ਹੁਸ਼ਿਆਰਪੁਰ ਦੇ ਇਕ਼ਬਾਲ ਸਿੰਘ ਨੇ ਏਸ਼ੀਆ ਰੋਇੰਗ ਚੈਂਪੀਅਨਸ਼ਿਪ ''ਚ ਜਿੱਤਿਆ ਕਾਂਸੀ ਤਮਗਾ

10/29/2019 9:26:50 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ )- ਪਿੰਡ ਖੁਣਖੁਣ ਕਲਾਂ ਨਿਵਾਸੀ ਸਮਾਜ ਸੇਵੀ ਮਾਸਟਰ ਕੇਵਲ ਸਿੰਘ ਦੇ ਪੋਤਰੇ ਨੌਜਵਾਨ ਇਕ਼ਬਾਲ ਸਿੰਘ ਨੇ ਸਾਊਥ ਕੋਰੀਆ ਵਿੱਚ ਹੋਈ ਏਸ਼ੀਅਨ ਰੋਇੰਗ (ਕਿਸ਼ਤੀ ਚਲਾਉਣ) ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਹਾਸਲ ਕਰਕੇ ਆਪਣੇ ਪਿੰਡ ਤੇ ਜਿਲੇ ਦਾ ਨਾਂ ਰੋਸ਼ਨ ਕੀਤਾ ਹੈ ਤੰਗੇਮ ਲੇਕ ਇੰਟਰਨੈਸ਼ਨਲ ਰੋਇੰਗ ਰਿਗਾਟਾ ਚੁੰਗਜੂ ਸਾਊਥ ਕੋਰੀਆ ਵਿੱਚ 23 ਤੋਂ 27 ਅਕਤੂਬਰ ਤਕ ਹੋਈ ਇਸ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਦਾ ਹਿੱਸਾ ਬਣਕੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਕ਼ਬਾਲ ਸਿੰਘ ਨੇ ਇਹ ਮਾਣ ਹਾਸਲ ਕੀਤਾ ਹੈ।

PunjabKesari
ਇਸ ਮੁਕਾਬਲੇ ਵਿੱਚ ਉਜਬੇਕਿਸਤਾਨ ਦੀ ਟੀਮ ਨੇ ਪਹਿਲਾ, ਜਪਾਨ ਨੇ ਦੂਜਾ ਤੇ ਭਾਰਤੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਸੇਵਾਮੁਕਤ ਫੌਜੀ ਚਰਨਜੀਤ ਸਿੰਘ ਤੇ ਬਲਜੀਤ ਕੌਰ ਨੇ ਆਪਣੇ ਹੋਣਹਾਰ ਪੁੱਤਰ ਇਕ਼ਬਾਲ ਦੀ ਇਸ ਉਪਲਬਧੀ ਉੱਤੇ ਫ਼ਖਰ ਜਾਹਰ ਕਰਦੇ ਹੋਏ ਵਾਹਿਗੁਰੂ ਪਰਮੇਸ਼ਵਰ ਦਾ ਧੰਨਵਾਦ ਕੀਤਾ ਹੈ। ਆਰਮੀ 'ਚ ਪੂਨਾ ਵਿਖੇ ਸੇਵਾਵਾਂ ਦੇ ਰਹੇ ਇਕ਼ਬਾਲ ਸਿੰਘ ਦੀ ਇਸ ਵੱਡੀ ਪ੍ਰਾਪਤੀ ਨਾਲ ਉਸਦੇ ਸਾਥੀ ਅਤੇ ਪਿੰਡ ਵਾਸੀ ਬੇਹੱਦ ਉਤਸਾਹਿਤ ਤੇ ਖੁਸ਼ ਹਨ।

PunjabKesari
ਇਕ਼ਬਾਲ ਸਿੰਘ ਦੇ ਪਿਤਾ ਨੇ ਦੱਸਿਆ ਕਿ ਇਕ਼ਬਾਲ 2016 ਵਿੱਚ ਫੌਜ 'ਚ ਭਰਤੀ ਹੋਇਆ ਸੀ ਤੇ ਉਸ ਸਮੇ ਤੋਂ ਹੀ ਆਰਮੀ ਵਲੋਂ ਇਹ ਖੇਡ ਵਿੱਚ ਭਾਗ ਲੈ ਰਿਹਾ ਹੈ ਅਤੇ ਉਸਨੇ ਦੋ ਵਾਰ ਕੌਮੀ ਖੇਡਾਂ ਵਿੱਚ ਵੀ ਭਾਗ ਲਿਆ ਹੈ। ਇਸ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਅਤੇ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਹਰਮਿੰਦਰ ਪਾਲ ਸਿੰਘ ਸੋਨਾ, ਪਰਮਿੰਦਰ ਸਿੰਘ, ਬਲਬੀਰ ਸਿੰਘ ਬੀਰਾ, ਜਸਪ੍ਰੀਤ ਸਿੰਘ, ਮਨਜੋਤ ਸਿੰਘ, ਗੁਰਸੇਵਕ ਮਾਰਸ਼ਲ, ਖੇਡ ਪ੍ਰਮੋਟਰ ਗਗਨ ਵੈਦ  ਨੇ ਇਕ਼ਬਾਲ ਸਿੰਘ ਨੂੰ ਸ਼ੁਭਕਾਮਨਾਵਾ ਦਿੰਦੇ ਦੱਸਿਆ ਕਿ ਉਸਦਾ ਪਿੰਡ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਵੱਖ ਵੱਖ ਕਲੱਬਾਂ ਵਲੋਂ ਸਨਮਾਨ ਕੀਤਾ ਜਾਵੇਗਾ।|


Gurdeep Singh

Content Editor

Related News