10 ਸਾਲ ਬਾਅਦ ਜਗਬੀਰ ਸਿੰਘ ਬਰਾੜ ਦੀ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ

08/17/2021 4:46:39 PM

ਜਲੰਧਰ (ਲਾਭ ਸਿੰਘ ਸਿੱਧੂ, ਮਹੇਸ਼ ਖੋਸਲਾ) : ਦੁਆਬੇ ’ਚ ਕਾਂਗਰਸ ਨੂੰ ਅਜੇ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸੀਨੀਅਰ ਆਗੂ ਤੇ ਜਲਸਰੋਤ ਵਿਭਾਗ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਦੱਸ ਦਈਏ ਕਿ 10 ਸਾਲ ਬਾਅਦ ਜਲੰਧਰ ਕੈਂਟ ਹਲਕੇ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਕਰ ਲਈ ਹੈ। ਸੁਖਬੀਰ ਬਾਦਲ ਨੇ ਜਗਬੀਰ ਬਰਾੜ ਨੂੰ ਕੈਂਟ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਐਲਾਨਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ’ਚ ਆਉਣ ਵਾਲੇ ਦਿਨਾਂ ’ਚ ਹੋਰ ਵੀ ਆਗੂ ਸ਼ਾਮਲ ਹੋਣਗੇ। ਉਨ੍ਹਾਂ ਜਗਬੀਰ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਵੀ ਬਣਾਉਣ ਦਾ ਐਲਾਨ ਕੀਤਾ। ਜਗਬੀਰ ਬਰਾੜ ਦੇ ਗ੍ਰਹਿ ’ਚ ਹੋਏ ਸ਼ਮੂਲੀਅਤ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਬਰਾੜ ਦੇ ਪਾਰਟੀ ’ਚ ਆਉਣ ਨਾਲ ਸਮੁੱਚੇ ਦੁਆਬੇ ’ਚ ਅਕਾਲੀ-ਬਸਪਾ ਗਠਜੋੜ ਨੂੰ ਵੱਡੀ ਸ਼ਕਤੀ ਮਿਲੇਗੀ। ਬਰਾੜ ਦੀ ਘਰ ਵਾਪਸੀ ਦਾ ਜ਼ਿਕਰ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਬਰਾੜ ਪਰਿਵਾਰ ਨਾਲ ਸਾਡਾ ਪੁਰਾਣਾ ਰਿਸ਼ਤਾ ਹੈ ਅਤੇ ਉਹ ਸਾਡੇ ਪਰਿਵਾਰ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਲੋਕਾਂ ਨਾਲ ਹੁਣ 13 ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ। ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਇਹ ਕਿਹੜਾ ਕੈਪਟਨ ਸਰਕਾਰ ਹੋਵੇਗੀ ਕਿ ਲੋਕਾਂ ਨਾਲ ਵਾਅਦੇ ਕਰਕੇ ਮੁਕਰ ਜਾਵੇ, ਅਸੀਂ ਜੋ ਕਹਿੰਦੇ ਹਾਂ, ਉਹ ਕਰਕੇ ਦਿਖਾਉਂਦੇ ਹਾਂ।

ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪੰਜਾਬ ਬਾਰਡਰ ’ਤੇ ਚੌਕਸ ਰਹਿਣ ਦੀ ਲੋੜ : ਅਮਰਿੰਦਰ

ਕੈਪਟਨ ਸਰਕਾਰ ’ਤੇ ਵਰ੍ਹੇ ਸੁਖਬੀਰ ਬਾਦਲ
ਕੈਪਟਨ ਸਰਕਾਰ ’ਤੇ ਵਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਇਨ੍ਹਾਂ ਸਰਕਾਰ ਤਾਂ ਬਣਾ ਲਈ ਪਰ ਲੋਕਾਂ ਦਾ ਕੀਤਾ ਕੁਝ ਨਹੀਂ। ਪਿਛਲੇ ਸਾਢੇ 4 ਸਾਲਾਂ ’ਚ ਪੰਜਾਬ ’ਚ ਇਕ ਇੱਟ ਵੀ ਨਹੀਂ ਲੱਗੀ, ਜਿਥੇ ਅਸੀਂ ਕੰਮ ਛੱਡ ਕੇ ਗਏ ਸੀ, ਉਥੇ ਹੀ ਖੜੇ ਹਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਝੂਠ ਦਾ ਪਲੰਦਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਵੀ ਪੰਜਾਬੀਆਂ ਨੂੰ ਗੁੰਮਰਾਹ ਕਰਨ ਲੱਗਿਆ ਹੈ। ਪੰਜਾਬੀਆਂ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਤੋਂ ਪਹਿਲਾਂ ਉਹ ਦਿੱਲੀ ਦੇ ਲੋਕਾਂ ਨੂੰ ਮੁਫਤ ਬਿਜਲੀ ਦੇਵੇ, ਜਿਨ੍ਹਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੇ ਭਗਵੰਤ ਮਾਨ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੋਵੇਂ ਡਰਾਮੇਬਾਜੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਤੇ ਦੋਵੇ ਇਕ ਦੂਜੇ ਤੋਂ ਵੱਡਾ ਝੂਠ ਬੋਲਦੇ ਹਨ। ਜਦ ਉਨ੍ਹਾਂ ਨੂੰ ਸਰਬਜੀਤ ਮੱਕੜ ਬਾਰੇ ਸੁਆਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੱਕੜ ਨੇ ਪਾਰਟੀ ਦੀ ਬਹੁਤ ਸੇਵਾ ਕੀਤੀ ਹੈ, ਉਸ ਬਾਰੇ ਵੀ ਸੋਚਿਆ ਜਾਵੇਗਾ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਕ ਰਿਸ਼ਤੇਦਾਰ ਬਰਾੜ ਨੂੰ ਪਾਰਟੀ ’ਚ ਵਾਪਸ ਲੈ ਲਿਆ, ਕੀ ਹੁਣ ਮਨਪ੍ਰੀਤ ਬਾਦਲ ਦੀ ਵੀ ਘਰ ਵਾਪਸੀ ਹੋਵੇਗੀ, ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਦੀ ਸੋਚ ਬਹੁਤ ਨੈਗੇਟਿਵ ਹੈ। ਮੈਂ ਕਹਿੰਦਾ ਹਾਂ ਕਿ ਖਜ਼ਾਨਾ ਭਰਿਆ ਹੋਇਆ ਹੈ ਤੇ ਉਹ ਹਰ ਵੇਲੇ ਖਜਾਨਾ ਖਾਲੀ ਹੋਣ ਦਾ ਰੋਣਾ ਰੋਂਦੇ ਰਹਿੰਦੇ ਹਨ। ਖਜ਼ਾਨਾ ਕਦੇ ਵੀ ਖਾਲੀ ਨਹੀਂ ਹੁੰਦਾ। ਬਿਕਰਮ ਮਜੀਠੀਆ ਨੇ ਬਰਾੜ ਦਾ ਪਾਰਟੀ ’ਚ ਸ਼ਾਮਲ ਹੋਣ ’ਤੇ ਸੁਆਗਤ ਕਰਦਿਆਂ ਕਿਹਾ ਕਿ ਬਰਾੜ ਨੇ ਕਾਂਗਰਸ ਛੱਡ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਮੂੰਹ ਤੇ ਚਪੇੜ ਮਾਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹਿੱਸਿਆ ’ਚ ਵੰਡੀ ਗਈ ਹੈ। ਇਕ ਖੇਮਾ ਤਮਾਸ਼ਬੀਣ ਤੇ ਨਚਾਰਾ ਦਾ ਹੈ ਤੇ ਦੂਜਾ ਖੇਮਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈ। ਹੁਣ ਦੋਵੇਂ ਇਕ ਦੂਜੇ ਨੂੰ ਨੀਂਵਾਂ ਦਿਖਾਉਣ ਲੱਗੇ ਹੋਏ ਹਨ। ਮਜੀਠੀਆ ਨੇ ਕਿਹਾ ਕਿ ਬਰਾੜ ਦੇ ਆਉਣ ਵਾਲਾ ਅਕਾਲੀ ਦਲ ਨੂੰ ਦੁਆਬੇ ਤੋਂ ਇਲਾਵਾ ਕਈ ਹੋਰ ਸੀਟਾਂ ’ਤੇ ਵੀ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੋਰੀ, ਰਿਵਾਲਵਰ ਵੀ ਲੈ ਗਏ ਚੋਰ

ਰੂਹ ਮੇਰੀ ਕੈਂਟ ’ਚ ਹੀ ਰਹੀ : ਬਰਾੜ
ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਏ ਜਗਬੀਰ ਬਰਾੜ ਨੇ ਕਿਹਾ ਕਿ ਭਾਵੇਂ ਉਹ ਕਾਂਗਰਸ ’ਚ ਜਾ ਕੇ ਨਕੋਦਰ ਹਲਕੇ ਤੋਂ ਚੋਣ ਲੜੇ ਸਨ ਪਰ ਰੂਹ ਉਨ੍ਹਾਂ ਦੀ ਹਮੇਸ਼ਾ ਹੀ ਕੈਂਟ ਹਲਕੇ ’ਚ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਅਤੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਦੀ ਕਮਾਂਡ ਜੋਕਰਾਂ ਦੇ ਹੱਥ ਆ ਗਈ ਹੈ ਤੇ ਅਜਿਹੇ ਮਾਹੌਲ ’ਚ ਕੰਮ ਕਰਨਾ ਪਾਰਟੀ ’ਚ ਮੁਸ਼ਕਲ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਝੂਠ ਬੋਲ ਕੇ ਸਰਕਾਰ ਬਣਾਉਣ ਵਾਲੀ ਕਾਂਗਰਸ ਪਾਰਟੀ ਨੂੰ ਉਹ ਨਕਾਰ ਦੇਣ ਅਤੇ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਉਣ। ਇਸ ਤੋਂ ਪਹਿਲਾਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਾਲ, ਪਵਨ ਕੁਮਾਰ ਟੀਟੂ, ਬਲਦੇਵ ਖਹਿਰਾ (ਤਿੰਨੇ ਵਿਧਾਇਕ) ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਣ, ਬਸਪਾ ਨੇਤਾ ਬਲਵਿੰਦਰ ਕੁਮਾਰ, ਬੀਬੀ ਸੰਘਾ ਤੋਂ ਇਲਾਾ ਹੋਰਨਾਂ ਲੋਕਾਂ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ’ਤੇ ਯੂਥ ਅਕਾਲੀ ਦਲ ਦੇ ਆਗੂ ਸਰਬਜੋਤ ਸਿੰਘ ਸਾਬੀ, ਹਰਿੰਦਰ ਸਿੰਘ ਢੀਂਡਸਾ ਸਤਪਾਲ ਤੂਰ, ਮਨਜੀਤ ਸਿੰਘ ਟੀਟੂ ਅਰਜਨਾ ਐਵਾਰਡੀ ਬੀਬੀ ਰਾਜਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਹਲਕੇ ਦੇ ਪੰਚ-ਸਰਪੰਚ ਤੇ ਹੋਰ ਮੋਹਤਬਰ ਸ਼ਾਮਲ ਸਨ।

ਇਹ ਵੀ ਪੜ੍ਹੋ :  ਮੁੱਖ ਮੰਤਰੀ ਦਾ ਝੂਠਾ ਬਿਆਨ ਟਵੀਟ ਕਰਨ ਵਾਲਿਆਂ ਖ਼ਿਲਾਫ਼ ਪੰਜਾਬ ਪੁਲਸ ਨੂੰ ਕਾਰਵਾਈ ਕਰਨ ਦਾ ਹੁਕਮ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News