ਆਪਣਾ ਥਾਣਾ ਛੱਡ ਕੇ ਦੂਜੇ ਦੀ ਹੱਦ ’ਚ ਗਏ ਪੁਲਸ ਮੁਲਾਜ਼ਮ, ਸੀ. ਪੀ. ਨੇ ਕੀਤੇ ਲਾਈਨ ਹਾਜ਼ਰ

Saturday, Aug 28, 2021 - 12:46 PM (IST)

ਆਪਣਾ ਥਾਣਾ ਛੱਡ ਕੇ ਦੂਜੇ ਦੀ ਹੱਦ ’ਚ ਗਏ ਪੁਲਸ ਮੁਲਾਜ਼ਮ, ਸੀ. ਪੀ. ਨੇ ਕੀਤੇ ਲਾਈਨ ਹਾਜ਼ਰ

ਲੁਧਿਆਣਾ (ਰਾਜ) : ਆਪਣਾ ਥਾਣਾ ਛੱਡ ਕੇ ਦੂਜੇ ਥਾਣੇ ਦੀ ਹੱਦ ਵਿਚ ਚੈਕਿੰਗ ਕਰਨ ਗਏ ਇਕ ਪੁਲਸ ਮੁਲਾਜ਼ਮ ਅਤੇ ਹੋਮਗਾਰਡ ਜਵਾਨ ਨੂੰ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਲਈਨ ਹਾਜ਼ਰ ਕੀਤਾ ਹੈ ਅਤੇ ਉੱਚ ਅਧਿਕਾਰੀਆਂ ਨੂੰ ਜਾਂਚ ਲਈ ਕਿਹਾ ਹੈ। ਅਸਲ ਵਿਚ ਮਾਮਲਾ 24 ਅਗਸਤ ਦਾ ਹੈ। ਥਾਣਾ ਸਾਹਨੇਵਾਲ ਤਹਿਤ ਚੌਂਕੀ ਕੰਗਣਵਾਲ ਦੇ ਇੰਚਾਰਜ ਹਰਦੀਪ ਸਿੰਘ ਦੇ ਬਿਆਨਾਂ ’ਤੇ ਇਕ ਕੇਸ ਦਰਜ ਹੋਇਆ ਸੀ, ਜਿਸ ਵਿਚ ਕੁਝ ਲੋਕ ਦੋ ਨੌਜਵਾਨਾਂ ਦੇ ਨਾਲ ਕੁੱਟਮਾਰ ਕਰ ਰਹੇ ਸਨ।

ਜਦੋਂ ਪੁਲਸ ਉਨ੍ਹਾਂ ਨੂੰ ਰੋਕਣ ਗਈ ਤਾਂ ਉਲਟਾ ਲੋਕਾਂ ਨੇ ਪੁਲਸ ਦੀ ਵਰਦੀ ’ਤੇ ਹੱਥ ਪਾ ਲਿਆ। ਹਾਲਾਂਕਿ ਉਕਤ ਕੇਸ ਵਿਚ 2 ਵਿਅਕਤੀਆਂ ਨੂੰ ਨਾਮਜ਼ਦ ਕਰ ਕੇ 2 ਅਣਪਛਾਤਿਆਂ ’ਤੇ ਪਰਚਾ ਦਰਜ ਕੀਤਾ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਲੋਕ ਜਿਨ੍ਹਾਂ 2 ਵਿਅਕਤੀਆਂ ਨਾਲ ਕੁੱਟਮਾਰ ਕਰ ਰਹੇ ਸਨ, ਉਹ ਥਾਣਾ ਡਵੀਜ਼ਨ ਨੰ. 4 ਦੇ ਮੁਲਾਜ਼ਮ ਹਨ, ਜਿਸ ਵਿਚ ਇਕ ਹੈੱਡ ਕਾਂਸਟੇਬਲ ਨਰਿੰਦਰ ਸਿੰਘ ਸੀ ਅਤੇ ਦੂਜਾ ਉਸ ਦੇ ਨਾਲ ਹੋਮਗਾਰਡ ਦਾ ਜਵਾਨ ਸੀ।

ਉਸ ਸਮੇਂ ਦੋਵੇਂ ਥਾਣਾ ਡਵੀਜ਼ਨ ਨੰ. 4 ਵਿਚ ਡਿਊਟੀ ਦੇ ਰਹੇ ਸਨ, ਜੋ ਬਿਨਾਂ ਕਿਸੇ ਅਧਿਕਾਰੀ ਅਤੇ ਐੱਸ. ਐੱਚ. ਓ. ਨੂੰ ਆਪਣਾ ਇਲਾਕਾ ਛੱਡ ਕੇ ਦੂਜੇ ਇਲਾਕੇ ਵਿਚ ਚਲੇ ਗਏ ਸਨ। ਹਾਲਾਂਕਿ ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਲੋਕਾਂ ਦਾ ਦੋਸ਼ ਸੀ ਕਿ ਉਕਤ ਦੋਵੇਂ ਮੁਲਾਜ਼ਮ ਚੈਕਿੰਗ ਦੇ ਨਾਂ ’ਤੇ ਉਨ੍ਹਾਂ ਤੋਂ ਪੈਸੇ ਠੱਗ ਰਹੇ ਸਨ। ਜਦੋਂ ਇਸ ਸਬੰਧੀ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਦੋਵੇਂ ਲਾਈਨ ਹਾਜ਼ਰ ਕਰ ਦਿੱਤੇ। ਇਸ ਗੱਲ ਦੀ ਪੁਸ਼ਟੀ ਕਰਦਿਆਂ ਜੁਆਇੰਟ ਸੀ. ਪੀ. (ਹੈੱਡਕੁਆਰਟਰ) ਜੇ. ਐਲਨਚੇਜੀਅਨ ਨੇ ਕੀਤੀ ਹੈ।


author

Babita

Content Editor

Related News