ਜੇ. ਈ. ਈ. ਮੇਨਸ ਦਾ ਨਤੀਜਾ ਪ੍ਰਿਯਾਂਸ਼ੂ ਮਦਾਨ ਨੇ 162ਵਾਂ ਕੀਤਾ ਹਾਸਲ
Tuesday, May 01, 2018 - 06:06 AM (IST)

ਪਟਿਆਲਾ, (ਪ੍ਰਤਿਭਾ)- ਸੀ. ਬੀ. ਐੱਸ. ਈ. ਵੱਲੋਂ ਜੇ. ਈ. ਈ. ਮੇਨਸ ਦਾ ਨਤੀਜਾ ਦੇਰ ਸ਼ਾਮ ਨੂੰ ਜਾਰੀ ਹੋਇਆ। ਸ਼ਾਹੀ ਸ਼ਹਿਰ ਦੇ ਪ੍ਰਿਯਾਂਸ਼ੂ ਮਦਾਨ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਲ ਇੰਡੀਆ ਰੈਂਕਿੰਗ 162 ਹਾਸਲ ਕੀਤੀ ਹੈ, ਜਦਕਿ ਚਿਰਾਗ ਸਿੰਗਲਾ ਨੇ 166 ਰੈਂਕ ਹਾਸਲ ਕੀਤਾ ਹੈ। ਪ੍ਰਿਯਾਂਸ਼ੂ ਨੇ ਆਈ ਕਵੈਸਟ ਤੋਂ ਕੋਚਿੰਗ ਲਈ ਹੈ ਅਤੇ ਚਿਰਾਗ ਸਿੰਗਲਾ ਲਕਸ਼ੇ ਇੰਸਟੀਚਿਊਟ ਦੇ ਵਿਦਿਆਰਥੀ ਹਨ। ਉਥੇ ਲਕਸ਼ੇ ਦੇ ਅਮਨਰੀਤ ਸਿੰਘ ਨੇ 279 ਰੈਂਕਿੰਗ ਹਾਸਲ ਕੀਤੀ ਹੈ, ਜਦਕਿ ਆਈ ਕਵੈਸਟ ਦੇ ਹਿਮਾਂਸ਼ੂ ਗੋਇਲ ਨੇ ਆਲ ਇੰਡੀਆ 984 ਰੈਂਕਿੰਗ ਹਾਸਲ ਕੀਤੀ ਹੈ। ਆਈ ਕਵੈਸਟ ਦੇ ਇੰਚਾਰਜ ਵਿਨੇ ਸ਼ਰਮਾ ਤੇ ਪਟਿਆਲਾ ਦੇ ਅਕੈਡਮਿਕ ਕੋਆਰਡੀਨੇਟਰ ਹਾਸ਼ਿਮ ਅੰਸਾਰੀ ਨੇ ਦੋਵੇਂ ਬੱਚਿਆਂ ਦੀ ਸਫਲਤਾ 'ਤੇ ਵਧਾਈ ਦਿੱਤੀ।
ਪੰਜਾਬੀ ਯੂਨੀਵਰਸਿਟੀ ਦੇ ਵਿਭਾਗ ਪ੍ਰਧਾਨ ਡਾ. ਡੀ. ਕੇ. ਮਦਾਨ ਦੇ ਬੇਟੇ ਪ੍ਰਿਯਾਂਸ਼ੂ ਮਦਾਨ ਦੀ ਰੈਂਕਿੰਗ ਸ਼ਹਿਰ ਵਿਚ ਫਿਲਹਾਲ ਸਭ ਤੋਂ ਵਧੀਆ ਹੈ। ਪ੍ਰਿਯਾਂਸ਼ੂ ਨੇ ਕਿਹਾ ਕਿ ਉਹ ਆਪਣੀ ਰੈਂਕਿੰਗ ਤੋਂ ਖੁਸ਼ ਹੈ ਅਤੇ ਉਸ ਦੇ ਪਿਤਾ-ਮਾਤਾ ਵੀ ਕਾਫੀ ਸੰਤੁਸ਼ਟ ਹਨ। ਪਿਤਾ ਡੀ. ਕੇ. ਮਦਾਨ ਨੇ ਕਿਹਾ ਕਿ ਪ੍ਰਿਯਾਂਸ਼ੂ ਦਿਨ ਵਿਚ 7-8 ਘੰਟੇ ਪੜ੍ਹਾਈ ਕਰਦਾ ਹੈ। ਹੁਣ 20 ਮਈ ਨੂੰ ਹੋਣ ਵਾਲੇ ਜੇ. ਈ. ਈ. ਐਡਵਾਂਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਉਸ ਦਾ ਮਕਸਦ ਆਈ. ਆਈ. ਟੀ. ਵਿਚ ਐਡਮਿਸ਼ਨ ਲੈਣ ਦਾ ਹੈ। ਉਸ ਦੇ ਇਸ ਸੁਪਨੇ ਵਿਚ ਉਹ ਪੂਰਾ ਸਾਥ ਦੇ ਰਹੇ ਹਨ। ਜਿਸ ਵੀ ਚੀਜ਼ ਦੀ ਲੋੜ ਹੁੰਦੀ ਹੈ, ਉਸ ਨੂੰ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਰਹਿੰਦੀ ਹੈ ਤਾਂ ਕਿ ਉਹ ਅਡਵਾਂਸ ਵਿਚ ਹੋਰ ਵਧੀਆ ਅੰਕ ਲੈ ਸਕੇ।
ਜੇ. ਈ. ਈ. ਐਡਵਾਂਸ ਦੀ ਤਿਆਰੀ ਕਰ ਰਿਹੈ ਚਿਰਾਗ
ਚਿਰਾਗ ਸਿੰਗਲਾ ਆਪਣੇ ਰੈਂਕ ਤੋਂ ਖੁਸ਼ ਹੈ ਅਤੇ ਉਹ ਵੀ ਜੇ. ਈ. ਈ. ਐਡਵਾਂਸ ਦੀ ਤਿਆਰੀ ਕਰ ਰਿਹਾ ਹੈ। ਚਿਰਾਗ ਦਾ ਕਹਿਣਾ ਹੈ ਕਿ ਮਿਹਨਤ ਹਰ ਕੰਮ ਲਈ ਜ਼ਰੂਰੀ ਹੈ। ਉਹ ਦਿਨ ਵਿਚ 10 ਤੋਂ 15 ਘੰਟੇ ਪੜ੍ਹਾਈ ਕਰਦਾ ਹੈ। ਫਿਲਹਾਲ ਜੇ. ਈ. ਈ. ਐਡਵਾਂਸ ਵਿਚ ਵਧੀਆ ਰੈਂਕ ਹਾਸਲ ਕਰਨਾ ਹੈ ਤਾਂ ਹੀ ਫਾਇਦਾ ਹੈ। ਉਸ ਨੇ ਕਿਹਾ ਕਿ ਪਰਿਵਾਰ ਨੇ ਉਸ ਨੂੰ ਹਮੇਸ਼ਾ ਹੀ ਸਹਿਯੋਗ ਦਿੱਤਾ ਹੈ।
ਅਮਨਰੀਤ ਵੀ ਅਗਲੀ ਪ੍ਰੀਖਿਆ ਦੀ ਤਿਆਰੀ 'ਚ
279 ਰੈਂਕ ਹਾਸਲ ਕਰਨ ਵਾਲਾ ਅਮਨਰੀਤ ਵੀ ਅਗਲੀ ਪ੍ਰੀਖਿਆ ਦੀ ਤਿਆਰੀ ਵਿਚ ਹੈ ਤਾਂ ਕਿ ਇਸ ਰੈਂਕ ਵਿਚ ਹੋਰ ਜ਼ਿਆਦਾ ਸੁਧਾਰ ਕਰ ਸਕੇ। ਆਈ. ਆਈ. ਟੀ. ਵਿਚ ਜਾਣ ਦੀ ਇੱਛਾ ਰੱਖਣ ਵਾਲੇ ਅਮਨਰੀਤ ਦਾ ਕਹਿਣਾ ਹੈ ਕਿ ਉਹ ਦਿਨ ਵਿਚ 10 ਘੰਟੇ ਤੋਂ ਵੱਧ ਪੜ੍ਹਾਈ ਕਰਦਾ ਹੈ। ਹੁਣ ਇਸ ਸਮੇਂ ਨੂੰ ਹੋਰ ਵਧਾਏਗਾ।
ਰੈਂਕਿੰਗ ਤੋਂ ਜ਼ਿਆਦਾ ਖੁਸ਼ ਨਹੀਂ ਹਿਮਾਂਸ਼ੂ
ਇਕ ਪਾਸੇ ਜਿੱਥੇ ਸ਼ਾਹੀ ਸ਼ਹਿਰ ਦੇ ਪ੍ਰਿਯਾਂਸ਼ੂ ਮਦਾਨ ਅਤੇ ਚਿਰਾਗ ਸਿੰਗਲਾ ਆਪਣੇ ਨਤੀਜੇ ਤੋਂ ਖੁਸ਼ ਹਨ, ਉਥੇ ਹਿਮਾਂਸ਼ੂ ਆਪਣੀ ਰੈਂਕਿੰਗ ਤੋਂ ਬਹੁਤ ਜ਼ਿਆਦਾ ਖੁਸ਼ ਨਹੀਂ। ਉਸ ਦਾ ਕਹਿਣਾ ਹੈ ਕਿ ਉਸ ਵੱਲੋਂ ਕੀਤੀ ਮਿਹਨਤ ਮੁਤਾਬਕ ਨਤੀਜਾ ਨਹੀਂ ਮਿਲਿਆ, ਉਸ ਦੇ ਹਿਸਾਬ ਨਾਲ ਰੈਂਕਿੰਗ ਨਹੀਂ ਆਈ। ਫਿਰ ਵੀ ਹੁਣ ਅੱਗੇ ਦੀ ਪੜ੍ਹਾਈ ਬਾਰੇ ਸੋਚਣਾ ਹੈ।