34 ਬਾਸਕਟਬਾਲ ਗਰਾਊਂਡਸ ਬਣਾ ਚੁੱਕੇ ਸੁਲਤਾਨਪੁਰ ਲੋਧੀ ਤੋਂ 'ਆਪ' ਦੇ ਇੰਚਾਰਜ ਸੱਜਣ ਸਿੰਘ ਚੀਮਾ ਨਾਲ ਖਾਸ ਗੱਲਬਾਤ

Thursday, Feb 22, 2024 - 07:25 PM (IST)

34 ਬਾਸਕਟਬਾਲ ਗਰਾਊਂਡਸ ਬਣਾ ਚੁੱਕੇ ਸੁਲਤਾਨਪੁਰ ਲੋਧੀ ਤੋਂ 'ਆਪ' ਦੇ ਇੰਚਾਰਜ ਸੱਜਣ ਸਿੰਘ ਚੀਮਾ ਨਾਲ ਖਾਸ ਗੱਲਬਾਤ

ਜਲੰਧਰ (ਵੈੱਬ ਡੈਸਕ)- ਖੇਡ ਜਗਤ 'ਚ ਬਾਸਕਟਬਾਲ ਦੇ ਵਧੀਆ ਖਿਡਾਰੀ ਰਹਿਣ ਵਾਲੇ ਸੁਲਤਾਨਪੁਰ ਲੋਧੀ ਤੋਂ 'ਆਪ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨਾਲ 'ਜਗ ਬਾਣੀ' ਟੀ. ਵੀ. ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਆਪਣੇ ਖੇਡ ਸਫ਼ਰ ਦੇ ਨਾਲ-ਨਾਲ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਸਾਂਝੇ ਕੀਤੇ ਗਏ। ਦਿਲੀਪ ਸਿੰਘ ਰਾਣਾ ਦਿ ਗ੍ਰੇਟ ਖਲੀ ਅਤੇ ਡੀ.ਐੱਸ.ਪੀ. ਪਰਮਿੰਦਰ ਸਿੰਘ ਭੰਡਾਲ ਨੂੰ ਕਾਮਯਾਬ ਬਣਾਉਣ ਵਾਲੇ ਸੱਜਣ ਸਿੰਘ ਚੀਮਾ ਬਾਸਕਟਬਾਲ ਦੇ ਖਿਡਾਰੀ ਰਹਿਣ ਦੇ ਨਾਲ-ਨਾਲ ਸਾਬਕਾ ਪੁਲਸ ਅਫ਼ਸਰ ਅਤੇ ਅਰਜੁਨ ਐਵਾਰਡੀ ਵੀ ਰਹਿ ਚੁੱਕੇ ਹਨ। ਕਪੂਰਥਲਾ ਦੇ ਪਿੰਡ ਦਬੋਲੀਆਂ ਵਿਖੇ ਨੈਸ਼ਨਲ ਪੱਧਰ 'ਤੇ ਉਨ੍ਹਾਂ ਵੱਲੋਂ ਇਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ,ਜੋਕਿ 4 ਮਾਰਚ ਤੋਂ ਲੈ ਕੇ 8 ਮਾਰਚ ਤੱਕ ਚੱਲੇਗਾ।  

ਜਦੋਂ ਉਨ੍ਹਾਂ ਨੂੰ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਕਿ ਇੰਨੇ ਛੋਟੇ ਜਿਹੇ ਪਿੰਡ ਵਿਚ ਇੰਨੀ ਵੱਡੀ ਗਤੀਵਿਧੀ ਕਿਵੇਂ ਸੰਭਵ ਰਹੀ ਕਿਉਂਕਿ ਬਾਸਕਟਬਾਲ ਦਾ ਪਿੰਡਾਂ ਵਿਚ ਬਹੁਤਿਆਂ ਨੂੰ ਨਾਂ ਨਹੀਂ ਪਤਾ ਹੁੰਦਾ ਜਦਕਿ ਵਾਲੀਵਾਲ ਨੂੰ ਤਾਂ ਸਾਰੇ ਹੀ ਜਾਣਦੇ ਹਨ, ਤਾਂ ਉਨ੍ਹਾਂ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਸਮਝਦਾ ਹਾਂ ਕਿ ਜਦੋਂ ਤੁਸੀਂ ਕਿਸੇ ਵੀ ਚੀਜ਼ ਦੀ ਸ਼ੁਰੂਆਤ ਕਰਦੇ ਹੋਏ ਤਾਂ ਜ਼ੀਰੋ ਤੋਂ ਸ਼ੁਰੂਆਤ ਕਰਦੇ ਹੋ। ਆਪਣੇ ਸਫ਼ਰ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਭਰਾ ਟੌਪ ਦੇ ਖਿਡਾਰੀ ਰਹੇ ਹਾਂ। ਸਭ ਤੋਂ ਵੱਡੇ ਭਰਾ ਨੂੰ ਵੇਖ ਕੇ ਹੀ ਅਸੀਂ ਬਾਸਕਟਬਾਲ ਸ਼ੁਰੂ ਕੀਤੀ ਸੀ। ਮੈਨੂੰ ਇਥੋਂ ਕਪੂਰਥਲਾ ਜਾਣਾ ਪੈਂਦਾ ਸੀ। ਜਦੋਂ ਅਸੀਂ ਖੇਡ ਸ਼ੁਰੂ ਕੀਤੀ ਤਾਂ ਇਥੋਂ 14 ਕਿਲੋਮੀਟਰ ਦੂਰ ਰਣਧੀਰ ਕਾਲਜ ਵਿਚ ਬਣੀ ਗਰਾਊਂਡ ਵਿਚ ਖੇਡੇ ਸੀ। ਆਉਣ-ਜਾਣ ਵਿਚ ਸਾਨੂੰ 55 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ ਜੋਕਿ ਅਸੀਂ ਸਾਈਕਲ 'ਤੇ ਹੀ ਕਰਦੇ ਸੀ। ਬਾਸਕਟਬਾਲ ਨੇ ਸਾਡੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ। ਅਸੀਂ ਚਾਹੁੰਦੇ ਸੀ ਕਿ ਇਥੇ ਇਕ ਗਰਾਊਂਡ ਬਣਾਈ ਜਾਵੇ ਤਾਂਕਿ ਇਥੇ ਆ ਕੇ ਬੱਚੇ ਖੇਡ ਸਕਣ। 

PunjabKesari

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਮਾਂ-ਧੀ ਦਾ ਕਤਲ ਕਰਨ ਵਾਲਾ ਕਰਨਜੀਤ ਜੱਸਾ ਕਰਨਾ ਚਾਹੁੰਦਾ ਸੀ ਮੂਸੇਵਾਲਾ ਦੇ ਕਾਤਲਾਂ ਦਾ ਕਤਲ

ਜਦੋਂ ਪਹਿਲੀ ਗਰਾਊਂਡ ਬਣੀ ਤਾਂ ਲੋਕ ਨਹੀਂ ਜਾਣਦੇ ਸਨ ਬਾਸਕਟਬਾਲ ਨੂੰ 
ਹੁਣ ਤੱਕ 34 ਸਟੇਡੀਅਮ ਬਾਸਕਟਬਾਲ ਦੇ ਬਣਵਾ ਚੁੱਕੇ ਚੀਮਾ ਨੇ ਅੱਗੇ ਦੱਸਦੇ ਹੋਏ ਉਨ੍ਹਾਂ ਿਕਹਾ ਕਿ ਮੈਂ ਇਥੇ ਅੱਜ ਤੋਂ 30 ਸਾਲ ਪਹਿਲਾਂ ਜਦੋਂ ਪਹਿਲੀ ਬਾਸਕਟਬਾਲ ਦੀ ਗਰਾਊਂਡ ਬਣਵਾਈ ਸੀ ਤਾਂ ਇਥੋਂ ਦੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਬਾਸਕਟਬਾਲ ਕੀ ਹੁੰਦੀ ਹੈ। ਹੌਲੀ-ਹੌਲੀ ਫਿਰ ਬੱਚੇ ਇਸ ਗਰਾਊਂਡ ਵਿਚ ਸਿੱਖਣ ਆਉਣ ਲੱਗੇ। ਅੱਜ ਤੁਸੀਂ ਵੇਖ ਸਕਦੇ ਹੋਏ ਕਿ ਕਰੀਬ 60 ਬੱਚੇ ਵੱਖ-ਵੱਖ ਪਿੰਡਾਂ ਤੋਂ ਆ ਕੇ ਖੇਡਦੇ ਹਨ ਅਤੇ ਬੱਚੇ ਵਧੀਆ ਖਿਡਾਰੀ ਬਣ ਰਹੇ ਹਨ। ਗਰਾਊਂਡ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਇਥੋਂ ਨੈਸ਼ਨਲ ਪੱਧਰ ਦੇ ਖਿਡਾਰੀ ਪੈਦਾ ਹੋਏ ਹਨ।

ਕਈਆਂ ਨੂੰ ਸਪੋਰਟਸ ਬੇਸ 'ਤੇ ਨੌਕਰੀ ਵੀ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰ ਦਿਹਾੜੀ ਕਰਨ ਵਾਲੇ ਵਿਅਕਤੀ ਦਾ ਮੁੰਡਾ ਅੰਡਰ-14 'ਚ ਪੰਜਾਬ ਟੀਮ ਦਾ ਕੈਪਟਨ ਰਿਹਾ ਹੈ। ਇਕ ਹੋਰ ਦਿਹਾੜੀਦਾਰ ਸੋਨੂੰ ਨਾਂ ਦੇ ਵਿਅਕਤੀ ਦਾ ਬੱਚਾ ਵੀ ਇਸੇ ਗਰਾਊਂਡ ਵਿਚੋਂ ਖੇਡ ਕੇ ਅਤੇ ਸਰਕਾਰੀ ਸਕੂਲ ਵਿਚ ਪੜ੍ਹ ਕੇ ਅੱਜ ਕੋਲਕਾਤਾ ਏਮਸ ਵਿਚ ਐੱਮ. ਬੀ. ਬੀ. ਐੱਸ. ਕਰ ਰਿਹਾ ਹੈ। ਸਾਰੇ ਗ਼ਰੀਬਾਂ ਦੇ ਬੱਚੇ ਹਨ। ਅਸੀਂ ਇਨ੍ਹਾਂ ਨੂੰ ਗਾਈਡ ਕਰਦੇ ਹਾਂ। ਬੱਚਿਆਂ ਨੂੰ ਹੋਸਟਲ ਫਰੀ, ਖਾਣਾ ਫਰੀ ਦੇਣ ਦੇ ਨਾਲ-ਨਾਲ ਫ਼ੀਸ ਵੀ ਮੁਆਫ਼ ਹੁੰਦੀ ਹੈ। ਜਿਹੜੇ ਬੱਚੇ ਬੂਟ-ਕਿੱਟ ਨਹੀਂ ਲੈ ਸਕਦੇ ਹਨ, ਉਨ੍ਹਾਂ ਨੂੰ ਬੂਟ-ਕਿੱਟ ਵੀ ਲੈ ਕੇ ਦਿੰਦੇ ਹਾਂ। ਜਦੋਂ ਕਿਤੇ ਕਿਸੇ ਨੂੰ ਪੈਸੇ ਦੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਦੀ ਪੈਸਿਆਂ ਦੀ ਵੀ ਮਦਦ ਕੀਤੀ ਜਾਂਦੀ ਹੈ। ਉਸ ਦੀ ਹਰ ਪੱਖੋਂ ਮਦਦ ਕੀਤੀ ਜਾਂਦੀ ਹੈ। ਇਥੋਂ ਦਿਹਾੜੀਦਾਰ ਮੁੰਡੇ ਨੈਸ਼ਨਲ ਪੱਧਰ 'ਤੇ ਵਧੀਆ ਖਿਡਾਰੀ ਬਣ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਬਹੁਤ ਗ਼ਰੀਬੀ ਵਿਚੋਂ ਉੱਠ ਕੇ ਪਰਮਾਤਮਾ ਨੇ ਸਾਡੇ ਪਰਿਵਾਰ ਨੂੰ ਵੱਡੇ-ਵੱਡੇ ਅਹੁਦੇ ਦਿੱਤੇ ਹਨ। ਮੈਂ ਐੱਸ. ਐੱਸ. ਪੀ. ਤੋਂ ਸੇਵਾ ਮੁਕਤ ਹੋਇਆ ਹਾਂ ਅਤੇ ਮੇਰਾ ਛੋਟਾ ਭਰਾ ਐੱਸ. ਪੀ. ਤੋਂ ਰਿਟਾਇਰਡ ਹੋਇਆ ਹੈ ਅਤੇ ਇਕ ਭਰਾ ਡੀ. ਐੱਸ. ਪੀ. ਹੈ ਅਤੇ ਸਾਡੇ ਪਰਿਵਾਰ ਨੂੰ ਵੇਖ ਕੇ ਪਿੰਡ ਵਾਲਿਆਂ ਨੂੰ ਲੱਗਦਾ ਹੈ ਕਿ ਜੇ ਇਹ ਖੇਡ ਕੇ ਇਥੋਂ ਤੱਕ ਪਹੁੰਚ ਸਕਦੇ ਹਨ ਤਾਂ ਉਨ੍ਹਾਂ ਦਾ ਪਰਿਵਾਰ ਵੀ ਤਰੱਕੀਆਂ ਕਰ ਸਕਦਾ ਹੈ। 

ਇਹ ਵੀ ਪੜ੍ਹੋ: ਖਨੌਰੀ ਬਾਰਡਰ 'ਤੇ ਮਾਰੇ ਗਏ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਲੈਣ ਪੁੱਜੇ ਪਿੰਡ ਵਾਲਿਆਂ ਨੇ ਕੀਤਾ ਵੱਡਾ ਐਲਾਨ (ਵੀਡੀਓ)

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News