ਅੰਮ੍ਰਿਤਪਾਲ ਸਿੰਘ ਨੂੰ ਪਾਕਿ ਲਿਜਾਣ ਦੀ ਕੋਸ਼ਿਸ਼ 'ਚ ISI, ਰਿੰਦਾ, ਖੰਡਾ ਅਤੇ ਪੰਮਾ ਹੋਏ ਐਕਟਿਵ

Friday, Mar 24, 2023 - 04:42 PM (IST)

ਅੰਮ੍ਰਿਤਪਾਲ ਸਿੰਘ ਨੂੰ ਪਾਕਿ ਲਿਜਾਣ ਦੀ ਕੋਸ਼ਿਸ਼ 'ਚ ISI, ਰਿੰਦਾ, ਖੰਡਾ ਅਤੇ ਪੰਮਾ ਹੋਏ ਐਕਟਿਵ

ਸ੍ਰੀ ਅਨੰਦਪੁਰ ਸਾਹਿਬ ( ਬਲਵੀਰ ਸੰਧੂ)-ਬੀਤੇ ਇਕ ਹਫ਼ਤੇ ਤੋਂ ਫਰਾਰ ਅੰਮ੍ਰਿਤਪਾਲ ਸਿੰਘ ਦਾ ਪੰਜਾਬ ਪੁਲਸ ਅਤੇ ਏਜੰਸੀਆਂ ਪਰਛਾਵੇਂ ਦੀ ਤਰ੍ਹਾਂ ਪਿੱਛਾ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਉਹ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਆਕਾ ਦੀ ਮਦਦ ਨਾਲ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਹੈ। ਕੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਬੱਬਰ ਖ਼ਾਲਸਾ ਅਤੇ ਰਿੰਦੇ, ਪੰਮੇ ਅਤੇ ਖੰਡੇ ਰਾਹੀਂ ਉਸ ਨੂੰ ਨਵੇਂ ਨਵੇਂ ਦਿਸ਼ਾ-ਨਿਰਦੇਸ਼ ਦੇ ਰਹੀ ਹੈ ? ਅੰਮ੍ਰਿਤਪਾਲ ਸਿੰਘ ਅਤੇ ਉਸ ਦੀ ਟੀਮ ਕੋਲੋਂ ਬਰਾਮਦ ਬੁਲੇਟ ਪਰੂਫ਼ ਜੈਕਟ ਅਤੇ ਏ. ਕੇ. ਐੱਫ਼. ਮਾਰਕਾ ਹਥਿਆਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਸ ਤਰ੍ਹਾਂ ਹਥਿਆਰ ਜਮ੍ਹਾ ਕਰਕੇ ਰੱਖਣ ਦਾ ਆਦੀ ਹੈ ਅਤੇ ਉਸ ਕੋਲ ਹੋਰ ਵੀ ਹਥਿਆਰ ਹੋ ਸਕਦੇ ਹਨ। ਖ਼ੁਫ਼ੀਆ ਏਜੰਸੀਆਂ ਦੇ ਸਾਹਮਣੇ ਇਹ ਵੀ ਆ ਚੁੱਕਿਆ ਹੈ ਕਿ ਅੰਮ੍ਰਿਤਪਾਲ ਸਿੰਘ ਜਾਰਜੀਆ ਵਿਖੇ ਆਈ. ਐੱਸ. ਆਈ. ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਰੂਸੀ ਖ਼ਤਰਨਾਕ ਵੈਗਨਾਰ ਗਰੁੱਪ ਬਣਾਉਣ ਵਾਲੀ ਸੋਚ ਰੱਖਣ ਲੱਗ ਪਿਆ ਸੀ ਅਤੇ ਉਸੇ ਤਰ੍ਹਾਂ ਦੀ ਆਰਮੀ ਤਿਆਰ ਕਰਨ ਦਾ ਸੁਫ਼ਨਾ ਪਾਲੀ ਬੈਠਾ ਸੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

ਅੰਮ੍ਰਿਤਪਾਲ ਸਿੰਘ ਪਾਕਿਸਤਾਨ ’ਚ ਬੈਠੇ ਹਰਵਿੰਦਰ ਸਿੰਘ ਰਿੰਦਾ ਦੀ ਤਰ੍ਹਾਂ ਮੋਬਾਇਲ ਫ਼ੋਨ ਰੱਖਣ ਦਾ ਆਦੀ ਨਹੀਂ ਸੀ, ਜਿਸ ਦੇ ਨਾਲ ਉਹ ਚੰਡੀਗੜ੍ਹ ਵਿਖੇ ਆਪਣੇ ਸਾਥੀ ਦਿਲਪ੍ਰੀਤ ਨਾਲ ਹੋਏ ਮੁਕਾਬਲੇ ’ਚੋਂ ਹੋਟਲ ’ਚੋ ਨਿਕਲ ਗਿਆ ਸੀ । ਉਹ ਅਕਸਰ ਹੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ’ਚ ਬਾਬੇ ਨਾਲ ਘੁੰਮਦਾ ਰਿਹਾ ਸੀ ਅਤੇ ਬਾਅਦ ’ਚ ਪਾਕਿਸਤਾਨ ਵਿਚ ਪਰਿਵਾਰ ਸਮੇਤ ਚਲਾ ਗਿਆ, ਜਿਸ ਦੇ ਮਾਰੇ ਜਾਣ ਦੀਆਂ ਅਫ਼ਵਾਹਾਂ ਵੀ ਚੱਲਦੀਆਂ ਰਹੀਆਂ ਹਨ। ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਹੋ ਸਕਦਾ ਹੈ ਕਿ ਆਈ. ਐੱਸ. ਆਈ. ਹਰਵਿੰਦਰ ਸਿੰਘ ਰਿੰਦਾ, ਅਵਤਾਰ ਸਿੰਘ ਖੰਡਾ ਅਤੇ ਪਰਮਜੀਤ ਸਿੰਘ ਪੰਮਾ ਜਿਹੜੇ ਪਾਕਿਸਤਾਨ ਵਿਚ ਬੱਬਰ ਖ਼ਾਲਸਾ ਜਥੇਬੰਦੀ ’ਚ ਸਰਗਰਮ ਹਨ, ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵਿਦੇਸ਼ੀ ਧਰਤੀ ਜਾਂ ਪਾਕਿਸਤਾਨ ਭੇਜ ਸਕਦੇ ਹਨ ਜਾਂ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਇਨ੍ਹਾਂ ਦੇ ਟਿਕਾਣਿਆਂ ’ਤੇ ਅੰਮ੍ਰਿਤਪਾਲ ਦੀ ਪਹੁੰਚ ਯਕੀਨੀ ਬਣਾਉਣ ’ਚ ਮਦਦ ਕਰ ਰਹੀ ਹੋਵੇ।

PunjabKesari

ਗੌਰਤਲਬ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਇਕ ਬਹੁਤ ਹੀ ਕੱਟੜ ਵਿਚਾਰਧਾਰਾ ਵਾਲੀ ਅੱਤਵਾਦੀ ਜਥੇਬੰਦੀ ਹੈ, ਜਿਸ ਦੇ ਸ਼ਹੀਦ ਵਧਾਵਾ ਸਿੰਘ ਬੱਬਰ ਜੋ ਕਿ ਅਮਰੀਕਾ ਅਤੇ ਪਾਕਿਸਤਾਨ ’ਚ ਆਉਂਦੇ ਜਾਂਦੇ ਹਨ ਅਤੇ ਪੁਰਾਣੇ ਅੱਤਵਾਦੀਆਂ ਵਿਚ ਇਕ ਉਹ ਹੀ ਜ਼ਿੰਦਾ ਬਚਦੇ ਹਨ। ਹੋ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਆਈ. ਐੱਸ. ਆਈ. ਦੇ ਜ਼ਰੀਏ ਵਧਾਵਾ ਸਿੰਘ ਦੇ ਸੰਪਰਕ ’ਚ ਵੀ ਹੋਵੇ ਅਤੇ ਉਸ ਨੇ ਆਪਣੀ ਜਥੇਬੰਦੀ ਦੀ ਮੈਂਬਰ ਕਿਰਨਜੋਤ ਕੌਰ ਨਾਲ ਉਨ੍ਹਾਂ ਦਾ ਰਿਸ਼ਤਾ ਕਰਵਾ ਦਿੱਤਾ ਗਿਆ ਹੋਵੇ, ਜਿਹੜੀ ਕਿ ਅੰਮ੍ਰਿਤਪਾਲ ਸਿੰਘ ਲਈ ਕਰੋੜਾਂ ਵਿਚ ਵੱਖ-ਵੱਖ ਦੇਸ਼ਾਂ ਤੋਂ ਫੰਡ ਇਕੱਠਾ ਕਰਦੀ ਦੱਸੀ ਜਾ ਰਹੀ ਹੈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਨੇਪਾਲ ਅਤੇ ਪਾਕਿਸਤਾਨ ਨਾਲ ਭਾਰਤ ਦੀ ਹਵਾਲਗੀ ਸੰਧੀ ਨਹੀਂ ਹੈ, ਜਿਸ ਕਾਰਨ ਅੰਮ੍ਰਿਤਪਾਲ ਸਿੰਘ ਸਿਆਸੀ ਸ਼ਰਨ ਲੈ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚੋਂ ਫਰਾਰ ਹੋਇਆ ਅੰਮ੍ਰਿਤਪਾਲ ਸਿੰਘ, ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਕੀਤੇ ਵੱਡੇ ਖ਼ੁਲਾਸੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News