ਪਟੇਲ ਕੰਪਨੀ ਨੇ ਡਿਵਾਈਡਰ ਢਾਹ ਕੇ ਦੁਬਾਰਾ ਬਣਾਉਣੇ ਕੀਤੇ ਸ਼ੁਰੂ
Wednesday, Jul 25, 2018 - 02:07 AM (IST)
ਮਾਨਸਾ(ਸੰਦੀਪ ਮਿੱਤਲ)-ਇੱਥੋਂ ਦੇ ਤਿੰਨਕੋਨੀ ਚੌਕ ਵਿਖੇ ਗਲਤ ਬਣੇ ਡਿਵਾਈਡਰਾਂ ਸਬੰਧੀ ‘ਜਗ ਬਾਣੀ’ ’ਚ ਲੱਗੀ ਖ਼ਬਰ ਉਸ ਸਮੇਂ ਰੰਗ ਲਿਆਈ, ਜਦੋਂ ਪਟੇਲ ਕੰਪਨੀ ਨੇ ਇੱਥੇ ਬਣੇ ਡਿਵਾਈਡਰ ਢਾਹ ਕੇ ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਤਿੰਨਕੋਨੀ ਚੌਕ ਵਿਖੇ ਡਿਵਾਈਡਰਾਂ ਦੇ ਗਲਤ ਤੌਰ ’ਤੇ ਬਣੇ ਹੋਣ ਕਾਰਨ ਤੇ ਉਨ੍ਹਾਂ ’ਤੇ ਕੋਈ ਨਿਸ਼ਾਨ ਚਿੰਨ੍ਹ ਨਾ ਲੱਗਿਆ ਹੋਣ ਕਾਰਨ ਸਰਦੂਲਗਡ਼੍ਹ-ਸਿਰਸਾ ਵੱਲੋਂ ਆ ਰਹੇ ਵਹੀਕਲ ਰਾਤ ਸਮੇਂ ਅਕਸਰ ਡਿਵਾਈਡਰਾਂ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਜਾਂਦੇ ਸਨ। ਰੋਜ਼ਾਨਾ ਹੋ ਰਹੇ ਇਨ੍ਹਾਂ ਹਾਦਸਿਆਂ ਦੀ ਸਮੱਸਿਆ ਨੂੰ ਜਮਹੂਰੀ ਅਧਿਕਾਰ ਸਭਾ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਬਲਕਰਨ ਬੱਲੀ ਨੇ ਉਠਾਇਆ ਸੀ, ਜਿਸ ਨੂੰ ‘ਜਗ ਬਾਣੀ’ ਅਖਬਾਰ ਨੇ ਪ੍ਰਮੁੱਖਤਾ ਨਾਲ ਛਾਪਿਆ ਸੀ, ਜਿਸ ’ਤੇ ਖਬਰ ਦੇ ਅਸਰ ਨਾਲ ਪਿਛਲੇ ਦੋ ਦਿਨਾਂ ਤੋਂ ਡਿਵਾਈਡਰ ਨੂੰ ਢਾਹ ਕੇ ਦੁਬਾਰਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਡਿਵਾਈਡਰ ਨੂੰ ਪਟੇਲ ਕੰਪਨੀ ਵੱਲੋਂ ਢਾਹ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ। ਜਮਹੂਰੀ ਅਧਿਕਾਰ ਸਭਾ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਬਲਕਰਨ ਬੱਲੀ ਨੇ ‘ਜਗ ਬਾਣੀ’ ਅਖਬਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਨੂੰ ਲੋਕ ਸਮੱਸਿਆਵਾਂ ਤੇ ਲੋਕ ਮੁੱਦੇ ਉਠਾਉਣੇ ਚਾਹੀਦੇ ਹਨ ਤਾਂ ਜੋ ਲੋਕ ਸਮੱਸਿਆਵਾਂ ਤੋਂ ਮੁੱਖ ਮੋਡ਼ੇ ਬੈਠੇ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹੀਆਂ ਜਾ ਸਕਣ।
