਦਰ ਬੇਰੀ ਮੰਨਦੇ ਹਨ ਕਿ ਨਿਗਮ ਪ੍ਰਸ਼ਾਸਨ ਢੰਗ ਨਾਲ ਆਪਣਾ ਕੰਮ ਨਹੀਂ ਕਰ ਰਿਹਾ। ਕਈ ਸਾਲਾਂ ਤੋਂ ਕਈ ਫੈਸਲਿਆਂ'ਤੇ ਕਈ ਫਾਈਲਾਂ ਅਟਕੀਆਂ ਹੋਈਆਂ ਹਨ। ਚੰਡੀਗੜ੍ਹ 'ਚ ਵੀ ਕਈ ਫੈਸਲੇ ਸਾਲਾਂ ਬਾਅਦ ਹੁੰਦੇ ਹਨ ਅਤੇ ਜਨਹਿਤ ਨਾਲ ਜੁੜੇ ਮੁੱਦੇ ਅਫਸਰਾਂਂ ਵਲੋਂ ਲਟਕਾ ਕੇ ਰੱਖੇ ਜਾਂਦੇ ਹਨ। ਪਿਛਲੇ ਡੇਢ ਸਾਲ ਦੌਰਾਨ ਲੋਕਲ ਬਾਡੀ ਮੰਤਰਾਲਾ ਦਾ ਕੰਮ ਪ੍ਰਭਾਵਿਤ ਰਿਹਾ ਪਰ ਹੁਣ ਨਵੇਂ ਮੰਤਰੀ ਵਲੋਂ ਕੰਮ ਸੰਭਾਲਣ ਤੋਂ ਬਾਅਦ ਵਿਭਾਗ ਵਿਚ ਤੇਜ਼ੀ ਆਈ ਹੈ ਅਤੇ ਆਸ ਹੈ ਕਿ ਹੁਣ ਸ਼ਹਿਰਾਂ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ ਅਤੇ ਜੋ ਫੈਸਲੇ ਅਫਸਰਾਂ ਦੀਆਂ ਫਾਈਲਾਂ ਵਿਚ ਅਟਕੇ ਰਹਿੰਦੇ ਸਨ ਉਹ ਤੇਜ਼ੀ ਨਾਲ ਨਿਪਟਣਗੇ। ਉਨ੍ਹਾਂ ਨੇ ਮੰਨਿਆ ਕਿ ਜਲੰਧਰ ਨਿਗਮ ਵਿਚ ਵੀ ਕਾਫੀ ਕੁੱਝ ਕੀਤਾ ਜਾਣਾ ਬਾਕੀ ਹੈ।

ਮੇਅਰ ਆਪਣੀ ਵਰਕਿੰਗ ਸਹੀ ਕਰਨ : ਸੁਸ਼ੀਲ ਰਿੰਕੂ
ਜਲੰਧਰ ਵੈਸਟ ਹਲਕੇ ਤੋਂ ਵਿਧਾਇਕ ਸੁਸ਼ੀਲ ਰਿੰਕੂ ਦਾ ਕਹਿਣਾ ਹੈ ਕਿ ਜੇਕਰ ਨਿਗਮ ਕਮਿਸ਼ਨਰ ਜਾਂ ਨਿਗਮ ਦੇ ਕਿਸੇ ਅਧਿਕਾਰੀ ਨਾਲ ਮੇਅਰ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਉਨ੍ਹਾਂ ਨੂੰ ਵਿਧਾਇਕਾਂ ਨੂੰ ਇਹ ਗੱਲ ਦੱਸਣੀ ਚਾਹੀਦੀ ਹੈ। ਮੇਅਰ ਨੂੰ ਆਪਣੀ ਵਰਕਿੰਗ ਸਹੀ ਕਰਦਿਆਂ ਅਫਸਰਸ਼ਾਹੀ 'ਤੇ ਪੂਰਾ ਕੰਟਰੋਲ ਬਣਾ ਕੇ ਰੱਖਣਾ ਹੋਵੇਗਾ ਨਾਲ ਹੀ ਉਨ੍ਹਾਂ ਨੂੰ ਕਈ ਘੰਟੇ ਆਪਣੇ ਆਫਿਸ 'ਚ ਮੌਜੂਦ ਰਹਿਣਾ ਪਵੇਗਾ। ਸਿਸਟਮ ਨੂੰ ਸੁਧਾਰਣ ਲਈ ਸਖਤ ਉਪਾਵਾਂ ਦੀ ਲੋੜ ਹੈ ਜਿਸ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਅੱਜ ਨਿਗਮ ਦਾ ਕੋਈ ਵੀ ਵਿਭਾਗ ਚੰਗੀ ਤਰ੍ਹਾਂ ਪਰਫਾਰਮ ਨਹੀਂ ਕਰ ਰਿਹਾ ਅਤੇ ਐਡਮਨਿਸਟ੍ਰੇਸ਼ਨ ਕਿਤੇ ਨਜ਼ਰ ਨਹੀਂ ਆਉਂਦਾ। ਐਗਜ਼ੀਕਿਊਸ਼ਨ ਜ਼ੀਰੋ ਹੈ, ਜਿਸ ਦੇ ਲਈ ਸਖਤ ਫੈਸਲੇ ਲੈਣ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ। ਅਜੇ ਤੱਕ ਕੌਂਸਲਰਾਂ ਨੂੰ ਸਿਰਫ 20-20 ਲੱਖ ਰੁਪਏ ਦਾ ਕੰਮ ਕਰਵਾਉਣ ਲਈ ਪਹਿਲ ਪੁੱਛੀ ਗਈ ਹੈ, ਜਿਨ੍ਹਾਂ 'ਚੋਂ ਅੱਧੇ ਕੰਮ ਠੇਕੇਦਾਰਾਂ ਨੇ ਪਾਏ ਹੀ ਨਹੀਂ। ਵਿੱਤੀ ਸੰਕਟ ਨਾਲ ਨਜਿੱਠਣ ਲਈ ਵਸੂਲੀ ਵਲ ਧਿਆਨ ਦੇਣਾ ਚਾਹੀਦਾ ਹੈ।

ਲੋਕ ਸਭਾ ਚੋਣਾਂ ਵਿਚ ਸਭ ਤੋਂ ਵੱਧ ਪ੍ਰਭਾਵਿਤ ਹੋਏ ਬਾਵਾ ਹੈਨਰੀ
ਨਗਰ ਨਿਗਮ ਦੀ ਵਰਕਿੰਗ ਦੇ ਸਬੰਧ ਵਿਚ ਜਦੋਂ ਨਾਰਥ ਹਲਕੇ ਨਾਲ ਸਬੰਧਤ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਪਿਕ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਨੂੰ ਜਲੰਧਰ ਨਾਰਥ ਵਿਧਾਨ ਸਭਾ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂਕਿ ਉਸ ਤੋਂ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਇਹ ਸੀਟ ਸਭ ਤੋਂ ਵੱਧ ਸੀਟਾਂ ਨਾਲ ਜਿੱਤੀ ਸੀ। ਜਲੰਧਰ ਨਾਰਥ ਦਾ ਪੂਰਾ ਇਲਾਕਾ ਨਗਰ ਨਿਗਮ ਦੇ ਤਹਿਤ ਆਉਂਦਾ ਹੈ। ਜਿੱਥੇ ਸਮੱਸਿਆਵਾਂ ਵਿਚ ਕੋਈ ਕਮੀ ਨਹੀਂ ਹੈ। ਵਿਧਾਇਕ ਬਾਵਾ ਹੈਨਰੀ ਨੇ ਵੀ ਕਾਰਜ ਪ੍ਰਣਾਲੀ ਨੂੰ ਲੈ ਕੇ ਸਮੇਂ-ਸਮੇਂ 'ਤੇ ਆਪਣੇ ਤੇਵਰ ਵਿਖਾਏ ਹਨ ਤੇ ਉਨ੍ਹਾਂ ਦੀ ਵੀ ਕੋਸ਼ਿਸ਼ ਹੈ ਕਿ ਨਗਰ ਨਿਗਮ ਦੇ ਸਿਸਟਮ ਵਿਚ ਸੁਧਾਰ ਆਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਕੰਮ ਆਪਣੇ-ਆਪ ਹੋਣ।


shivani attri

Content Editor

Related News