ਬਲਦੀ ''ਤੇ ਤੇਲ ਪਾਉਣ ਵਾਲੀਆਂ ਹਰਕਤਾਂ ਨੂੰ ਮੋੜਨੀ ਪਵੇਗੀ ''ਮੁਹਾਰ''

Thursday, Mar 14, 2019 - 10:07 AM (IST)

ਬਲਦੀ ''ਤੇ ਤੇਲ ਪਾਉਣ ਵਾਲੀਆਂ ਹਰਕਤਾਂ ਨੂੰ ਮੋੜਨੀ ਪਵੇਗੀ ''ਮੁਹਾਰ''

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਜੰਮੂ-ਕਸ਼ਮੀਰ ਦਾ 1947 ਤੋਂ ਬਾਅਦ ਦੇ ਸਾਲਾਂ ਦਾ ਇਤਿਹਾਸ, 1990 ਦੇ ਆਸ-ਪਾਸ ਇਸ ਸੂਬੇ 'ਚ ਸ਼ੁਰੂ ਹੋਏ, ਅੱਤਵਾਦ ਦੇ ਜ਼ਿਕਰ ਤੋਂ ਬਗੈਰ ਅਧੂਰਾ ਹੀ ਰਹੇਗਾ। ਅੱਤਵਾਦ ਦੇ ਖੂਨੀ ਸਾਲਾਂ ਵਿਚ ਜਿਸ ਤਰ੍ਹਾਂ ਅੱਗ ਦੇ ਭਾਂਬੜ ਬਾਲੇ ਗਏ, ਉਨ੍ਹਾਂ ਨੇ ਮਨੁੱਖਤਾ ਦਾ ਵੱਡਾ ਘਾਣ ਕੀਤਾ। ਇਸ ਦੇ ਨਾਲ ਮੌਤ ਦਾ ਇਕ ਹੋਰ ਤਾਂਡਵ ਪਾਕਿਸਤਾਨੀ ਸੈਨਿਕਾਂ ਵੱਲੋਂ ਸਰਹੱਦੀ ਖੇਤਰਾਂ 'ਚ ਕੀਤੀ ਜਾਂਦੀ ਗੋਲੀਬਾਰੀ ਨੇ ਵੀ ਕੀਤਾ, ਜਿਸ ਨੇ ਹੱਸਦੀਆਂ-ਵੱਸਦੀਆਂ ਅਣਗਿਣਤ ਔਰਤਾਂ ਦੇ ਮੁਕੱਦਰ 'ਚ ਵਿਧਵਾ ਹੋਣ ਦਾ ਸਰਾਪ ਲਿਖ ਦਿੱਤਾ।
ਸਾਰਾ ਸੰਸਾਰ ਜਾਣਦਾ ਹੈ ਕਿ ਅੱਤਵਾਦ ਦੀਆਂ ਤਾਰਾਂ ਪਾਕਿਸਤਾਨ ਦੀ ਧਰਤੀ ਤੋਂ ਹੀ ਹਿਲਾਈਆਂ ਜਾਂਦੀਆਂ ਰਹੀਆਂ ਹਨ ਅਤੇ ਗੋਲੀਆਂ ਦੀ ਵਾਛੜ ਵੀ ਸਰਹੱਦ ਪਾਰ ਤੋਂ ਹੀ ਕੀਤੀ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਾਡੀ ਧਰਤੀ ਤੋਂ ਵੀ ਕੁਝ ਹਰਕਤਾਂ ਅਜਿਹੀਆਂ ਹੁੰਦੀਆਂ ਰਹੀਆਂ, ਜਿਨ੍ਹਾਂ ਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਹੀ ਕੀਤਾ। ਇਨ੍ਹਾਂ ਹਰਕਤਾਂ/ਆਵਾਜ਼ਾਂ ਵਿਚ ਸਿਆਸੀ ਅਤੇ ਗੈਰ-ਸਿਆਸੀ ਦੋਵੇਂ ਹੀ ਸ਼ਾਮਲ ਹਨ। ਜੇਕਰ ਇਨ੍ਹਾਂ ਆਵਾਜ਼ਾਂ ਨੇ ਜੰਮੂ-ਕਸ਼ਮੀਰ ਦੇ ਆਵਾਮ ਅਤੇ ਖਾਸ ਕਰਕੇ ਨੌਜਵਾਨ ਸ਼ਕਤੀ ਨੂੰ ਪ੍ਰੇਰਿਤ ਕੀਤਾ ਹੁੰਦਾ, ਸਿੱਧੇ ਰਸਤੇ ਤੋਰਿਆ ਹੁੰਦਾ ਤਾਂ ਇਸ ਬਦਕਿਸਮਤ ਸੂਬੇ ਦੇ ਹਾਲਾਤ ਕੁਝ ਹੋਰ ਹੁੰਦੇ।

ਵਕਤ ਦਾ ਤਕਾਜ਼ਾ ਤਾਂ ਇਹੀ ਹੈ ਕਿ ਅੱਤਵਾਦ ਅਤੇ ਗੋਲੀਬਾਰੀ ਨੂੰ ਨਕੇਲ ਪਾਉਣ ਲਈ ਹੋਰ ਪ੍ਰਬੰਧਾਂ ਦੇ ਨਾਲ-ਨਾਲ ਮਾਹੌਲ ਵਿਗਾੜਨ ਦੇ ਰਾਹ ਤੁਰੀਆਂ ਆਵਾਜ਼ਾਂ ਅਤੇ ਹਰਕਤਾਂ ਨੂੰ ਵੀ ਆਪਣੀ 'ਮੁਹਾਰ' ਮੋੜਨੀ ਪਵੇਗੀ। ਉਦੋਂ ਤੱਕ ਅੱਤਵਾਦ ਪੀੜਤਾਂ ਅਤੇ ਸਰਹੱਦੀ ਲੋਕਾਂ ਦੇ ਮੱਥੇ ਤੋਂ ਚਿੰਤਾ ਦੀਆਂ ਲਕੀਰਾਂ ਮਿਟਣੀਆਂ ਅਸੰਭਵ ਹਨ। ਦੂਹਰੀ ਮਾਰ ਹੇਠ ਆਏ ਲੋਕਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਲਈ ਸਰਕਾਰ ਨੂੰ ਵੀ ਕੁਝ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।

ਸਰਹੱਦੀ ਖੇਤਰਾਂ ਵਿਚ ਦਹਿਸ਼ਤ ਦੇ ਸਾਏ ਹੇਠ ਜੀਵਨ ਗੁਜ਼ਾਰ ਰਹੇ ਪ੍ਰਭਾਵਿਤ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਦੇ ਮਕਸਦ ਨਾਲ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ 500ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਆਰ. ਐੱਸ. ਪੁਰਾ ਸੈਕਟਰ ਦੇ ਪਿੰਡ ਬਾਸਪੁਰ ਵਿਚ ਵੰਡੀ ਗਈ ਸੀ। ਇਸ ਮੌਕੇ 'ਤੇ ਵੱਖ-ਵੱਖ ਪਿੰਡਾਂ ਤੋਂ ਜੁੜੇ ਪਰਿਵਾਰਾਂ ਨੂੰ ਜਲੰਧਰ ਦੇ ਕਾਂਗਰਸੀ ਨੇਤਾ ਅਤੇ ਬੇਕਰੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਦੇਸ਼ ਵਿੱਜ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਭਿਜਵਾਇਆ ਆਟਾ, ਚਾਵਲ ਅਤੇ ਰਸੋਈ ਦਾ  ਸਾਮਾਨ ਵੰਡਿਆ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਇਲਾਕੇ ਦੇ ਸਮਾਜ ਸੇਵੀ ਸ਼੍ਰੀ ਸੁਭਾਸ਼ ਜਸਗੋਤਰਾ ਨੇ ਕਿਹਾ ਕਿ ਆਰ. ਐੱਸ. ਪੁਰਾ ਅਤੇ ਜੰਮੂ ਦੇ ਹੋਰ ਇਲਾਕਿਆਂ ਵਿਚ ਸਰਹੱਦੀ ਲੋਕਾਂ ਅਤੇ ਪਾਕਿਸਤਾਨ ਤੋਂ ਆਏ ਰਫਿਊਜੀਆਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਸਮੇਂ ਦੀਆਂ ਸਰਕਾਰਾਂ ਨੇ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ ਨੇ 1971 'ਚ ਜੰਮੂ-ਕਸ਼ਮੀਰ ਆ ਕੇ ਰਫਿਊਜੀਆਂ ਦੀਆਂ ਸਮੱਸਿਆਵਾਂ ਖੁਦ ਸੁਣੀਆਂ ਅਤੇ ਫਿਰ ਆਪਣੀਆਂ ਲਿਖਤਾਂ ਤੇ ਖਬਰਾਂ ਰਾਹੀਂ ਉਨ੍ਹਾਂ ਦੇ ਹੱਕ 'ਚ ਜ਼ੋਰਦਾਰ ਢੰਗ ਨਾਲ ਆਵਾਜ਼ ਵੀ ਉਠਾਈ।
ਸ਼੍ਰੀ ਜਸਗੋਤਰਾ ਨੇ ਕਿਹਾ ਕਿ ਜਿਸ ਤਰ੍ਹਾਂ ਲਾਲਾ ਜੀ ਨੇ ਇਸ ਸੂਬੇ ਦੇ ਲੋਕਾਂ ਦੇ ਦੁੱਖ-ਦਰਦ ਨੂੰ ਵੰਡਾਉਣ ਦੀ ਕੋਸ਼ਿਸ਼ ਕੀਤੀ ਸੀ, ਅੱਜ ਉਨ੍ਹਾਂ ਹੀ ਕਦਮਾਂ 'ਤੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਚੱਲ ਰਹੇ ਹਨ, ਜਿਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਲਈ ਕਰੋੜਾਂ ਰੁਪਏ ਦੀ ਸਮੱਗਰੀ ਭਿਜਵਾਈ ਹੈ ਅਤੇ ਅਖਬਾਰਾਂ ਰਾਹੀਂ ਵੀ ਇਥੋਂ ਦੇ ਮਸਲੇ ਉਜਾਗਰ ਕਰ ਰਹੇ ਹਨ।

ਦੇਸ਼ ਦੀ ਏਕਤਾ ਅਤੇ ਅਖੰਡਤਾ 'ਤੇ ਪਹਿਰਾ ਦੇਣ ਦੀ ਲੋੜ: ਵਰਿੰਦਰ ਸ਼ਰਮਾ
ਰਾਹਤ ਮੁਹਿੰਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਸਮੱਗਰੀ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਨੇ ਹਮੇਸ਼ਾ ਦੇਸ਼ ਦੀ ਏਕਤਾ ਅਤੇ ਅਖੰਡਤਾ 'ਤੇ ਮਜ਼ਬੂਤੀ ਨਾਲ ਪਹਿਰਾ ਦਿੱਤਾ। ਅੱਜ ਸਾਰੇ ਦੇਸ਼ਵਾਸੀਆਂ ਨੂੰ ਇਹ ਰਾਹ ਅਪਣਾਉਣ ਦੀ ਲੋੜ ਹੈ ਤਾਂ ਹੀ ਸਾਡਾ ਦੇਸ਼ ਵਿਸ਼ਵ ਦੀ ਸਿਰਕੱਢ ਤਾਕਤ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਭਾਰਤ ਇਕ ਹੈ ਅਤੇ ਇਨ੍ਹਾਂ ਭਾਵਨਾਵਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਸਰਹੱਦੀ ਖੇਤਰਾਂ ਦੇ ਪਰਿਵਾਰਾਂ ਅਤੇ ਅੱਤਵਾਦ ਪੀੜਤਾਂ ਦਾ ਦਰਦ ਪੂਰੀ ਸ਼ਿੱਦਤ ਨਾਲ ਨਾ ਸਮਝ ਸਕੀਆਂ ਅਤੇ ਨਾ ਹੀ ਵੰਡਾ ਸਕੀਆਂ ਹਨ। ਇਹੋ ਕਾਰਨ ਹੈ ਕਿ ਇਹ ਲੋਕ ਅੱਜ ਤੱਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ। ਉਨ੍ਹਾਂ ਇਸ ਗੱਲ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਕਿ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ ਦਾ ਕਿਸੇ ਸਿਆਸੀ ਪਾਰਟੀ, ਜਾਤੀ ਜਾਂ ਧਰਮ ਨਾਲ ਕੋਈ ਸਬੰਧ ਨਹੀਂ ਹੈ। ਇਸ ਮਹਿੰਮ ਰਾਹੀਂ ਬਿਨਾਂ ਕਿਸੇ ਵਿਤਕਰੇ ਦੇ ਪੀੜਤਾਂ ਦੀ ਸਹਾਇਤਾ ਕੀਤੀ ਜਾਂਦੀ ਹੈ।

ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ : ਤਰੁਣਜੀਤ ਟੋਨੀ
ਇਲਾਕੇ ਦੇ ਸਮਾਜ ਸੇਵੀ ਆਗੂ ਸ਼੍ਰੀ ਤਰੁਣਜੀਤ ਸਿੰਘ ਟੋਨੀ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਤਾਰ-ਵਾੜ ਦੇ ਅੰਦਰ ਸਰਹੱਦ ਕੰਢੇ ਹੈ, ਉਨ੍ਹਾਂ ਨੂੰ ਫਸਲਾਂ ਨਾ ਬੀਜ ਸਕਣ ਦੇ ਸਬੰਧ 'ਚ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਿਹੜੀ ਫਸਲ ਤਾਰ-ਵਾੜ ਤੋਂ ਬਾਹਰ ਹੈ, ਉਹ ਵੀ ਕੁਝ ਖੇਤਰਾਂ 'ਚ ਬੇਮੌਸਮੀ ਬਾਰਿਸ਼ ਕਾਰਨ ਬਰਬਾਦ ਹੋ ਗਈ ਹੈ। ਨਤੀਜੇ ਵਜੋਂ ਇਸ ਵਾਰ ਕਿਸਾਨਾਂ ਕੋਲ ਸਾਲ ਭਰ ਖਾਣ ਲਈ ਦਾਣੇ ਵੀ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਰਹੱਦੀ ਕਿਸਾਨਾਂ ਦਾ ਦਰਦ ਸਮਝਣਾ ਚਾਹੀਦਾ ਹੈ ਅਤੇ ਬਾਰਿਸ਼ ਤੋਂ ਪ੍ਰਭਾਵਿਤ ਫਸਲਾਂ ਦਾ ਮੁਆਵਜ਼ਾ ਵੀ ਤੁਰੰਤ  ਦੇਣਾ ਚਾਹੀਦਾ ਹੈ।

ਲੁਧਿਆਣਾ ਦੇ ਹਰਦਿਆਲ ਸਿੰਘ ਅਮਨ ਨੇ ਕਿਹਾ ਕਿ ਸਰਹੱਦੀ ਪਰਿਵਾਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਸਾਰੀ ਉਮਰ ਦੀ ਮਿਹਨਤ-ਮੁਸ਼ੱਕਤ ਨਾਲ ਤੀਲਾ-ਤੀਲਾ ਜੋੜ ਕੇ ਆਲ੍ਹਣਾ ਬਣਾਉਂਦੇ ਹਨ ਪਰ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਪਲਾਂ 'ਚ ਹੀ ਉਨ੍ਹਾਂ ਨੂੰ ਉਜਾੜ ਦਿੰਦੀ ਹੈ। ਆਪਣੇ ਘਰ-ਘਾਟ ਹੁੰਦਿਆਂ ਵੀ ਇਹ ਲੋਕ ਬੇਘਰਿਆਂ ਅਤੇ ਸ਼ਰਨਾਰਥੀਆਂ ਵਾਂਗ ਭਟਕਦੇ ਰਹਿੰਦੇ ਹਨ।
ਰਾਜੇਸ਼ ਭਗਤ ਨੇ ਬੜੇ ਭਾਵੁਕ ਅੰਦਾਜ਼ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਨ ਨੂੰ ਇਨਸਾਨ ਦੇ ਕੰਮ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਤਾਂ-ਪਾਤਾਂ ਤਾਂ ਆਦਮੀ ਨੇ ਬਣਾਈਆਂ ਹਨ, ਪ੍ਰਮਾਤਮਾ ਨੇ ਤਾਂ ਸਾਰੇ ਇਨਸਾਨ ਇਕੋ ਜਿਹੇ ਬਣਾਏ ਹਨ। ਇਸ ਲਈ ਸਾਨੂੰ ਹਰ ਕਿਸੇ ਦਾ ਦੁੱਖ-ਦਰਦ ਸਮਝਣਾ ਅਤੇ ਵੰਡਾਉਣਾ ਚਾਹੀਦਾ ਹੈ।

ਇਸ ਮੌਕੇ 'ਤੇ ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼, ਅਜੇ ਕੁਮਾਰ ਟੈਂਟ ਹਾਊਸ ਵਾਲੇ, ਗੁਲਜ਼ਾਰ ਸਿੰਘ ਅਤੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਵੀ ਮੌਜੂਦ ਸਨ। ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰ ਬਾਸਪੁਰ ਬੰਗਲਾ, ਅਬਦੁੱਲੀਆਂ, ਸ਼ਾਮਕਾ ਲੰਗੜੇਵਾਲ ਆਦਿ ਪੰਚਾਇਤਾਂ ਨਾਲ ਸਬੰਧਤ ਸਨ।


author

Shyna

Content Editor

Related News