ਜਗ ਬਾਣੀ : ਸਿੱਕੇ ਵਾਲੇ ਅੱਖਰਾਂ ਤੋਂ ''ਸਤਰੰਗੀ ਪੀਂਘ'' ਤਕ
Saturday, Jul 21, 2018 - 07:14 AM (IST)

ਅਖਬਾਰੀ ਦੁਨੀਆ ਵਿਚ ਜਗ ਬਾਣੀ ਦਾ ਸਫਰ ਸੰਘਰਸ਼ ਭਰਿਆ ਵੀ ਰਿਹਾ ਹੈ ਅਤੇ ਰੋਮਾਂਚ ਨਾਲ ਭਰਪੂਰ ਵੀ। ਇਹ ਪੰਜਾਬੀ ਦਾ ਇਕ ਅਜਿਹਾ ਅਖਬਾਰ ਹੈ, ਜਿਸ ਨੇ ਚੁਣੌਤੀਆਂ ਨੂੰ ਸਫਲਤਾ ਸਹਿਤ ਪਾਰ ਕੀਤਾ ਅਤੇ ਛਪਾਈ ਦੇ ਖੇਤਰ ਵਿਚ ਅਣਗਿਣਤ ਮਾਅਰਕੇ ਮਾਰ ਕੇ ਬਹੁਤ ਸਾਰੇ ਐਵਾਰਡ ਅਤੇ ਸਨਮਾਨ ਆਪਣੀ ਝੋਲੀ 'ਚ ਪੁਆਏ। ਪਾਠਕਾਂ ਲਈ ਇਹ ਜਾਣਨਾ ਦਿਲਚਸਪੀ ਵਾਲਾ ਹੋਵੇਗਾ ਕਿ ਜਗ ਬਾਣੀ ਜਦੋਂ 21 ਜੁਲਾਈ 1978 ਨੂੰ ਸ਼ੁਰੂ ਹੋਇਆ ਤਾਂ ਉਸ ਵੇਲੇ ਸਿੱਕੇ ਵਾਲੇ ਅੱਖਰ ਹੱਥ ਨਾਲ ਜੋੜ ਕੇ ਖਬਰਾਂ ਤਿਆਰ ਹੁੰਦੀਆਂ ਸਨ। ਇਸ ਨੂੰ ਹੈਂਡ-ਕੰਪੋਜ਼ਿੰਗ ਦਾ ਜ਼ਮਾਨਾ ਕਿਹਾ ਜਾਂਦਾ ਸੀ। ਫਿਰ ਇਕ ਯਤਨ ਹੋਰ ਹੋਇਆ ਕਿ ਕੰਪੋਜ਼ਿੰਗ 'ਚ ਪਹਿਲੀ ਕ੍ਰਾਂਤੀ ਮੋਨੋਟਾਈਪ ਕੰਪੋਜ਼ਿੰਗ ਦੇ ਆਰੰਭ ਹੋਣ ਨਾਲ ਹੋਈ। ਇਸ ਵਿਚ ਵੀ ਹਰ ਵਾਰ ਟਾਈਪ ਕਰਨ ਨਾਲ ਸਿੱਕੇ ਦੇ ਅੱਖਰ ਢਲਦੇ ਤੇ ਇਕ ਕਤਾਰ ਵਿਚ ਜੁੜਦੇ ਜਾਂਦੇ। ਜਗ ਬਾਣੀ ਇਸ ਗੱਲ ਲਈ ਯਤਨਸ਼ੀਲ ਰਿਹਾ ਕਿ ਹੈਂਡ-ਕੰਪੋਜ਼ਿੰਗ ਦਾ ਕੋਈ ਬਦਲ ਲੱਭੇ ਤਾਂ ਜੋ ਅਖਬਾਰ ਤੇਜ਼ੀ ਨਾਲ ਅਤੇ ਵਧੇਰੇ ਦਰੁੱਸਤ ਢੰਗ ਨਾਲ ਤਿਆਰ ਹੋ ਸਕੇ। ਅਜਿਹਾ ਮੌਕਾ 1980 ਵਿਚ ਬਣ ਗਿਆ, ਜਦੋਂ ਫੋਟੋ-ਕੰਪੋਜ਼ਿੰਗ ਦੀ ਸ਼ੁਰੂਆਤ ਹੋ ਗਈ। ਇਹ ਪਹਿਲੀ ਵਾਰ ਸੀ ਕਿ ਕੋਈ ਅਖਬਾਰ ਕੰਪਿਊਟਰ ਨਾਲ ਕੰਪੋਜ਼ ਹੁੰਦੀ ਹੋਵੇ। ਇਹ ਕੰਪੋਜ਼ਿੰਗ ਦੇ ਖੇਤਰ 'ਚ ਇਕ ਕ੍ਰਾਂਤੀਕਾਰੀ ਕਦਮ ਸੀ ਅਤੇ ਫਿਰ 1983 ਵਿਚ ਚਾਰ-ਰੰਗੀ ਛਪਾਈ ਸ਼ੁਰੂ ਹੋਣ ਨਾਲ ਅਖਬਾਰ ਦੀ ਦਿੱਖ ਵਿਚ ਵੱਡਾ ਨਿਖਾਰ ਆ ਗਿਆ। ਅਖਬਾਰ ਜਿਵੇਂ ਸਿੱਕੇ ਵਾਲੇ ਅੱਖਰਾਂ ਤੋਂ ਉਡਾਰੀ ਮਾਰ ਕੇ 'ਸਤਰੰਗੀ ਪੀਂਘ' ਦੇ ਖੇਤਰ 'ਚ ਪ੍ਰਵੇਸ਼ ਕਰ ਗਿਆ ਹੋਵੇ। ਕੰਪੋਜ਼ਿੰਗ ਅਤੇ ਪ੍ਰਿੰਟਿੰਗ ਦੇ ਖੇਤਰ 'ਚ ਨਵੀਆਂ ਬੁਲੰਦੀਆਂ ਨੂੰ ਛੂਹਣ ਦੇ ਯਤਨਾਂ ਅਧੀਨ ਹੀ 1989 ਵਿਚ ਕੰਪਿਊਟਰਾਈਜ਼ਡ ਕਲਰ ਸਕੈਨਿੰਗ ਅਤੇ ਟੈਲੀ-ਫੋਟੋ ਸਿਸਟਮ ਦੀ ਸ਼ੁਰੂਆਤ ਹੋਈ।
1996 ਵਿਚ ਅਖਬਾਰ ਗਲੇਜ਼ਡ ਪੇਪਰ (ਵਧੀਆ ਚਮਕਦਾਰ ਕਾਗਜ਼) 'ਤੇ ਹੀਟ ਸੈੱਟ ਪ੍ਰਿੰਟਿੰਗ ਤਕਨੀਕ ਨਾਲ ਛਪਣਾ ਸ਼ੁਰੂ ਹੋਇਆ ਤਾਂ ਇਸ ਨਾਲ ਅਖਬਾਰੀ ਦੁਨੀਆ 'ਚ ਜਿਵੇਂ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ। ਅਖਬਾਰ ਕੋਲ ਕਿਤੇ ਵੀ ਤਸੱਲੀ ਕਰ ਕੇ ਬਹਿ ਜਾਣ ਜਾਂ ਰੁਕ ਕੇ ਦੇਖਣ ਦਾ ਸਮਾਂ ਨਹੀਂ ਸੀ, ਸਗੋਂ ਹੋਰ ਪੁਲਾਂਘਾਂ ਪੁੱਟਣ ਦੇ ਯਤਨ ਜਾਰੀ ਰਹੇ ਅਤੇ 1997 ਵਿਚ ਅਖਬਾਰ ਦੇ ਸਾਰੇ ਸਫੇ ਕੰਪਿਊਟਰ 'ਤੇ ਤਿਆਰ ਅਤੇ ਡਿਜ਼ਾਈਨ ਹੋਣ ਲੱਗੇ। ਸਾਲ 2004 ਵਿਚ ਅਖਬਾਰ ਨੇ ਛਪਾਈ ਦੇ ਖੇਤਰ 'ਚ ਇਕ ਵੱਡੀ ਛਾਲ ਮਾਰੀ ਅਤੇ ਇਕੋ ਵੇਲੇ 10 ਰੰਗਦਾਰ ਸਫ਼ੇ ਪ੍ਰਕਾਸ਼ਿਤ ਕਰਨੇ ਸ਼ੁਰੂ ਕਰ ਦਿੱਤੇ। ਇਸ ਪਿੱਛੋਂ ਅਖਬਾਰ ਦੇ ਸਾਰੇ ਸਫ਼ੇ ਰੰਗਦਾਰ ਛਪਣੇ ਸ਼ੁਰੂ ਹੋ ਗਏ। ਸਾਲ 2006 ਵਿਚ ਜਗ ਬਾਣੀ ਜਲੰਧਰ ਦੇ ਨਾਲ-ਨਾਲ ਲੁਧਿਆਣਾ ਅਤੇ ਫਿਰ ਚੰਡੀਗੜ੍ਹ ਅਤੇ ਬਠਿੰਡਾ ਤੋਂ ਵੀ ਛਪਣਾ ਸ਼ੁਰੂ ਹੋ ਗਿਆ। ਇਸ ਨਾਲ ਪਾਠਕਾਂ ਤਕ ਹੋਰ ਜ਼ਿਆਦਾ ਤਾਜ਼ਾ ਖਬਰਾਂ ਪਹੁੰਚਣੀਆਂ ਯਕੀਨੀ ਹੋ ਗਈਆਂ। ਅਖਬਾਰ ਨੇ ਭਰਪੂਰ ਮਾਤਰਾ 'ਚ ਸਮੱਗਰੀ ਛਾਪਣ ਦੇ ਨਾਲ-ਨਾਲ ਆਪਣੀਆਂ ਸਭ ਇਕਾਈਆਂ ਵਿਚ ਸੂਰਜੀ ਊਰਜਾ (ਸੋਲਰ ਪਾਵਰ) ਨੂੰ ਵਰਤੋਂ 'ਚ ਲਿਆਂਦਾ ਅਤੇ ਬਿਜਲੀ ਦੀ ਬੱਚਤ ਯਕੀਨੀ ਬਣਾਈ। ਜਗ ਬਾਣੀ ਨੇ ਆਪਣੀ ਸੈਕੂਲਰ ਇਮੇਜ ਬਣਾਈ ਹੋਈ ਹੈ ਤੇ ਇਸ ਅਖਬਾਰ 'ਚ ਹਰੇਕ ਵਰਗ ਨੂੰ ਥਾਂ ਦਿੱਤੀ ਜਾਂਦੀ ਹੈ। ਇਹੀ ਵਜ੍ਹਾ ਹੈ ਕਿ ਅਜ ਇਹ ਅਖਬਾਰ ਜਿੰਨੀ ਸ਼ਹਿਰਾਂ 'ਚ ਹਰਮਨ ਪਿਆਰੀ ਹੈ, ਓਨੀ ਹੀ ਪਿੰਡਾਂ 'ਚ ਵੀ ਪਸੰਦ ਕੀਤੀ ਜਾਂਦੀ ਹੈ।
ਅੱਜ ਅਖਬਾਰ ਸਮੱਗਰੀ, ਦਿੱਖ ਅਤੇ ਛਪਣ ਗਿਣਤੀ ਦੇ ਪੱਖ ਤੋਂ ਪੰਜਾਬੀ ਅਖਬਾਰਾਂ 'ਚ ਸਰਵਉੱਚ ਸਥਾਨ ਹਾਸਲ ਕਰ ਚੁੱਕਾ ਹੈ ਅਤੇ ਇਹੋ ਕਾਰਨ ਹੈ ਕਿ ਭਾਰਤ ਸਰਕਾਰ ਵਲੋਂ ਜਗ ਬਾਣੀ ਨੂੰ ਢੇਰ ਸਾਰੇ ਐਵਾਰਡਾਂ ਨਾਲ ਨਿਵਾਜਿਆ ਗਿਆ ਹੈ। ਇਸ ਦੇ ਨਾਲ ਹੀ ਸਭ ਤੋਂ ਵੱਡਾ ਐਵਾਰਡ ਅਖਬਾਰ ਨੂੰ ਪਾਠਕਾਂ ਤੋਂ ਮਿਲਿਆ ਹੈ, ਜਿਹੜੇ ਬਹੁਤ ਵੱਡੀ ਗਿਣਤੀ 'ਚ ਜਗ ਬਾਣੀ ਨੂੰ ਪਿਆਰ ਕਰਦੇ ਹਨ। ਯਤਨ ਰਹੇਗਾ ਕਿ ਇਹ ਪਿਆਰ ਹੋਰ ਵਧੇ-ਫੁੱਲੇ।