ਚੋਣ ਜ਼ਾਬਤੇ ਦੀਆਂ ਜਨਰਲ ਜੇ. ਜੇ. ਸਿੰਘ ਉਡਾ ਰਹੇ ਨੇ ਧੱਜੀਆਂ
Monday, Apr 08, 2019 - 05:17 PM (IST)
ਤਰਨਤਾਰਨ (ਰਮਨ) : ਭਾਰਤ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਪੂਰੇ ਦੇਸ਼ 'ਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਸੀ ਪਰ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਖੇ ਉਮੀਦਵਾਰ ਵਲੋਂ ਸ਼ਰੇਆਮ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਜਾਣ ਨਾਲ ਚੋਣ ਜ਼ਾਬਤੇ ਨੂੰ ਟਿੱਚ ਸਮਝਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ 'ਚ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਵਲੋਂ ਕਰੀਬ ਅੱਧੀ ਦਰਜਨ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਅਧੀਨ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
ਜਾਣਕਾਰੀ ਅਨੁਸਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਮੈਦਾਨ 'ਚ ਉੱਤਰੇ ਅਕਾਲੀ ਟਕਸਾਲੀ ਪਾਰਟੀ ਦੇ ਉਮੀਦਵਾਰ ਜਨਰਲ ਜੇ. ਜੇ. ਸਿੰਘ (ਸਾਬਕਾ ਫੌਜ ਮੁਖੀ) ਵਲੋਂ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਦੇ ਬੱਚਿਆਂ ਨੂੰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਤੋਹਫੇ ਦੇ ਰੂਪ 'ਚ ਨਵੀਆਂ ਕਾਪੀਆਂ, ਪੈਨਸਲਾਂ, ਰਬੜਾਂ, ਪੈੱਨ ਆਦਿ ਸਟੇਸ਼ਨਰੀ ਦੇ ਪੈਕਟ ਬਣਾ ਵੰਡੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪੈਕਟ ਫਰਵਰੀ ਮਹੀਨੇ ਤੋਂ ਹੀ ਇਸ ਲੋਕ ਸਭਾ ਹਲਕੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਖੇਮਕਰਨ, ਪੱਟੀ, ਤਰਨਤਾਰਨ, ਖਡੂਰ ਸਾਹਿਬ ਆਦਿ ਵਿਖੇ ਹੁਣ ਤੱਕ ਵੰਡੇ ਜਾ ਰਹੇ ਹਨ। ਜਨਰਲ ਜੇ. ਜੇ. ਸਿੰਘ ਵਲੋਂ ਇਹ ਨਵੀਂ ਸਟੇਸ਼ਨਰੀ ਦਾ ਪੈਕਟ, ਜਿਸ ਦੇ ਉੱਪਰ ਉਨ੍ਹਾਂ ਦਾ ਨਾਮ ਕਰਟੇਸੀ ਜਨਰਲ ਜੇ. ਜੇ. ਸਿੰਘ” ਦਾ ਸਟਿੱਕਰ ਚਿਪਕਾਇਆ ਗਿਆ ਹੈ, ਨੂੰ ਵੰਡਿਆ ਜਾਂਦਾ ਰਿਹਾ ਹੈ। ਇੰਨਾ ਹੀ ਨਹੀਂ ਕਈਆਂ ਨੂੰ ਜਨਰਲ ਜੇ. ਜੇ. ਸਿੰਘ ਵਲੋਂ ਆਪਣੇ ਨਾਮ ਦੇ ਛਾਪੇ ਵਾਲੇ ਵਧੀਆ ਪੈੱਨ ਵੀ ਵੰਡੇ ਜਾ ਰਹੇ ਹਨ।
ਹਾਲਾਂਕਿ ਜਨਰਲ ਜੇ. ਜੇ. ਸਿੰਘ ਦਾ ਮੰਨਣਾ ਹੈ ਕਿ ਇਹ ਸਟੇਸ਼ਨਰੀ ਦੇ ਪੈਕਟ ਦਾ ਵੋਟਾਂ ਨਾਲ ਕੋਈ ਵੀ ਸਬੰਧ ਨਹੀਂ ਹੈ ਕਿਉਂਕਿ ਇਹ ਸਕੂਲੀ ਬੱਚਿਆਂ ਨੂੰ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਲਾਉਣ ਦਾ ਇਕ ਚੰਗਾ ਸੰਦੇਸ਼ ਦੇ ਰਿਹਾ ਹੈ। ਜਨਰਲ ਜੇ.ਜੇ. ਸਿੰਘ ਨੂੰ ਆਪਣੇ ਵਰਕਰਾਂ ਨਾਲ ਚੋਣ ਪ੍ਰਚਾਰ ਕਰਨ ਸਮੇਂ ਜਦੋਂ ਕੋਈ ਸਕੂਲ ਵਿਖਾਈ ਦਿੰਦਾ ਹੈ ਤਾਂ ਉਹ ਆਪਣੇ ਵਲੋਂ ਇਹ ਸਟੇਸ਼ਨਰੀ ਦੇ ਪੈਕਟ ਸਕੂਲੀ ਬੱਚਿਆਂ ਨੂੰ ਉਪਹਾਰ ਵਜੋਂ ਵੰਡਣ ਲੱਗ ਜਾਂਦੇ ਹਨ।
ਤੁਰੰਤ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਸੱਭਰਵਾਲ
ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਹ ਮਾਮਲਾ ਚੋਣ ਜ਼ਾਬਤੇ ਦੀ ਸਾਫ ਉਲ਼ੰਘਣਾ ਕਰਦਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਹੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਉਹ ਤੁਰੰਤ ਉਸ 'ਤੇ ਕਾਰਵਾਈ ਕਰਨਗੇ।