ਕੋਰੋਨਾ ਮਰੀਜ਼ਾਂ ਨੂੰ ਬੀਮਾ ਕਵਰ ਦੇਣ ਦੀ ਤਿਆਰੀ 'ਚ ਭਾਰਤ, IRDA ਨੇ ਜਾਰੀ ਕੀਤਾ ਸਰਕੂਲਰ
Thursday, Mar 05, 2020 - 05:33 PM (IST)
 
            
            ਨਵੀਂ ਦਿੱਲੀ — ਜਾਨਲੇਵਾ ਕੋਰੋਨਾ ਵਾਇਰਸ ਨੇ ਭਾਰਤ ਵਿਚ ਦਸਤਕ ਦੇ ਦਿੱਤੀ ਹੈ ਅਤੇ ਹੁਣ ਤੱਕ 29 ਮਾਮਲੇ ਸਾਹਮਣੇ ਆ ਚੁੱਕੇ ਹਨ। ਲੋਕਾਂ 'ਚ ਜਿਥੇ ਦਹਿਸ਼ਤ ਦਾ ਮਾਹੌਲ ਹੈ ਉਥੇ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਵੈਲਪਮੈਂਟ ਅਥਾਰਟੀ ਯਾਨੀ ਇਰਡਾ ਨੇ ਬੀਮਾ ਕੰਪਨੀਆਂ ਨੂੰ ਅਜਿਹੀ ਪਾਲਸੀ ਡਿਜ਼ਾਈਨ ਕਰਨ ਲਈ ਕਿਹਾ ਹੈ ਕਿ ਜਿਸ ਵਿਚ ਕੋਰੋਨਾ ਵਾਇਰਸ ਦਾ ਇਲਾਜ ਵੀ ਸ਼ਾਮਲ ਹੋਵੇ। ਕੋਰੋਨਾ ਨੂੰ ਬੀਮਾ ਕਵਰ 'ਚ ਸ਼ਾਮਲ ਕੀਤੇ ਜਾਣ ਦਾ ਯਕੀਨੀ ਤੌਰ 'ਤੇ ਇਹ ਦੁਨੀਆ ਦਾ ਪਹਿਲਾ ਪ੍ਰਸਤਾਵ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੀ ਮਹਾਂਮਾਰੀ ਕਾਰਨ ਦੁਨੀਆ ਭਰ 'ਚ 3000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਅਤੇ 90 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਬੀਮਾਰੀ ਨਾਲ ਪੀੜਤ ਦੱਸੇ ਜਾ ਰਹੇ ਹਨ।
ਇਰਡਾ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ,' ਸਿਹਤ ਬੀਮਾ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਬੀਮਾ ਕੰਪਨੀਆਂ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਉਹ ਅਜਿਹੇ ਉਤਪਾਦ ਤਿਆਰ ਕਰਨ ਜਿਸ ਵਿਚ ਕੋਰੋਨਾ ਵਾਇਰਸ ਦੇ ਇਲਾਜ ਦਾ ਖਰਚ ਵੀ ਕਵਰ ਹੋਵੇ।' ਇਰਡਾ ਨੇ ਬੀਮਾ ਕੰਪਨੀਆਂ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਇਲਾਜ ਨਾਲ ਸੰਬੰਧਿਤ ਦਾਅਵਿਆਂ ਦਾ ਤੇਜ਼ੀ ਨਾਲ ਨਿਪਟਾਰਾ ਕਰਨ। ਇਰਡਾ ਨੇ ਕਿਹਾ ਕਿ ਜਿਹੜੇ ਮਾਮਲਿਆਂ ਵਿਚ ਹਸਪਤਾਲ 'ਚ ਭਰਤੀ ਹੋਣ ਦਾ ਖਰਚ ਕਵਰ ਹੋਵੇ, ਬੀਮਾ ਕੰਪਨੀਆਂ ਇਹ ਯਕੀਨੀ ਬਣਾਉਣ ਕਿ ਕੋਵਿਡ-19 ਨਾਲ ਸਬੰਧਿਤ ਮਾਮਲਿਆਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾਵੇ।
ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : EPFO ਨੇ PF ਦੀਆਂ ਵਿਆਜ ਦਰਾਂ 0.15 ਫੀਸਦੀ ਤੱਕ ਘਟਾਈਆਂ, 6 ਕਰੋੜ ਲੋਕਾਂ 'ਤੇ ਹੋਵੇਗਾ ਅਸਰ

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            