ਫਿਲਮ ਦੇ ਪੋਸਟਰ ’ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਲਾਉਣ ’ਤੇ ਪ੍ਰੋਡਿਊਸਰ ਨੇ ਮੰਗੀ ਮੁਆਫੀ

08/31/2019 3:37:52 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫਿਲਮ ‘ਇਸ਼ਕ ਮਾਈ ਰਿਲੀਜਨ’ ਦੇ ਪੋਸਟਰ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾਉਣ ’ਤੇ ਇਤਰਾਜ਼ ਪ੍ਰਗਟ ਕਰਨ ’ਤੇ ਫਿਲਮ ਦੇ ਪ੍ਰੋਡਿਊਸਰ ਗੁਰਦੀਪ ਸਿੰਘ ਢਿੱਲੋਂ ਨੇ ਸਿੱਖ ਜਗਤ ਤੋਂ ਮੁਆਫੀ ਮੰਗ ਲਈ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ‘ਇਸ਼ਕ ਮਾਈ ਰਿਲੀਜਨ’ ਦੇ ਪੋਸਟਰ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਤਸਵੀਰ ਛਾਪਣ ਦਾ ਸਖਤ ਨੋਟਿਸ ਲਿਆ ਸੀ। ਇਸ ਸਬੰਧ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਫਿਲਮ ਦੇ ਪ੍ਰੋਡਿਊਸਰ ਖਿਲਾਫ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੂੰ ਕਾਰਵਾਈ ਲਈ ਪੱਤਰ ਲਿਖਿਆ ਸੀ। ਅੱਜ ਫਿਲਮ ਦੇ ਪ੍ਰੋਡਿਊਸਰ ਗੁਰਦੀਪ ਸਿੰਘ ਢਿੱਲੋਂ ਨੇ ਸ਼੍ਰੋਮਣੀ ਕਮੇਟੀ ਦਫਤਰ ਵਿਖੇ ਪਹੁੰਚ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਂ ਮੁਆਫੀ ਪੱਤਰ ਦਿੱਤਾ, ਜਿਸ ’ਚ ਉਨ੍ਹਾਂ ਸਿੱਖ ਸੰਗਤ ਪਾਸੋਂ ਫਿਲਮ ‘ਇਸ਼ਕ ਮਾਈ ਰਿਲੀਜਨ’ ਦੇ ਇਕ ਪੋਸਟਰ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਸਬੰਧੀ ਹੋਈ ਗਲਤੀ ਨੂੰ ਸਵੀਕਾਰਦਿਆਂ ਮੁਆਫੀ ਮੰਗੀ ਹੈ। 

ਫਿਲਮ ਪ੍ਰੋਡਿਊਸਰ ਗੁਰਦੀਪ ਸਿੰਘ ਢਿੱਲੋਂ ਨੇ ਇਸ ਮੁਆਫੀਨਾਮੇ ’ਚ ਲਿਖਿਆ ਹੈ ਕਿ ਉਨ੍ਹਾਂ ਦੀ ਮਨਸ਼ਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਉਨ੍ਹਾਂ ਕਿਹਾ ਕਿ ਫਿਲਮ ਦੇ ਸਾਰੇ ਪੋਸਟਰ ਹਟਾ ਦਿੱਤੇ ਗਏ ਹਨ ਅਤੇ ਨਵਾਂ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਲਮ ਦੇ ਪਹਿਲੇ ਪੋਸਟਰ ਕਾਰਨ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਸ ਲਈ ਉਹ ਖਿਮਾ ਦੇ ਜਾਚਕ ਹਨ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਕਿਹਾ ਕਿ ਸਬੰਧਤਾਂ ਵਲੋਂ ਫਿਲਮ ਦਾ ਇਤਰਾਜ਼ਯੋਗ ਪੋਸਟਰ ਹਟਾ ਦਿੱਤਾ ਗਿਆ ਹੈ ਅਤੇ ਫਿਲਮ ਪ੍ਰੋਡਿਊਸਰ ਨੇ ਖੁਦ ਆ ਕੇ ਆਪਣੀ ਗਲਤੀ ਸਵੀਕਾਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਮ ਪੱਤਰ ਲਿਖ ਕੇ ਸਿੱਖ ਸੰਗਤ ਪਾਸੋਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਫਿਲਮਾਂ, ਨਾਟਕ ਅਤੇ ਸੀਰੀਅਲ ਆਦਿ ਬਣਾਉਣ ਵਾਲੇ ਪ੍ਰੋਡਿਊਸਰ, ਡਾਇਰੈਕਟਰ ਅਤੇ ਕਲਾਕਾਰਾਂ ਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕੀਤੇ ਕੰਮ ਨਾਲ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਆਹਤ ਨਾ ਹੋਣ।


 


Baljeet Kaur

Content Editor

Related News