ਪੰਜਾਬ ਸਰਕਾਰ ਜਬਰ-ਜ਼ਨਾਹ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ''ਚ ਲਿਆਵੇ

Monday, Mar 26, 2018 - 08:28 AM (IST)

ਪੰਜਾਬ ਸਰਕਾਰ ਜਬਰ-ਜ਼ਨਾਹ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ''ਚ ਲਿਆਵੇ

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ, ਜਗਸੀਰ) - ਦੇਸ਼ 'ਚ ਨੰਨ੍ਹੀਆਂ ਕਲੀਆਂ ਨਾਲ ਹੋ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਇਹ ਸਾਡੇ ਸਮਾਜ ਦੇ ਮੱਥੇ 'ਤੇ ਇਕ ਬਹੁਤ ਵੱਡਾ ਕਲੰਕ ਹੈ। ਪੰਜਾਬ ਸਰਕਾਰ ਨੂੰ ਵੀ ਜਬਰ-ਜ਼ਨਾਹ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਉਣੀ ਚਾਹੀਦੀ ਹੈ।  ਇਨ੍ਹਾਂ ਵਧ ਰਹੀਆਂ ਘਟਨਾਵਾਂ 'ਤੇ ਰੋਕ ਲਾਉਣ ਲਈ 'ਜਗ ਬਾਣੀ' ਵੱਲੋਂ ਸ਼ੁਰੂ ਕੀਤੀ ਗਈ 'ਜਬਰ-ਜ਼ਨਾਹ ਖਿਲਾਫ ਮਹਾ ਮੁਹਿੰਮ' ਦਾ ਸ਼ਹਿਰ ਦੀਆਂ ਔਰਤਾਂ ਪ੍ਰਿੰਸੀਪਲ, ਅਧਿਆਪਕਾਂ ਨੇ ਸਮਰਥਨ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ।
ਅਦਾਰਾ 'ਜਗ ਬਾਣੀ', 'ਪੰਜਾਬ ਕੇਸਰੀ' ਵੱਲੋਂ ਬੱਚੀਆਂ ਨਾਲ ਹੋ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਪ੍ਰਸ਼ੰਸਾ ਦਾ ਵਿਸ਼ਾ ਹੈ, ਜੇਕਰ ਇਸ ਤਰ੍ਹਾਂ ਦੇ ਅਪਰਾਧੀਆਂ ਲਈ ਫਾਂਸੀ ਦੀ ਸਜ਼ਾ ਦੀ ਵਿਵਸਥਾ ਹੋਵੇਗੀ ਤਾਂ ਹੀ ਅਜਿਹੀਆਂ ਘਟਨਾਵਾਂ 'ਚ ਕਮੀ ਆਵੇਗੀ। ਪੰਜਾਬ ਸਰਕਾਰ ਨੂੰ ਤੁਰੰਤ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਸਬੰਧੀ ਬਿੱਲ ਵਿਧਾਨ ਸਭਾ 'ਚ ਪਾਸ ਕਰਵਾਉਣਾ ਚਾਹੀਦਾ ਹੈ।
-ਪ੍ਰਿੰਸੀਪਲ ਗੁਰਪ੍ਰੀਤ ਕੌਰ ਦਸਮੇਸ਼ ਇੰਟਰਨੈਸ਼ਨਲ ਸਕੂਲ ਬਿਲਾਸਪੁਰ।
ਬਾਲੜੀਆਂ 'ਤੇ ਅੱਤਿਆਚਾਰ ਬੇਹੱਦ ਨਿੰਦਣਯੋਗ ਵਰਤਾਰਾ ਹੈ। ਅਸੀਂ ਇਸ ਦੇ ਖਾਤਮੇ ਲਈ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕਰਦੇ ਹੋਏ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕ ਲਹਿਰ ਉਸਾਰ ਕੇ ਸਮਾਜ ਨੂੰ ਜਾਗਰੂਕ ਕਰਨ ਦੀ ਪੁਰਜ਼ੋਰ ਮੰਗ ਵੀ ਕਰਦੇ ਹਾਂ।
-ਰਮਨਦੀਪ ਕੌਰ ਰਾਮਾਂ।
ਇਕ ਪਾਸੇ ਪ੍ਰਧਾਨ ਮੰਤਰੀ ਵੱਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦਿੱਤਾ ਗਿਆ ਹੈ ਅਤੇ ਨਾਲ ਹੀ ਭਰੂਣ ਹੱਤਿਆ ਰੋਕਣ ਲਈ ਕਾਨੂੰਨ ਪਾਸ ਕੀਤੇ ਗਏ ਹਨ ਪਰ ਦੂਜੇ ਪਾਸੇ ਛੋਟੀਆਂ ਬੱਚੀਆਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਪੰਜਾਬ 'ਚ ਇਹ ਘਟਨਾਵਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਪੰਜਾਬ ਸਰਕਾਰ ਨੂੰ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਵਿਧਾਨ ਸਭਾ 'ਚ ਫਾਂਸੀ ਦੀ ਸਜ਼ਾ ਦੇਣ ਸਬੰਧੀ ਬਿੱਲ ਲਿਆਉਣਾ ਚਾਹੀਦਾ ਹੈ ਤਾਂ ਜੋ ਅਜਿਹੇ ਲੋਕਾਂ ਦੇ ਦਿਲਾਂ 'ਚ ਡਰ ਪੈਦਾ ਹੋਵੇ ਅਤੇ ਅਜਿਹੀਆਂ ਘਟਨਾਵਾਂ ਭਵਿੱਖ 'ਚ ਨਾ ਹੋ ਸਕਣ।
-ਨਵਜੋਤ ਕੌਰ ਸਿੱਧੂ ਅਧਿਆਪਕਾ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਛੋਟੀਆਂ ਬੱਚੀਆਂ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਵੀ ਸਖਤ ਸਜ਼ਾ ਦੀ ਵਿਵਸਥਾ ਕਰੇ ਤਾਂ ਜੋ ਕੋਈ ਮਾਸੂਮ ਬੱਚੀਆਂ ਦਾ ਸ਼ੋਸ਼ਣ ਕਰਨ ਬਾਰੇ ਸੋਚ ਵੀ ਨਾ ਸਕੇ। ਪੰਜਾਬ ਦਾ ਕੋਈ ਵੀ ਜ਼ਿਲਾ ਅਜਿਹਾ ਨਹੀਂ, ਜਿਥੇ ਬੱਚੀਆਂ ਨਾਲ ਜਬਰ-ਜ਼ਨਾਹ ਦੇ ਮਾਮਲੇ ਦਰਜ ਨਾ ਹੋਏ ਹੋਣ। ਸਰਕਾਰ ਨੂੰ ਅਜਿਹੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਸਬੰਧੀ ਬਿੱਲ ਬਾਕੀ ਰਾਜਾਂ ਤੋਂ ਪਹਿਲਾਂ ਪਾਸ ਕਰਨਾ ਚਾਹੀਦਾ ਹੈ।
-ਨਵਪ੍ਰੀਤ ਕੌਰ ਸਟਾਫ ਨਰਸ।


Related News