ਖਸਤਾ ਹਾਲਤ ਸੜਕ ਦੇ ਰਹੀ ਅੈ ਹਾਦਸਿਆਂ ਨੂੰ ਸੱਦਾ
Monday, Aug 27, 2018 - 02:07 AM (IST)

ਬੰਗਾ, (ਭਾਰਤੀ)— ਸਾਹਲੋਂ ਤੋਂ ਬੰਗਾ ਨੂੰ ਜਾਂਦੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। 11 ਕਿਲੋਮੀਟਰ ਰਾਹ ਪੰਦਰਾਂ ਮਿੰਟ ਦੀ ਥਾਂ ਮੁਸ਼ਕਲ ਨਾਲ 30 ਮਿੰਟ ਵਿਚ ਪੂਰਾ ਹੁੰਦਾ ਹੈ ਤੇ ਸੜਕ ਦੀ ਮਾੜੀ ਹਾਲਤ ਹੋਣ ਕਾਰਨ ਜਿਥੇ ਵਾਹਨਾਂ ਦੀ ਟੁੱਟ-ਭੱਜ ਹੁੰਦੀ ਹੈ, ਉਥੇ ਕੋਈ ਦੁਰਘਟਨਾ ਵਾਪਰਨ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਕਰੀਬ ਪੌਣੇ ਦੋ ਸਾਲ ਪਹਿਲਾਂ ਅਕਾਲੀ ਸਰਕਾਰ ਵੇਲੇ ਬੰਗਾ ਤੋਂ ਪਿੰਡ ਕਰਨਾਣਾ ਤਕ (ਕਰੀਬ 8-9 ਸਾਲ ਬਾਅਦ) ਪ੍ਰੀਮਿਕਸ ਪਾਇਆ ਗਿਆ ਸੀ। ਬਜਟ ਨਾ ਹੋਣ ਦੀ ਗੱਲ ਕਹਿ ਕੇ ਬਾਕੀ ਹਿੱਸਾ ਰੋਕ ਦਿੱਤਾ ਗਿਆ ਸੀ। ਇਲਾਕੇ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਸੜਕ ਠੀਕ ਕਰਨ ਲਈ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕਰਦੇ ਆ ਰਹੇ ਹਨ। ਲੋਕਾਂ ਵੱਲੋਂ ਆਪਣੇ ਪੱਧਰ ’ਤੇ ਸੜਕ ’ਤੇ ਪਏ ਟੋਇਆਂ ਨੂੰ ਕਈ ਵਾਰ ਪੂਰਿਆ ਜਾ ਚੁੱਕਾ ਹੈ। ਇਲਾਕੇ ਦੀਆਂ ਪੰਚਾਇਤਾਂ ਤੇ ਲੋਕ ਇਸ ਸਬੰਧ ’ਚ ਨਿੱਜੀ ਤੌਰ ’ਤੇ ਪ੍ਰਸ਼ਾਸਨ ਤੇ ਸਥਾਨਕ ਵਿਧਾਇਕ ਨੂੰ ਵੀ ਮਿਲ ਚੁੱਕੇ ਹਨ ਪ੍ਰੰਤੂ ਅਜੇ ਤਕ ਮੰਗ ਨੂੰ ਬੂਰ ਨਹੀਂ ਪਿਆ। ਲੋਕਾਂ ਦੀ ਮੰਗ ਹੈ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ।