25 ਸਿਆਸਤਦਾਨਾਂ ਤੇ 30 ਅਧਿਕਾਰੀਆਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚਾਰ ਅਧੀਨ: ਵਰਿੰਦਰ ਕੁਮਾਰ

04/20/2023 12:14:26 PM

ਜਲੰਧਰ (ਸੁਨੀਲ ਧਵਨ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਸਾਲ ਪਹਿਲਾਂ ਭ੍ਰਿਸ਼ਟਾਚਾਰ ਵਿਰੁੱਧ ਜੰਗ ਸ਼ੁਰੂ ਕੀਤੀ ਸੀ ਅਤੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਉਨ੍ਹਾਂ ਦੀ ਪਹਿਲ ’ਚ ਸਭ ਤੋਂ ਉੱਪਰ ਹੈ। ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜਨ ਲਈ ਉਨ੍ਹਾਂ ਨੇ ਇਮਾਨਦਾਰ ਅਧਿਕਾਰੀਆਂ ਦੀ ਚੋਣ ਕੀਤੀ, ਜਿਨ੍ਹਾਂ ’ਚ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਵਰਿੰਦਰ ਕੁਮਾਰ ਵੀ ਸ਼ਾਮਲ ਸਨ। 1993 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਵਰਿੰਦਰ ਕੁਮਾਰ ਕੋਲ ਇਸ ਸਮੇਂ ਵਿਜੀਲੈਂਸ ਬਿਊਰੋ ਪੰਜਾਬ ਦੇ ਚੀਫ਼ ਡਾਇਰੈਕਟਰ ਦੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੁੱਧ ਵੱਡੇ ਪੱਧਰ ’ਤੇ ਜੰਗ ਛੇੜੀ ਹੋਈ ਹੈ। ਇਸ ਨੂੰ ਲੈ ਕੇ ਬੀਤੇ ਦਿਨ ਉਨ੍ਹਾਂ ਨਾਲ ਕੁਝ ਭਖਦੇ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ।

ਸ. ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰੀਆਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਅਤੇ ਕੀ ਤੁਸੀਂ ਦੱਸੋਗੇ ਕਿ ਇਸ ਸਮੇਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਿੰਨੇ ਮਾਮਲੇ ਵਿਜੀਲੈਂਸ ਬਿਊਰੋ ਕੋਲ ਜਾਂਚ ਅਧੀਨ ਹਨ?
ਜ.
ਆਮਦਨ ਦੇ ਮੁਕਾਬਲੇ ਜ਼ਿਆਦਾ ਜਾਇਦਾਦ ਬਣਾਉਣ ਦੇ ਲਗਭਗ 55 ਮਾਮਲੇ ਵਿਜੀਲੈਂਸ ਬਿਊਰੋ ਕੋਲ ਜਾਂਚ ਅਧੀਨ ਹਨ ਅਤੇ ਇਨ੍ਹਾਂ ਕੇਸਾਂ ’ਚ ਵੈਰੀਫਿਕੇਸ਼ਨ ਦਾ ਕੰਮ ਵਿਜੀਲੈਂਸ ਬਿਊਰੋ ਨੇ ਸ਼ੁਰੂ ਕੀਤਾ ਹੋਇਆ ਹੈ। ਇਨ੍ਹਾਂ ’ਚ 25 ਮਾਮਲੇ ਤਾਂ ਸਿਆਸਤਦਾਨਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ’ਚ ਵਿਜੀਲੈਂਸ ਬਿਊਰੋ ਨੇ ਆਮਦਨ ਦੇ ਮੁਕਾਬਲੇ ਵੱਧ ਜਾਇਦਾਦ ਬਣਾਉਣ ਨੂੰ ਲੈ ਕੇ ਕਾਫੀ ਸਬੂਤ ਇਕੱਠੇ ਕੀਤੇ ਹੋਏ ਹਨ। ਇਸੇ ਤਰ੍ਹਾਂ ਲਗਭਗ 30 ਮਾਮਲੇ ਅਧਿਕਾਰੀਆਂ ਵਿਰੁੱਧ ਜਾਂਚ ਅਧੀਨ ਹਨ ਅਤੇ ਉਨ੍ਹਾਂ ’ਚ ਵੀ ਵੈਰੀਫਿਕੇਸ਼ਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਸਿਆਸਤਦਾਨਾਂ ਜਾਂ ਅਧਿਕਾਰੀਆਂ ਦੀ ਜਿੰਨੀ ਆਮਦਨ ਹੁੰਦੀ ਹੈ, ਉਸ ਦੇ ਮੁਕਾਬਲੇ ਉਨ੍ਹਾਂ ਕਿਤੇ ਜ਼ਿਆਦਾ ਖਰਚਾ ਕਰ ਕੇ ਜਾਇਦਾਦ ਬਣਾਈ ਹੁੰਦੀ ਹੈ ਜਾਂ ਫਿਰ ਆਪਣੀ ਆਮਦਨੀ ਦੇ ਮੁਕਾਬਲੇ ਉਨ੍ਹਾਂ ਨੇ ਆਪਣੇ ਰਹਿਣ-ਸਹਿਣ ’ਤੇ ਜ਼ਿਆਦਾ ਖਰਚਾ ਕੀਤਾ ਹੁੰਦਾ ਹੈ। ਇਨ੍ਹਾਂ ਸਾਰਿਆਂ ਮਾਮਲਿਆਂ ’ਚ ਸੂਤਰਾਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਸਿਹਤਮੰਦ ਰਹਿਣ ਲਈ ਹਮੇਸ਼ਾ ਪੀਓ ਘੜੇ ਦਾ ਪਾਣੀ, ਫਰਿੱਜ਼ ਵਰਤਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

ਸ. ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਨੇ ਵਿਭਾਗੀ ਫੈਸਲੇ ਲੈਂਦੇ ਸਮੇਂ ਜੋ ਪੱਖਪਾਤ ਕੀਤਾ ਸੀ, ਅਜਿਹੇ ਭ੍ਰਿਸ਼ਟਾਚਾਰ ਦੇ ਮਾਮਲੇ ਵੀ ਵਿਜੀਲੈਂਸ ਬਿਊਰੋ ਕੋਲ ਵਿਚਾਰ ਅਧੀਨ ਹਨ?
ਜ.
ਅਜਿਹੇ ਵੀ 8-10 ਮਾਮਲੇ ਵਿਜੀਲੈਂਸ ਬਿਊਰੋ ਕੋਲ ਵਿਚਾਰ ਅਧੀਨ ਹਨ, ਜਿਨ੍ਹਾਂ ’ਚ ਅਧਿਕਾਰੀਆਂ ਵੱਲੋਂ ਵੈਰੀਫਿਕੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ।

ਸ. ਕੀ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਜਾਂਚ ਕਰਨ ਲਈ ਵਿਜੀਲੈਂਸ ਬਿਊਰੋ ਨੂੰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਮੀ ਮਹਿਸੂਸ ਹੋ ਰਹੀ ਹੈ?
ਜ.
ਇਹ ਗੱਲ ਬਿਲਕੁੱਲ ਸਹੀ ਹੈ ਕਿ ਵਿਜੀਲੈਂਸ ਬਿਊਰੋ ਕੋਲ ਇਸ ਸਮੇਂ ਸਟਾਫ ਦੀ ਭਾਰੀ ਕਮੀ ਹੈ ਅਥੇ ਉਸ ਕੋਲ ਜ਼ਿੰਮੇਵਾਰੀਆਂ ਕਾਫੀ ਜ਼ਿਆਦਾ ਹੋ ਚੁੱਕੀਆਂ ਹਨ।

ਸ. ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਬਿਊਰੋ ਨੂੰ ਕਾਰਵਾਈ ਕਰਨ ਦੀ ਖੁੱਲ੍ਹੀ ਛੋਟ ਦਿੱਤੀ ਹੋਈ ਹੈ ਅਤੇ ਕੀ ਤੁਸੀਂ ਇਹ ਦੱਸੋਗੇ ਕਿ ਕਿੰਨੇ ਮਾਮਲਿਆਂ ’ਚ ਆਉਣ ਵਾਲੇ ਦਿਨਾਂ ’ਚ ਕਾਰਵਾਈ ਹੋਣੀ ਹੈ?
ਜ.
ਇਹ ਬਿਲਕੁੱਲ ਸਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਨਾਉਣ ਲਈ ਕਿਹਾ ਹੈ ਅਤੇ ਬਿਊਰੋ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਰਿਟ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇ ਕਿਸੇ ਨੇ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਹੀਦੀ। ਵਿਜੀਲੈਂਸ ਨੂੰ ਹੁਣ ਜਿਵੇਂ-ਜਿਵੇਂ ਭ੍ਰਿਸ਼ਟਾਚਾਰ ਨੂੰ ਲੈ ਕੇ ਸਬੂਤ ਮਿਲ ਰਹੇ ਹਨ, ਉਹ ਕਾਰਵਾਈ ਕਰ ਰਿਹਾ ਹੈ।

ਸ. ਪੰਜਾਬ ਦੇ ਮੁੱਖ ਸਕੱਤਰ ਨੇ ਕੱਲ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਿਜੀਲੈਂਸ ਬਿਊਰੋ ਨਾਲ ਸਾਂਝੇ ਤੌਰ ’ਤੇ ਬੈਠਕ ਕੀਤੀ ਸੀ। ਇਸ ਬੈਠਕ ਦਾ ਅਸਲ ਏਜੰਡਾ ਕੀ ਸੀ?
ਜ.
ਸੁਪਰੀਮ ਕੋਰਟ ਨੇ ਆਪਣੇ ਨਿਰਦੇਸ਼ਾਂ ’ਚ ਕਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਨਾਲ ਸਬੰਧਤ ਕੇਸਾਂ ਨੂੰ ਸਰਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ 4 ਮਹੀਨਿਆਂ ਤੋਂ ਜ਼ਿਆਦਾ ਸਮੇਂ ਤਕ ਆਪਣੇ ਕੋਲ ਰੋਕ ਨਹੀਂ ਰੱਖਣਾ ਹੈ। ਇਨ੍ਹਾਂ ਮਾਮਲਿਆਂ ਨੂੰ ਜਲਦੀ ਤੋਂ ਜਲਦੀ ਪ੍ਰਸ਼ਾਸਨਿਕ ਸਕੱਤਰਾਂ ਕੋਲੋਂ ਕਲੀਅਰ ਕਰਵਾਉਣ ਲਈ ਹੀ ਮੁੱਖ ਸਕੱਤਰ ਨੇ ਕੱਲ ਸਾਰਿਆਂ ਦੇ ਨਾਲ ਸਾਂਝੇ ਤੌਰ ’ਤੇ ਬੈਠਕ ਕੀਤੀ ਸੀ, ਜਿਸ ਵਿਚ ਫੈਸਲਾ ਲਿਆ ਗਿਆ ਭ੍ਰਿਸ਼ਟਾਚਾਰ ਨਾਲ ਸਬੰਧਿਤ ਕੇਸਾਂ ਨੂੰ ਤੁਰੰਤ ਕਲੀਅਰ ਕੀਤਾ ਜਾਵੇਗਾ, ਤਾਂ ਕਿ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਆਪਣੀ ਬਣਦੀ ਕਾਰਵਾਈ ਕਰ ਸਕੇ।

ਇਹ ਵੀ ਪੜ੍ਹੋ : ਸਪੇਨ ਗਏ ਪੁੱਤ ਦੀ ਘਰ ਪਰਤੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗਮਗੀਨ ਮਾਹੌਲ 'ਚ ਹੋਇਆ ਸਸਕਾਰ

ਸ. ਕੀ ਤੁਹਾਨੂੰ ਨਹੀਂ ਲੱਗਦਾ ਕਿ ਸੂਬੇ ’ਚ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਵਿਜੀਲੈਂਸ ਬਿਊਰੋ ਕਾਫੀ ਐਕਟਿਵ ਹੋ ਗਿਆ ਹੈ?
ਜ.
ਹਰ ਸਰਕਾਰ ਦੀਆਂ ਆਪਣੀਆਂ ਪਹਿਲਾਂ ਹੁੰਦੀਆਂ ਹਨ ਅਤੇ ਮਨੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਹਿਲ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ ਅਤੇ ਇਸੇ ਦਿਸ਼ਾ ’ਚ ਉਹ ਅੱਗੇ ਵਧ ਰਹੀ ਹੈ। ਇਸ ਲਈ ਸਾਰਿਆਂ ਨੂੰ ਲੱਗਦਾ ਹੈ ਕਿ ਵਿਜੀਲੈਂਸ ਬਿਊਰੋ ਕਾਫੀ ਐਕਟਿਵ ਹੋ ਗਿਆ ਹੈ, ਜਦਕਿ ਸੱਚਾਈ ਇਹ ਹੈ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਫੀ ਗੰਭੀਰ ਹਨ ਅਤੇ ਉਹ ਇਸ ਨੂੰ ਖਤਮ ਕਰਨ ਦਾ ਦ੍ਰਿੜ ਇਰਾਦਾ ਲੈ ਕੇ ਚੱਲ ਰਹੇ ਹਨ। ਸਰਕਾਰ ’ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਮਾਮਲੇ ’ਚ ਸਿਆਸੀ ਇੱਛਾ-ਸ਼ਕਤੀ ਕਾਫ਼ੀ ਮਜ਼ਬੂਤ ਹੈ। ਪਿਛਲੀਆਂ ਸਰਕਾਰਾਂ ’ਚ ਇਸ ਮਜਬੂਤ ਇੱਛਾ-ਸ਼ਕਤੀ ਦੀ ਘਾਟ ਸੀ।

ਸ. ਜਨਤਾ ਰਿਸ਼ਵਤਖੋਰੀ ਬਾਰੇ ਕੀ ਵਿਜੀਲੈਂਸ ਨੂੰ ਸੂਚਨਾ ਦੇ ਰਹੀ ਹੈ?
ਜ.
ਜਨਤਾ ਕੋਲੋਂ ਵਿਜੀਲੈਂਸ ਨੂੰ ਜਿੰਨੀਆਂ ਸੂਚਨਾਵਾਂ ਮਿਲਣੀਆਂ ਚਾਹੀਦੀਆਂ ਹਨ, ਉਹ ਅਜੇ ਨਹੀਂ ਮਿਲ ਰਹੀਆਂ ਹਨ। ਜਨਤਾ ’ਚ ਕਈ ਵਾਰ ਘਬਰਾਹਟ ਵੀ ਹੁੰਦੀ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਜੇਕਰ ਬਿਊਰੋ ਨੂੰ ਜਾਣਕਾਰੀ ਦੇਣਗੇ ਤਾਂ ਫਿਰ ਬਾਅਦ ’ਚ ਉਨ੍ਹਾਂ ਨੂੰ ਕੋਰਟ-ਕਚਹਿਰੀਆਂ ਦੇ ਚੱਕਰ ਕੱਟਣੇ ਪੈਣਗੇ। ਜਨਤਾ ਨੂੰ ਇਸ ਗੱਲ ਨੂੰ ਆਪਣੇ ਮਨ ’ਚੋਂ ਕੱਢਣਾ ਪਵੇਗਾ ਅਤੇ ਸਮਾਜ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਬਣਾਉਣ ਲਈ ਅੱਗੇ ਆਉਣਾ ਪਵੇਗਾ।

ਸ. ਤੁਸੀਂ ਬੜੇ ਸਖ਼ਤ ਸੁਭਾਅ ਦੇ ਅਧਿਕਾਰੀ ਮੰਨੇ ਜਾਂਦੇ ਹੋ!
ਜ.
ਅਜਿਹੀ ਗੱਲ ਨਹੀਂ ਹੈ। ਸਰਕਾਰ ਜੋ ਵੀ ਜ਼ਿੰਮੇਦਾਰੀ ਦਿੰਦੀ ਹੈ, ਉਸ ਨੂੰ ਮੈਂ ਬਾਖੂਬੀ ਨਿਭਾਅ ਰਿਹਾ ਹਾਂ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜਨਤਾ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਸਾਡੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰੀਏ। ਜੇਕਰ ਅਸੀਂ ਅੱਗੇ ਨਹੀਂ ਆਵਾਂਗੇ ਤਾਂ ਫਿਰ ਅਸੀਂ ਭ੍ਰਿਸ਼ਟਾਚਾਰ ਨੂੰ ਕਿਵੇਂ ਖ਼ਤਮ ਕਰ ਸਕਾਂਗੇ।

ਇਹ ਵੀ ਪੜ੍ਹੋ : ਵਿਜੀਲੈਂਸ ਟੀਮ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਜੁੜੀ ਸੰਸਥਾ ’ਤੇ ਮਾਰਿਆ ਛਾਪਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News