ਇਤਿਹਾਸ ਦੀ ਡਾਇਰੀ: ਅੱਜ ਦੇ ਦਿਨ ਹੋਇਆ ਸੀ ਸ਼੍ਰੀਲੰਕਾ ਦੀ ਕਿ੍ਰਕਟ ਟੀਮ ’ਤੇ ਪਾਕਿ ’ਚ ਅੱਤਵਾਦੀ ਹਮਲਾ (ਵੀਡੀਓ)

03/03/2020 10:54:00 AM

ਜਲੰਧਰ (ਬਿਊਰੋ): 'ਜਗ ਬਾਣੀ' ਟੀ.ਵੀ ਦਾ ਖਾਸ ਪ੍ਰੋਗਰਾਮ 'ਇਤਿਹਾਸ ਦੀ ਡਾਇਰੀ'। ਅੱਜ 3 ਮਾਰਚ ਹੈ ਤੇ ਇਹ ਤਾਰੀਖ ਕ੍ਰਿਕੇਟ ਇਤਿਹਾਸ 'ਚ ਕਾਲੀ ਤਾਰੀਖ ਵੱਜੋਂ ਦਰਜ ਹੈ।  ਸਾਲ 2009 ਦਾ ਉਹ ਮੰਦਭਾਗਾ ਦਿਨ ਸੀ ਜਦੋਂ ਪਾਕਿਸਤਾਨ 'ਚ ਮੈਚ ਖੇਡਣ ਗਈ ਸ਼੍ਰੀਲੰਕਾ ਦੀ ਕ੍ਰਿਕਟ ਟੀਮ 'ਤੇ ਅੱਤਵਾਦੀ ਨੇ ਹਮਲਾ ਕਰ ਦਿੱਤਾ ਸੀ। ਕਿ ਸੀ ਉਹ ਸਾਰਾ ਘਟਨਾਕ੍ਰਮ ਤੇ ਕਿਉਂ ਅੱਤਵਾਦੀਆਂ ਨੇ ਸ੍ਰੀਲੰਕਾਈ ਟੀਮ 'ਤੇ ਹਮਲਾ ਕੀਤਾ ਆਓ ਜਾਣਦੇ ਹਾਂ?

ਪਾਕਿਸਤਾਨ 'ਚ ਸ਼੍ਰੀਲੰਕਾ ਦੀ ਕ੍ਰਿਕਟ ਟੀਮ 'ਤੇ ਅੱਤਵਾਦੀ ਹਮਲਾ
ਮਾਰਚ 2009 'ਚ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਮੈਚ ਖੇਡਣ ਪਾਕਿਸਤਾਨ  ਗਈ ਸੀ। ਸੀਰੀਜ਼ 'ਚ 3 ਟੈਸਟ ਤੇ 3 ਵਨਡੇ ਮੈਚ ਖੇਡੇ ਜਾਣੇ ਸੀ। ਦੂਸਰੇ ਟੈਸਟ ਮੈਚ ਦਾ ਤੀਸਤਾ ਦਿਨ ਸੀ ਜਦੋਂ 3 ਮਾਰਚ ਨੂੰ ਸ਼੍ਰੀਲੰਕਾ ਦੇ ਖਿਡਾਰੀ ਆਪਣੇ ਹੋਟਲ ਤੋਂ ਬੱਸ 'ਚ ਸਵਾਰ ਹੋ ਲਾਹੌਰ ਦੇ ਗੱਦਾਫੀ ਸਟੇਡੀਅਮ ਲਈ ਨਿਕਲੇ। ਖਿਡਾਰੀਆਂ ਦੀ ਬੱਸ ਸਟੇਡੀਅਮ ਤੋਂ ਅਜੇ ਇਕ ਕਿਲੋਮੀਟਰ ਪਿੱਛੇ ਸੀ ਕਿ ਲਿਬਰਟੀ ਚੌਕ 'ਚ ਕਰੀਬ 12 ਅੱਤਵਾਦੀਆਂ ਨੇ ਬੱਸ 'ਤੇ ਹਮਲਾ ਕਰ ਦਿੱਤਾ।  ਟੀਮ ਨਾਲ ਮੌਜੂਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦਿਆਂ ਅੱਤਵਾਦੀਆਂ 'ਤੇ ਫਾਇਰਿੰਗ ਕੀਤੀ। ਦੂਜੇ ਪਾਸਿਓਂ ਹਮਲਾਵਰਾਂ ਨੇ ਵੀ ਬੱਸ 'ਤੇ ਰਾਕੇਟ ਲਾਂਚੇਰ ਦਾਗਿਆ ਪਰ ਖਿਡਾਰੀਆਂ ਦੀ ਕਿਸਮਤ ਚੰਗੀ ਸੀ ਕਿ ਨਿਸ਼ਾਨਾ ਨਹੀਂ ਲੱਗਿਆ। ਇਸ ਹਮਲੇ 'ਚ ਬੱਸ ਦਾ ਡਰਾਈਵਰ ਮੇਹਰ ਮੁਹੰਮਦ ਖਲੀਲ ਹੀਰੋ ਸਾਬਿਤ ਹੋਇਆ, ਜਿਸਨੇ ਆਪਣੀ ਜਾਨ 'ਤੇ ਖੇਡ ਸਾਰੇ ਖਿਡਾਰੀਆਂ ਦੀ ਜਾਨ ਬਚਾਈ। ਖਲੀਲ ਹੀ ਸੀ, ਜਿਸਨੇ ਵਰ੍ਹਦੀਆਂ ਗੋਲੀਆਂ 'ਚ ਬੱਸ ਨੂੰ ਰਫਤਾਰ ਨਾਲ ਭਜਾਇਆ ਤੇ ਸਟੇਡੀਅਮ 'ਚ ਪਹੁੰਚ ਕੇ ਹੀ ਬੱਸ ਨੂੰ ਬ੍ਰੇਕ ਲਗਾਈ, ਜਿਥੋਂ ਸਾਰੇ ਖਿਡਾਰੀਆਂ ਨੂੰ ਹਵਾਈ ਫੌਜ ਵਲੋਂ ਏਅਰਲਿਫਟ ਕਰ ਏਅਰਪੋਰਟ ਪਹੁੰਚਾਇਆ ਗਿਆ ਤੇ ਮੁੱਢਲੀ ਸਹਾਇਤਾ ਮਗਰੋਂ ਤੁਰੰਤ ਕੋਲੰਬੋ ਰਵਾਨਾ ਕਰ ਦਿੱਤਾ ਗਿਆ।  ਇਸ ਬਹਾਦਰੀ ਲਈ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਪਾਕਿਸਤਾਨੀ ਬੱਸ ਡਰਾਈਵਰ ਖਲੀਲ ਨੂੰ ਸਨਮਾਨਿਤ ਵੀ ਕੀਤਾ ਸੀ।

8 ਲੋਕਾਂ ਦੀ ਮੌਤ, ਖਿਡਾਰੀ ਜ਼ਖਮੀ  
ਅੱਤਵਾਦੀਆਂ ਤੇ ਸੁਰੱਖਿਆ ਬਲਾਂ 'ਚ ਕਰੀਬ ਅੱਧਾ ਘੰਟਾ ਮੁਠਭੇੜ ਚੱਲੀ। ਹਮਲੇ 'ਚ ਪਾਕਿਸਤਾਨ ਪੁਲਸ ਦੇ 6 ਜਵਾਨਾਂ ਸਣੇ ਕੁੱਲ 8 ਲੋਕਾਂ ਦੀ ਮੌਤ ਹੋਈ। ਹਮਲੇ 'ਚ 2 ਅੱਤਵਾਦੀ ਵੀ ਮਾਰੇ ਗਏ। ਇਸੇ ਹਮਲੇ 'ਚ ਸ਼੍ਰੀਲੰਕਾ ਕ੍ਰਿਕਟ ਟੀਮ ਦਾ ਕੈਪਟਨ ਮਹਿਲਾ ਜਯਵਰਧਨੇ ਸਣੇ ਵਿਕੇਟ-ਕੀਪਰ ਤੇ ਬੈਟਸਮੈਨ ਕੁਮਾਰ ਸੰਗਾਕਾਰਾ, ਸਪਿੰਨਰ ਅਜੰਤਾ ਮੇਂਡਿਸ, ਸੁਰੰਗਾ ਲਕਮਲ, ਥਿਲਾਨਾ ਸੁਥਾਰਾ ਤੇ ਅਸਿਟੈਂਟ ਕੋਚ ਪਾਲ ਫਾਰਬ੍ਰੇਸ ਨੂੰ ਸੱਟਾਂ ਲੱਗੀਆਂ ਜਦਕਿ ਥਿਲਾਨ ਸਮਰਵੀਰਾ ਤੇ ਥਰੰਗਾ ਪਰਨਾਵਿਤਾਨਾ ਗੋਲੀਆਂ ਗੱਲਣ ਕਾਰਣ ਜ਼ਖ਼ਮੀ ਹੋਏ।

ਹਮਲੇ 'ਚ ਇਸਤੇਮਾਲ ਹੋਏ ਹਥਿਆਰ
ਇਸ ਹਮਲੇ 'ਚ ਅੱਤਵਾਦੀਆਂ ਵਲੋਂ ਏਕੇ-47, ਆਰਪੀਜੀ ਰਾਕੇਟ ਲਾਂਚਰ ਅਤੇ ਹੈਂਡ ਗ੍ਰੇਨੇਡ ਇਸਤੇਮਾਲ ਕੀਤੇ ਗਏ।

ਭਾਰਤ ਦਾ ਇਨਕਾਰ ਤੇ ਸ਼੍ਰੀਲੰਕਾ ਦੀ ਹਾਮੀ
ਨਵੰਬਰ 2008 'ਚ ਹੋਏ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਦੌਰੇ ਤੋਂ ਇਨਕਾਰ ਕਰ ਦਿੱਤਾ ਸੀ...ਜਦਕਿ ਸ਼੍ਰੀਲੰਕਾ ਨੇ ਭਾਰਤ ਦੀ ਥਾਂ ਪਾਕਿਸਤਾਨ ਦੌਰੇ ਦੀ ਹਾਮੀ ਭਰੀ ਸੀ। ਉਸ ਵੇਲੇ ਪਾਕਿਸਤਾਨੀ ਮੀਡੀਆ ਮੁਤਾਬਕ ਅੱਤਵਾਦੀ ਕ੍ਰਿਕਟ ਟੀਮ ਨੂੰ ਬੰਧਕ ਬਣਾਉਣਾ ਚਾਹੁੰਦੇ ਸਨ... ਹਾਲਾਂਕਿ ਇਹ ਹਮਲੇ ਕਿਸ ਅੱਤਵਾਦੀ ਸੰਗਠਨ ਵਲੋਂ ਕਰਵਾਇਆ ਗਿਆ ਇਹ ਅੱਜ ਤੱਕ ਰਹੱਸ ਹੀ ਹੈ।
ਖੈਰ, ਪਾਕਿਸਤਾਨ 'ਚ ਅਜਿਹੀਆਂ ਘਟਨਾਵਾਂ ਆਮ ਨੇ, ਕਿਉਂਕੀ ਕਹਿੰਦੇ ਨੇ ਨਾ ਜੇਕਰ ਤੁਸੀਂ ਸੱਪ ਪਾਲੋਗੇ ਤਾਂ ਓਹ ਤੁਹਾਨੂੰ ਇੱਕ ਨਾ ਇੱਕ ਦਿਨ ਡੱਸੇਗਾ ਜ਼ਰੂਰ। ਇਸ ਲਈ ਆਤੰਕਿਸਤਾਨ 'ਚ ਅੱਤਵਾਦੀ ਹਮਲਾ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਹੁਣ ਅੱਗੇ ਵੱਧਦੇ ਹਾਂ।  ਕਹਿੰਦੇ ਨੇ ਨਾ ਹੱਸਣਾ ਰੂਹ ਦੀ ਖੁਰਾਕ ਹੈ, ਸੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਹਾਸਿਆਂ ਦੀ ਦੁਨੀਆ 'ਚ ਤੇ ਗੱਲ ਕਰਦੇ ਹਾਂ ਕਾਮੇਡੀ ਦੇ ਉਸ ਬੇਤਾਜ ਬਾਦਸ਼ਾਹ ਦੀ ਜੋ, ਜਿਸਦੇ ਫਲਾਪ ਸ਼ੋਅ ਨੇ ਉਸਨੂੰ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਗੱਲ ਕਰ ਰਹੇ ਹਾਂ ਜਸਪਾਲ ਭੱਟੀ ਦੀ, ਜਿਨ੍ਹਾਂ ਦਾ ਜਨਮ ਅੱਜ ਦੇ ਹੀ ਦਿਨ ਯਾਨੀ ਕਿ 3 ਮਾਰਚ ਨੂੰ ਹੋਇਆ। ਭਾਵੇਂ ਉਹ ਅੱਜ ਸਾਡੇ 'ਚ ਮੌਜੂਦ ਨਹੀਂ ਹਨ ਪਰ ਅੱਜ ਵੀ ਉਨਾਂ ਦੀ ਅਦਾਕਾਰੀ ਸਾਨੂ ਹਸਾਉਣ ਦਾ ਕੰਮ ਕਰਦੀ ਹੈ।

ਕਾਮੇਡੀ ਦੇ 'ਸਰਦਾਰ' ਜਸਪਾਲ ਭੱਟੀ
ਜਸਪਾਲ ਭੱਟੀ ਦਾ ਨਾਂ ਸੁਣਦੇ ਹੀ 'ਫਲਾਪਸ਼ੋਅ' ਤੇ 'ਫੁੱਲ ਟੈਂਸਨ' ਵਰਗੇ ਸੀਰੀਅਲ ਜਾਂ ਫਿਰ 'ਪਾਵਰ ਕੱਟ' ਤੇ 'ਮਾਹੌਲ ਠੀਕ ਐ' ਵਰਗੀਆਂ ਫਿਲਮਾਂ ਅੱਖਾਂ ਅੱਗੇ ਘੁੰਮਣ ਲੱਗਦੀਆਂ ਹਨ। ਪੰਜਾਬੀ ਕਾਮੇਡੀਅਨ ਜਸਪਾਲ ਭੱਟੀ ਦਾ ਜਨਮ 3 ਮਾਰਚ 1955 ਨੂੰ ਅੰਮ੍ਰਿਤਸਰ 'ਚ ਰਾਜਪੂਤ ਸਿੱਖ ਪਰਿਵਾਰ 'ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸਰਦਾਰ ਨਰਿੰਦਰ ਸਿੰਘ ਭੱਟੀ ਸੀ। 1980 'ਚ ਜਸਪਾਲ ਭੱਟੀ ਦਾ ਵਿਆਹ ਸਵਿਤਾ ਭੱਟੀ ਨਾਲ ਵਿਆਹ ਹੋਇਆ। ਜਸਪਾਲ ਸਿੰਘ ਭੱਟੀ ਨੇ ਪੰਜਾਬੀ ਸਿਨੇਮਾ ਵਿਚ ਬਤੌਰ ਕਲਾਕਾਰ, ਨਿਰਮਾਤਾ ਤੇ ਨਿਰਦੇਸ਼ਕ ਵਜੋਂ ਕੰਮ ਕੀਤਾ ।80-90 ਦੇ ਦਹਾਕੇ 'ਚ ਜਸਪਾਲ ਭੱਟੀ ਦੀ ਪ੍ਰਸਿੱਧੀ ਉਸੇ ਤਰ੍ਹਾਂ ਸੀ ਜਿਵੇਂ ਅੱਜ ਦੇ ਸਮੇਂ 'ਚ ਕਪਿਲ ਸ਼ਰਮਾ ਜਸਪਾਲ ਭੱਟੀ ਨੇ ਸਿਰਫ ਪੰਜਾਬੀ ਦੂਰਦਰਸ਼ਨ ਹੀ ਨਹੀਂ, ਸਗੋਂ ਪਾਲੀਵੁੱਡ ਕੇ ਬਾਲੀਵੁੱਡ 'ਚ ਵੀ ਆਪਣੀ ਬਹਿਤਰੀਨ ਅਦਾਕਾਰੀ ਦਾ ਲੋਹਾ ਮਨਵਾਇਆ। ਜਸਪਾਲ ਭੱਟੀ 'ਤੇ ਹਰ ਕਿਰਦਾਰ ਫਿੱਟ ਬੈਠਦਾ ਸੀ। ਉਹ ਬਿਨਾਂ ਕਿਸੇ ਸਪੈਸ਼ਲ ਹਾਵ-ਭਾਵ ਦਿੱਤੇ ਇਸ ਤਰੀਕੇ ਨਾਲ ਵਿਅੰਗ ਕਰਦੇ ਤੇ ਚੁਟਕੁਲੇ ਸੁਣਾਉਂਦੇ ਕਿ ਸੁਣਨ ਵਾਲੇ ਦੇ ਹੱਸ-ਹੱਸ ਕੇ ਢਿੱਡੀਂ ਪੀੜਾਂ ਪੈ ਜਾਂਦੀਆਂ। ਉਨ੍ਹਾਂ ਅੰਦਰ ਨਾ ਸਿਰਫ ਅਪਣੇ ਚੁਟਕੁਲਿਆਂ ਨਾਲ ਜਨਤਾ ਨੂੰ ਹਸਾਉਣ ਦੀ ਕਾਬਲੀਅਤ ਸੀ, ਸਗੋਂ ਉਹ ਆਪਣੇ ਵਿਅੰਗਾਂ ਨਾਲ ਸਮਾਜ 'ਚ ਫੈਲੇ ਭ੍ਰਿਸ਼ਟਾਚਾਰ ਤੇ ਬੁਰਾਈਆਂ 'ਤੇ ਇਸ ਕਦਰ ਚੋਟ ਕਰਦੇ ਕਿ ਵੇਖਣ-ਸੁਣਨ ਵਾਲਾ ਦੰਗ ਰਹਿ ਜਾਂਦਾ।

ਜਸਪਾਲ ਭੱਟੀ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ, ਪਰ ਉਨ੍ਹਾਂ ਦਾ ਝੁਕਾਅ ਕਾਮੇਡੀ ਤੇ ਅਦਾਕਾਰੀ ਵੱਲ ਸੀ। ਜਲੰਧਰ ਦੂਰਦਰਸ਼ਨ ਦੇ 'ਚਿੱਤਰਹਾਰ' ਵਿਚ ਉਨ੍ਹਾਂ ਨੇ ਆਪਣਾ ਪ੍ਰੋਗਰਾਮ 'ਰੰਗ ਵਿਚ ਭੰਗ' ਸ਼ੁਰੂ ਕੀਤਾ। ਮਹਿਜ਼ ਤਿੰਨ ਕੁ ਮਿੰਟ ਦਾ ਇਹ ਪ੍ਰੋਗਰਾਮ ਚਿੱਤਰਹਾਰ ਜਿੰਨਾ ਹੀ ਮਕਬੂਲ ਹੋਇਆ। ਕਰੀਬ 80 ਦੇ ਦਹਾਕੇ ਦੇ ਅਖੀਰ ਵਿਚ ਤੇ 90 ਦੇ ਦਹਾਕੇ ਦੀ ਸ਼ੁਰੂਆਤ ਵਿਚ ਦੂਰਦਰਸ਼ਨ ਤੋਂ ਉਨ੍ਹਾਂ  ਦੇ ਟੀਵੀ ਪ੍ਰੋਗਰਾਮ 'ਉਲਟਾ ਪੁਲਟਾ' ਤੇ 'ਫਲਾਪ ਸ਼ੋਅ' ਪ੍ਰਸਾਰਿਤ ਹੋਏ ਮਹਿਜ਼ਾ 10 ਕਿਸ਼ਤਾਂ ਤੇ ਘੱਟ ਬਜਟ ਵਾਲੇ ਸੀਰੀਅਲ 'ਫਲਾਪ ਸ਼ੋਅ' ਨੇ ਜਸਪਾਲ ਭੱਟੀ ਨੂੰ ਕਾਮਯਾਬੀ ਦੀਆਂ ਸਿਖਰਾਂ 'ਤੇ ਪਹੁੰਚਾ ਦਿੱਤਾ। ਜਸਪਾਲ ਭੱਟੀ ਇਕ ਵਧੀਆ ਕਾਮੇਡੀਅਨ ਦੇ ਨਾਲ-ਨਾਲ ਫਿਲਮ ਨਿਰਮਾਤਾ, ਨਿਰਦੇਸ਼ਕ, ਕਾਮੇਡੀਅਨ, ਅਦਾਕਾਰ, ਕਾਰਟੂਨਿਸਟ ਤੇ ਵਿਅੰਗਕਾਰ ਸਨ...ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਉਹ ਸਮਾਜਿਕ ਜਿੰਮੇਵਾਰੀ ਨੂੰ ਵੀ ਉਹ ਕਦੇ ਨਹੀਂ ਭੁੱਲੇ।
25 ਅਕਤੂਬਰ 2012 ਨੂੰ ਹਾਸਿਆਂ ਦਾ ਬਾਦਸ਼ਾਹ ਸਭ ਨੂੰ ਰੋਂਦਾ ਛੱਡ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਫਿਲਮ ਪਾਵਰਕੱਟ ਦੀ ਪ੍ਰਮੋਸ਼ਨ ਲਈ ਬਠਿੰਡਾ ਤੋਂ ਜਲੰਧਰ ਆਉਂਦੇ ਸਮੇਂ ਸ਼ਾਹਕੋਟ ਕੋਲ ਹੋਏ ਕਾਰ ਹਾਦਸੇ 'ਚ ਜਸਪਾਲ ਭੱਟੀ ਦੀ ਮੌਤ ਹੋ ਗਈ। ਜਸਪਾਲ ਭੱਟੀ ਅਜਿਹੇ ਕਲਾਕਾਰ ਸਨ, ਜਿਨ੍ਹਾਂ ਨੂੰ ਮੌਤ ਮਗਰੋਂ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਜਸਪਾਲ ਭੱਟੀ ਤੋਂ ਬਾਅਦ ਆਓ ਹੁਣ ਇਕ ਨਜ਼ਰ ਮਾਰਦੇ ਹਾਂ ਅੱਜ ਦੇ ਦਿਨ ਦੇਸ਼-ਦੁਨੀਆ 'ਚ

ਵਾਪਰੀਆਂ ਖਾਸ ਘਟਨਾਵਾਂ 'ਤੇ ...
3 ਮਾਰਚ 1965 - ਅਮਰੀਕਾ ਨੇ ਨੇਵਾਦਾ 'ਚ ਪ੍ਰਮਾਣੂ ਪ੍ਰੀਖਣ ਕੀਤਾ।
3 ਮਾਰਚ 1974 - ਤੁਰਕੀ ਏਅਰਲਾਈਨਜ਼ ਦਾ ਡੀਸੀ-10 ਜਹਾਜ਼ ਪੈਰਿਸ ਦੇ ਕੋਲ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ 'ਚ ਜਹਾਜ਼ 'ਚ ਸਵਾਰ ਸਾਰੇ 345 ਯਾਤਰੀਆਂ ਦੀ ਮੌਤ ਹੋ ਗਈ ਸੀ।
3 ਮਾਰਚ 1992 - ਤੁਰਕੀ ਦੀ ਕੋਇਲਾ ਖਾਣ 'ਚ ਹੋਏ ਗੈਸ ਵਿਸਫੋਟ 'ਚ 263 ਲੋਕਾਂ ਦੀ ਮੌਤ ਹੋਈ।
3 ਮਾਰਚ 2005 - ਅਮਰੀਕਾ ਦੇ ਐਡਵੈਂਚਰ ਪ੍ਰੇਮੀ ਸਟੀਵ ਫੋਸੇਟ ਨੇ 67 ਘੰਟੇ ਬਿਨਾਂ ਰੁਕੇ ਉਡਾਣ ਭਰ ਕੇ ਪ੍ਰਿਥਵੀ ਦਾ ਚੱਕਰ ਪੂਰਾ ਕੀਤਾ।
3 ਮਾਰਚ 2013 - ਸੰਯੁਕਤ ਰਾਸ਼ਟਰ ਨੇ 3 ਮਾਰਚ ਨੂੰ ਵਰਲਡ ਵਾਈਲਡ ਲਾਈਫ ਡੇ ਦੇ ਰੂਪ 'ਚ ਮਨਾਏ ਜਾਣ ਦਾ ਐਲਾਨ ਕੀਤਾ ਗਿਆ। ਜੰਗਲੀ ਜੀਵਾਂ ਦੀ ਸੁਰੱਖਿਆ ਨਾਲ ਸੰਬੰਧਤ ਮਹੱਤਵਪੂਰਨ ਅੰਤਰਰਾਸ਼ਟਰੀ ਸਮਝੌਤੇ 'ਤੇ ਅੱਜ ਦੇ ਹੀ ਦਿਨ 1973 'ਚ ਦਸਤਖਤ ਹੋਏ।

ਜਨਮ
3 ਮਾਰਚ 1839 - ਟਾਟਾ ਗਰੁੱਪ ਦੇ ਸੰਸਥਾਪਕ ਤੇ ਭਾਰਤੀ ਕਾਰੋਬਾਰੀ ਜਮਸੇਤਜੀ ਟਾਟਾ ਦੀ ਜਨਮ ਹੋਇਆ।
3 ਮਾਰਚ 1847 - ਟੈਲੀਫੋਨ ਦੀ ਕਾਢ ਕੱਢਣ ਵਾਲੇ ਅਲੈਕਜ਼ੇਂਡਰ ਗ੍ਰਾਹਮ ਬੇਲ ਦੀ ਜਨਮ ਹੋਇਆ।  
3 ਮਾਰਚ 1939 - ਭਾਰਤੀ ਕ੍ਰਿਕਟਰ ਐੱਮ. ਐੱਲ. ਜੈਸਿਮ੍ਹਾ ਦਾ ਜਨਮ ਹੋਇਆ।  

ਮੌਤ
3 ਮਾਰਚ 1919 - ਮਰਾਠੀ ਦੇ ਪ੍ਰਸਿੱਧ ਲੇਖਕ ਹਰੀ ਨਾਰਾਇਣ ਆਪਟੇ ਦਾ ਦੇਹਾਂਤ
3 ਮਾਰਚ 1982 - ਉਰਦੂ ਸਾਹਿਤ ਲਈ ਪਹਿਲਾ 'ਗਿਆਨਪੀਠ ਪੁਰਸਕਾਰ' ਹਾਸਿਲ ਕਰਨ ਵਾਲੇ ਸ਼ਾਇਰ ਫਿਰਾਕ ਗੋਰਖਪੁਰੀ ਦਾ ਦੇਹਾਂਤ ਹੋਇਆ।


Shyna

Content Editor

Related News