ਹਰਜੋਤ ਬੈਂਸ ਨੇ ਦੇਸ਼ ਦੇ ਸਕੂਲਾਂ 'ਚ ਪੰਜਾਬ ਦਾ ਇਤਿਹਾਸ ਪੜ੍ਹਾਉਣ ਦੀ ਰੱਖੀ ਮੰਗ, ਕੌਂਸਲ ਮੀਟਿੰਗ 'ਚ ਚੁੱਕੇ ਅਹਿਮ ਮੁੱਦੇ

Tuesday, Jul 04, 2023 - 08:35 PM (IST)

ਹਰਜੋਤ ਬੈਂਸ ਨੇ ਦੇਸ਼ ਦੇ ਸਕੂਲਾਂ 'ਚ ਪੰਜਾਬ ਦਾ ਇਤਿਹਾਸ ਪੜ੍ਹਾਉਣ ਦੀ ਰੱਖੀ ਮੰਗ, ਕੌਂਸਲ ਮੀਟਿੰਗ 'ਚ ਚੁੱਕੇ ਅਹਿਮ ਮੁੱਦੇ

ਚੰਡੀਗੜ੍ਹ: ਕੌਮੀ ਸਿੱਖਿਆ ਅਤੇ ਖੋਜ ਕੌਂਸਲ ਭਾਰਤ ਸਰਕਾਰ ਦੀ 58ਵੀਂ ਜਨਰਲ ਕੌਂਸਲ ਦੀ ਆਨਲਾਈਨ ਮੀਟਿੰਗ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਸਿੱਖਿਆ ਰਾਜ ਮੰਤਰੀ ਅੰਨਪੂਰਨਾ ਕੋਲ ਪੰਜਾਬ ਦੇ ਇਤਿਹਾਸ ਨੂੰ ਦੇਸ਼ ਦੇ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਉਣ ਦੀ ਮੰਗ ਜ਼ੋਰ ਨਾਲ ਉਠਾਉਂਦਿਆਂ ਕਿਹਾ ਕਿ ਪੰਜਾਬ ਸ਼ਹੀਦਾਂ, ਗੁਰੂਆਂ, ਸੰਤ ਮਹਾਂਪੁਰਸ਼ਾਂ ਅਤੇ ਗਦਰੀ ਬਾਬਿਆਂ ਦੀ ਧਰਤੀ ਹੈ ਅਤੇ ਇੱਥੋਂ ਦਾ ਅਮੀਰ ਸੱਭਿਆਚਾਰ ਹੈ। ਬੈਂਸ ਨੇ ਕਿਹਾ ਕਿ ਪੰਜਾਬ ਹਰ ਖੇਤਰ ਵਿਚ ਦੇਸ਼ ਦਾ ਮਾਰਗ ਦਰਸ਼ਕ ਰਿਹਾ ਹੈ ਅਤੇ ਉੱਤਰੀ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਕਾਰਨ ਬਹੁਤ ਸਾਰੇ ਸ਼ਾਸ਼ਕਾਂ ਦੇ ਹਮਲਿਆਂ ਦਾ ਵੀ ਬਹਾਦਰੀ ਨਾਲ ਡਟ ਕੇ ਟਾਕਰਾ ਕੀਤਾ ਹੈ। ਇੱਥੋਂ ਦੀ ਇਤਿਹਾਸਕ ਵਿਰਾਸਤ ਦੇਸ਼ ਦਾ ਸਰਮਾਇਆ ਹੈ ਜਿਸ ਨੂੰ ਭਾਰਤ ਦੇ ਸਾਰੇ ਸੂਬਿਆਂ ਦੇ ਪਾਠਕ੍ਰਮ ਦਾ ਹਿੱਸਾ ਬਣਾ ਕੇ ਪਾਠ ਪੁਸਤਕਾਂ ਰਾਹੀਂ ਸਾਰੇ ਦੇਸ਼ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਣਾ ਬਹੁਤ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੁਦਰਤੀ ਇਲਾਜ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਵਾਲੇ ਡਾ. ਅਮਰ ਸਿੰਘ ਆਜ਼ਾਦ ਦਾ ਹੋਇਆ ਦੇਹਾਂਤ

ਸਿੱਖਿਆ ਮੰਤਰੀ ਨੇ ਮੀਟਿੰਗ ਦੌਰਾਨ ਦੂਜਾ ਅਹਿਮ ਮੁੱਦਾ ਉਠਾਉਂਦਿਆਂ ਕਿਹਾ ਕਿ ਕੌਮੀ ਸਿੱਖਿਆ ਅਤੇ ਖੋਜ ਕੌਂਸਲ ਭਾਰਤ ਸਰਕਾਰ ਨੇ ਪੰਜਾਬ ਸੂਬੇ ਵਾਸਤੇ  ਸਾਲ 2017 ਵਿਚ ਖੇਤਰੀ ਸਿੱਖਿਆ ਸੰਸਥਾ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ ਜਿਸ 'ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਸੰਸਥਾ ਦਾ ਕੈਂਪਸ ਬਣਾਉਣ ਲਈ ਜ਼ਿਲ੍ਹਾ ਰੂਪਨਗਰ ਵਿੱਚ ਲੋੜੀਂਦੀ ਜ਼ਮੀਨ ਦੀ ਪਛਾਣ ਵੀ ਕਰ ਲਈ ਸੀ। ਬੈਂਸ ਨੇ ਕਿਹਾ ਕਿ ਪਛਾਣੀ ਗਈ ਜ਼ਮੀਨ ਚੰਡੀਗੜ੍ਹ ਹਵਾਈ ਅੱਡੇ ਦੇ ਨੇੜੇ ਹੋਣ ਦੇ ਨਾਲ-ਨਾਲ ਵਧੀਆ ਸੜਕ ਮਾਰਗ ਨਾਲ ਵੀ ਜੁੜੀ ਹੋਈ ਸੀ, ਪਰ ਉਸ ਜ਼ਮੀਨ ਨੂੰ ਤਕਨੀਕੀ ਆਧਾਰ 'ਤੇ ਕੌਮੀ ਸਿੱਖਿਆ ਅਤੇ ਖੋਜ ਕੌਂਸਲ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਬਾਅਦ ਵਿਚ ਮਾਮਲਾ ਬੰਦ ਕਰ ਦਿੱਤਾ ਗਿਆ। ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਮੁੜ ਖੇਤਰੀ ਸਿੱਖਿਆ ਸੰਸਥਾ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਕਿਉਂਕਿ ਸੂਬੇ ਅੰਦਰ ਸਕੂਲੀ ਸਿੱਖਿਆ ਅਤੇ ਸਕੂਲ ਅਧਿਆਪਕਾਂ ਦੀ ਸਿਖਲਾਈ ਵਾਸਤੇ ਕੋਈ ਵੀ ਰਾਸ਼ਟਰੀ ਪੱਧਰ ਦਾ ਸੰਸਥਾ ਮੌਜੂਦ ਨਹੀਂ ਹੈ। ਹਰਜੋਤ ਸਿੰਘ ਬੈਂਸ ਨੇ ਕੇਂਦਰੀ ਸਿੱਖਿਆ ਰਾਜ ਮੰਤਰੀ ਨੂੰ ਵਿਸ਼ਵਾਸ ਦੁਆਇਆ ਕਿ ਉਹ ਹਵਾਈ ਅੱਡੇ ਤਕ ਆਸਾਨ ਪਹੁੰਚ ਅਤੇ ਵਧੀਆ ਸੜਕ ਸੰਪਰਕ ਵਾਲੀ ਢੁਕਵੀਂ ਜ਼ਮੀਨ ਸੂਬਾ ਸਰਕਾਰ ਵੱਲੋਂ ਮੁਹੱਈਆ ਕਰਵਾਉਗੇ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਪੰਜਾਬ ਵਾਸੀਆਂ ਨੂੰ ਸੁਣਾਈ 'ਖੁਸ਼ਖਬਰੀ', ਲੋਕਾਂ ਦੀ ਰੋਜ਼ਾਨਾ ਹੋਵੇਗੀ ਲੱਖਾਂ ਰੁਪਏ ਦੀ ਬਚਤ

ਬੈਂਸ ਨੇ ਇਕ ਹੋਰ ਅਹਿਮ ਮੁੱਦੇ ਵੱਲ ਧਿਆਨ ਦੁਆਉਂਦਿਆਂ ਕਿਹਾ ਕਿ ਕੌਮੀ ਸਿੱਖਿਆ ਅਤੇ ਖੋਜ ਕੌਂਸਲ ਉਹ ਰਾਇਲਟੀ ਵੀ ਮੁਆਫ਼ ਕਰੇ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀਆਂ ਪਾਠ ਪੁਸਤਕਾਂ ਦੀ ਕਾਪੀ ਰਾਈਟ ਸਮੱਗਰੀ ਨੂੰ ਪੰਜਾਬ ਵਿਚ ਵਰਤਣ ਲਈ ਅਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਰਾਇਲਟੀ ਮੁਆਫ਼ੀ ਨਾਲ ਬਚਾਏ ਗਏ ਫੰਡਾਂ ਦੀ ਵਰਤੋਂ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਦੀ ਕਮਾਨ ਮਿਲਣ ਮਗਰੋਂ ਸੁਨੀਲ ਜਾਖੜ ਦਾ ਪਹਿਲਾ ਬਿਆਨ, ਕਹੀਆਂ ਇਹ ਗੱਲਾਂ

ਮੀਟਿੰਗ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਦੇ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਬਣੇਗਾ ਜਿੱਥੋਂ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਵਾਸਤੇ ਸੂਬਾ ਸਰਕਾਰ ਹਰ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News