ਖਾਦਾਂ ਅਤੇ ਕੀਡ਼ੇਮਾਰ ਦਵਾਈਆਂ ਦੀਅਾਂ ਦੁਕਾਨਾਂ ਦੀ ਜਾਂਚ, 15 ਸੈਂਪਲ ਲਏ
Friday, Jun 22, 2018 - 04:13 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਖੇਤੀਬਾਡ਼ੀ ਵਿਭਾਗ ਬਰਨਾਲਾ ਨੇ ਬਲਾਕ ਬਰਨਾਲਾ ਅਤੇ ਸ਼ਹਿਣਾ ਵਿਚ ਇਕ ਵਿਸ਼ੇਸ਼ ਮੁਹਿੰਮ ਚਲਾ ਕੇ ਖਾਦਾਂ ਅਤੇ ਕੀਡ਼ੇਮਾਰ ਦਵਾਈਆਂ ਦੇ ਸੈਂਪਲ ਲਏ ਤਾਂ ਜੋ ਬਾਜ਼ਾਰ ’ਚੋਂ ਨਕਲੀ ਅਤੇ ਗੈਰ-ਮਿਆਰੀ ਉਤਪਾਦਾਂ ਦੀ ਵਿਕਰੀ ਨੂੰ ਰੋਕਿਆ ਜਾਵੇ। ਇਸ ਮੌਕੇ ਬਲਾਕ ਬਰਨਾਲਾ ਵਿਚ ਡਾ. ਸੁਖਪਾਲ ਸਿੰਘ, ਖੇਤੀਬਾਡ਼ੀ ਵਿਕਾਸ ਅਫਸਰ ਅਤੇ ਡਾ. ਗੁਰਮੀਤ ਸਿੰਘ, ਖੇਤੀਬਾਡ਼ੀ ਵਿਕਾਸ ਅਫਸਰ (ਪੀ. ਪੀ.) ਦੀ ਅਗਵਾਈ ਹੇਠ ਟੀਮ ਨੇ ਕੁੱਲ 14 ਦੁਕਾਨਾਂ ਵਿਚ ਉਪਲੱਬਧ ਖੇਤੀ ਰਸਾਇਣਾਂ ਤੇ ਦਵਾਈਆਂ ਦੀ ਜਾਂਚ ਕੀਤੀ ਅਤੇ ਕੀੜੇਮਾਰ ਦਵਾਈਆਂ ਦੇ 4 ਸੈਂਪਲ ਤੇ ਰਸਾਇਣਕ ਖਾਦਾਂ ਦੇ 6 ਸੈਂਪਲ ਲਏ। ਇਸ ਦੇ ਨਾਲ ਹੀ ਬਲਾਕ ਸ਼ਹਿਣਾ ਵਿਖੇ ਡਾ. ਗੁਰਬਿੰਦਰ ਸਿੰਘ, ਖੇਤੀਬਾਡ਼ੀ ਵਿਕਾਸ ਅਫ਼ਸਰ ਸ਼ਹਿਣਾ ਦੀ ਅਗਵਾਈ ਹੇਠ ਟੀਮ ਨੇ ਤਕਰੀਬਨ 15 ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਕੀੜੇਮਾਰ ਦਵਾਈਆਂ ਦੇ 5 ਸੈਂਪਲ ਲਏ।
ਮੁੱਖ ਖੇਤੀਬਾਡ਼ੀ ਅਫਸਰ ਡਾ. ਰਛਪਾਲ ਸਿੰਘ ਖੋਸਾ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਇਕੱਠੇ ਕੀਤੇ ਗਏ ਸੈਂਪਲ ਟੈਸਟ ਕਰਨ ਲਈ ਗੁਪਤ ਰੂਪ ’ਚ ਲੈਬੋਰੇਟਰੀ ਨੂੰ ਭੇਜ ਦਿੱਤੇ ਗਏ ਹਨ। ਇਸ ਮੁਹਿੰਮ ਦਾ ਮੁੱਖ ਮਕਸਦ ਕਿਸਾਨਾਂ ਨੂੰ ਮਿਆਰੀ ਖਾਦਾਂ, ਬੀਜ ਅਤੇ ਖੇਤੀਬਾਡ਼ੀ ਲਈ ਲੋਡ਼ੀਂਦੀਆਂ ਵਧੀਆ ਮਿਆਰੀ ਦੀਅਾਂ ਦਵਾਈਆਂ ਮੁਹੱਈਆ ਕਰਵਾਉਣਾ ਹੈ।
