ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਜਗਦੇਵ ਸਿੰਘ ਬੋਪਾਰਾਏ, ਸੁਖਬੀਰ ਨੇ ਸੌਂਪੀ ਵੱਡੀ ਜ਼ਿੰਮੇਵਾਰੀ
Wednesday, Sep 22, 2021 - 02:18 PM (IST)
ਚੰਡੀਗੜ੍ਹ : ਕਾਂਗਰਸ ਪਾਰਟੀ ਨੂੰ ਛੱਡ ਕੇ ਇਲੈਕਟ੍ਰਾਨਿਕ ਉਦਯੋਗ ਦੀ ਸੂਝਵਾਨ ਸ਼ਖਸੀਅਤ ਸ. ਜਗਦੇਵ ਸਿੰਘ ਬੋਪਾਰਾਏ ਵੱਲੋਂ ਅੱਜ ਵੱਡੀ ਗਿਣਤੀ 'ਚ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਬੋਪਾਰਾਏ ਨੇ ਪਾਰਟੀ ਜੁਆਇਨ ਕੀਤੀ। ਸੁਖਬੀਰ ਬਾਦਲ ਵੱਲੋਂ ਪਾਰਟੀ 'ਚ ਆਉਣ 'ਤੇ ਬੋਪਾਰਾਏ ਦਾ ਸੁਆਗਤ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੋਪਾਰਾਏ ਸਾਹਿਬ ਦੇ ਪਾਰਟੀ 'ਚ ਸ਼ਾਮਲ ਹੋਣ ਨਾਲ ਲੁਧਿਆਣਾ ਜ਼ਿਲ੍ਹੇ 'ਚ ਪਾਰਟੀ ਨੂੰ ਬਲ ਮਿਲਿਆ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਜਗਦੇਵ ਸਿੰਘ ਬੋਪਾਰਾਏ ਨੂੰ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਐਲਾਨਿਆ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬਿਆ ਆਸਟ੍ਰੇਲੀਆ ਦਾ 'ਮੈਲਬਰਨ' ਸ਼ਹਿਰ, ਕਈ ਇਮਾਰਤਾਂ ਨੂੰ ਭਾਰੀ ਨੁਕਸਾਨ
ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਉਨ੍ਹਾਂ ਨੇ ਲਗਾਤਾਰ 35 ਸਾਲ ਕਾਂਗਰਸ ਪਾਰਟੀ ਦੀ ਲਗਾਤਾਰ ਸੇਵਾ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਛੱਡਣ ਦਾ ਕਾਰਨ ਵੀ ਮੀਡੀਆ ਨਾਲ ਸਾਂਝਾ ਕੀਤਾ। ਬੋਪਾਰਾਏ ਨੇ ਕਿਹਾ ਕਿ ਖੰਨਾ ਦੇ ਇਕ ਐਡਵੋਕੇਟ ਨੇ ਉਨ੍ਹਾਂ ਦੇ ਪਰਿਵਾਰ ਨਾਲ ਆਮਦਨ ਟੈਕਸ ਦੇ ਨਾਂ 'ਤੇ ਵੱਡਾ ਘਪਲਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਅਸਲੀਅਤ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਐਫ. ਆਈ. ਆਰ. ਦਰਜ ਕਰਾਉਣ ਦੀ ਗੱਲ ਕੀਤੀ ਪਰ ਕਾਂਗਰਸੀ ਆਗੂਆਂ ਵੱਲੋਂ ਉਨ੍ਹਾਂ ਨੂੰ ਐਫ. ਆਈ. ਆਰ. ਦਰਜ ਕਰਾਉਣ ਤੋਂ ਰੋਕਿਆ ਗਿਆ ਪਰ ਕਿਸੇ ਤਰ੍ਹਾਂ ਉਨ੍ਹਾਂ ਨੇ ਐਫ. ਆਈ. ਆਰ. ਦਰਜ ਕਰਵਾ ਦਿੱਤੀ।
ਉਨ੍ਹਾਂ ਕਿਹਾ ਕਿ 2 ਸਾਲਾਂ ਬਾਅਦ ਦੋਸ਼ੀ ਵਿਅਕਤੀ ਨੂੰ ਸਜ਼ਾ ਮਿਲੀ, ਜਦੋਂ ਇਕ ਇਹ ਕੰਮ ਸਿਰਫ 24 ਘੰਟਿਆਂ ਅੰਦਰ ਹੋ ਜਾਣਾ ਸੀ ਅਤੇ ਖੰਨਾ ਦੀ ਕਾਂਗਰਸ ਨੇ ਉਸ ਵਿਅਕਤੀ ਦਾ ਪੂਰੀ ਤਰ੍ਹਾਂ ਨਾਲ ਸਾਥ ਦਿੱਤਾ, ਜਿਸ ਕਾਰਨ ਉਨ੍ਹਾਂ ਨੇ ਕਾਂਗਰਸ ਛੱਡੀ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਇਸ ਗੱਲ ਦੀ ਖੁਸ਼ੀ ਹੈ ਕਿ ਬੋਪਾਰਾਏ ਅੱਜ ਪਾਰਟੀ 'ਚ ਸ਼ਾਮਲ ਹੋਏ ਹਨ। ਸੁਖਬੀਰ ਨੇ ਕਿਹਾ ਕਿ ਕੋਈ ਵੀ ਪਾਰਟੀ ਤਾਂ ਹੀ ਤਕੜੀ ਹੁੰਦੀ ਹੈ, ਜੇਕਰ ਉਸ ਦੀ ਟੀਮ ਚੰਗੀ ਹੋਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇੱਕੋ-ਇਕ ਪੰਜਾਬੀਆਂ ਦੀ ਪਾਰਟੀ ਹੈ ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਹੁਕਮ ਬਾਹਰੋਂ ਆਉਂਦੇ ਹਨ।
ਇਹ ਵੀ ਪੜ੍ਹੋ : ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ਾ ਘਪਲੇ ਕਾਰਨ ਧਰਮਸੋਤ ਦੀਆਂ ਮੁਸ਼ਕਲਾਂ ਵੱਧਣ ਦੇ ਆਸਾਰ
ਕਾਂਗਰਸ ਪਾਰਟੀ 'ਤੇ ਵੀ ਲਾਏ ਰਗੜੇ
ਇਸ ਮੌਕੇ ਸੁਖਬੀਰ ਬਾਦਲ ਨੇ ਕਾਂਗਰਸ ਪਾਰਟੀ 'ਤੇ ਰਗੜੇ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਸੋਚਦੀ ਹੈ ਕਿ ਆਪਣੀਆਂ ਨਾਕਾਮੀਆਂ ਨੂੰ ਨਵੇਂ ਚਿਹਰੇ ਨਾਲ ਲੁਕੋ ਸਕਦੀ ਹੈ ਤਾਂ ਪੰਜਾਬ ਦੇ ਲੋਕ ਇੰਨੇ ਬੇਵਕੂਫ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀਆਂ 'ਚ ਲੁੱਟ ਦੀ ਲੜਾਈ ਹੈ ਅਤੇ ਹੁਣ ਉਹ ਸਿਰਫ ਡਰਾਮਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਹੋ ਜਿਹੀ ਮਾੜੀ ਸਰਕਾਰ ਕਾਂਗਰਸ ਨੇ ਪੰਜਾਬ 'ਚ ਦਿੱਤੀ ਹੈ, ਇਹੋ ਜਿਹੀ ਮਿਸਾਲ ਪੂਰੇ ਹਿੰਦੋਸਤਾਨ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਹੁਣ ਕਾਂਗਰਸ 'ਚ ਨਹੀਂ ਰਹਿਣਾ ਚਾਹੁੰਦਾ ਅਤੇ ਆਉਂਦੇ ਦਿਨਾਂ 'ਚ ਵੱਡੀ ਗਿਣਤੀ 'ਚ ਕਾਂਗਰਸੀ ਅਕਾਲੀ ਦਲ 'ਚ ਸ਼ਾਮਲ ਹੋਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ