ਪੰਜਾਬ 'ਚ 'ਇੰਟਰਨੈੱਟ ਸੇਵਾਵਾਂ' ਬੰਦ ਕਰਨ 'ਤੇ ਕੈਪਟਨ ਦਾ ਵੱਡਾ ਬਿਆਨ
Friday, Mar 20, 2020 - 12:58 PM (IST)
ਚੰਡੀਗੜ੍ਹ : ਪੂਰੀ ਦੁਨੀਆ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਆਪਣੇ ਪੈਰ ਪਸਾਰ ਲਏ ਹਨ। ਸੂਬੇ 'ਚ ਕੋਰੋਨਾ ਵਾਇਰਸ ਦੇ 3 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਹੁਣ ਤੱਕ ਇਕ ਮਰੀਜ਼ ਦੀ ਮੌਤ ਹੋ ਚੁੱਕੀ ਸੀ। ਇਸ ਨੂੰ ਧਿਆਨ 'ਚ ਰੱਖਦਿਆਂ ਪੰਜਾਬ 'ਚ ਬੱਸਾਂ, ਸਿੱਖਿਅਕ ਅਦਾਰੇ ਅਤੇ ਕਈ ਹੋਰ ਅਦਾਰਿਆਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ, ਹਾਲਾਂਕਿ ਪੰਜਾਬ ਬੰਦ ਬਾਰੇ ਬਹੁਤ ਸਾਰੀਆਂ ਅਫਵਾਹਾਂ ਵੀ ਲੋਕਾਂ 'ਚ ਫੈਲਾਈਆਂ ਜਾ ਰਹੀਆਂ ਹਨ, ਜਿਵੇਂ ਕਿ ਪੰਜਾਬ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਹੁਣ ਮੋਹਾਲੀ ਦੀ ਔਰਤ 'ਚ 'ਕੋਰੋਨਾ ਵਾਇਰਸ' ਦੀ ਪੁਸ਼ਟੀ, ਸੀਲ ਹੋਇਆ ਪੂਰਾ ਇਲਾਕਾ
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ 'ਚ ਇੰਟਰਨੈੱਟ ਸੇਵਾਵਾਂ ਮੁਅੱਤਲ ਕੀਤੇ ਜਾਣ ਵਰਗੀਆਂ ਅਫਵਾਹਾਂ ਝੂਠੀਆਂ ਹਨ ਅਤੇ ਇਸ 'ਤੇ ਯਕੀਨ ਨਾ ਕੀਤਾ ਜਾਵੇ। ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਪਰਖ ਕੀਤੇ ਕੋਈ ਵੀ ਅਜਿਹ ਖਬਰ ਸਾਂਝੀ ਨਾ ਕੀਤੀ ਜਾਵੇ, ਜਿਸ ਕਾਰਨ ਲੋਕਾਂ 'ਚ ਡਰ ਅਤੇ ਸਨਸਨੀ ਪੈਦਾ ਹੋਵੇ। ਉਨ੍ਹਾਂ ਫੇਸਬੁੱਕ ਅਕਾਊਂਟ 'ਤੇ ਇਕ ਫੋਟੋ ਸਾਂਝੀ ਕੀਤੀ ਹੈ, ਜੋ ਦਾਅਵਾ ਕਰਦੀ ਹੈ ਕਿ ਪੰਜਾਬ ਸਰਕਾਰ ਇੰਟਰਨੈੱਟ ਸੇਵਾਵਾਂ ਬੰਦ ਕਰਨ ਜਾ ਰਹੀ ਹੈ, ਜੋ ਕਿ ਬਿਲਕੁਲ ਝੂਠੀ ਹੈ।
ਇਹ ਵੀ ਪੜ੍ਹੋ : 119 ਲੋਕਾਂ ਦੇ ਸੰਪਰਕ 'ਚ ਆਈ ਇੰਗਲੈਂਡ ਤੋਂ ਪਰਤੀ ਕੁੜੀ, ਸਭ ਨੂੰ ਲੱਭ ਰਿਹੈ ਪ੍ਰਸ਼ਾਸਨ
ਕੈਪਟਨ ਨੇ ਕਿਹਾ ਹੈ ਕਿ ਅਜਿਹੀਆਂ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਮਾਂ ਅਫਵਾਹਾਂ ਫੈਲਾਉਣ ਦਾ ਨਹੀਂ, ਸਗੋਂ ਲੋਕਾਂ ਦੀ ਹਿੰਮਤ ਵਧਾਉਣ ਅਤੇ ਸਹੀ ਜਾਣਕਾਰੀ ਇਕ-ਦੂਜੇ ਤੱਕ ਪਹੁੰਚਾਉਣ ਦਾ ਹੈ।
ਮੋਹਾਲੀ 'ਚ ਨਵਾਂ ਕੇਸ ਆਇਆ ਸਾਹਮਣੇ
ਕੋਰੋਨਾ ਵਾਇਰਸ ਦਾ ਸ਼ੁੱਕਰਵਾਰ ਨੂੰ ਮੋਹਾਲੀ 'ਚ ਨਵਾਂ ਕੇਸ ਸਾਹਮਣੇ ਆਇਆ ਹੈ। ਮੋਹਾਲੀ ਦੀ ਰਹਿਣ ਵਾਲੀ ਇਕ ਬਜ਼ੁਰਗ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 3 ਹੋ ਗਈ ਹੈ। ਫਿਲਹਾਲ ਔਰਤ ਦਾ ਘਰ ਅਤੇ ਆਸ-ਪਾਸ ਦਾ ਇਲਾਕਾ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਅਤੇ ਔਰਤ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਵੀ ਆਈਸੋਲੇਟ ਕਰਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਬਾਕੀ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ : ਮੋਹਾਲੀ ਦੀ ਕੰਪਨੀ 'ਚ 3 ਦਿਨ ਤੱਕ ਜਾਂਦੀ ਰਹੀ ਚੰਡੀਗੜ੍ਹ ਦੀ ਕੋਰੋਨਾ ਪੀੜਤਾ
ਪੰਜਾਬ 'ਚ ਬੱਸਾਂ, ਸਕੂਲ, ਸ਼ਾਪਿੰਗ ਮਾਲ ਬੰਦ
ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਅੱਜ ਰਾਤ ਤੋਂ ਸੂਬੇ ਅੰਦਰ ਚੱਲਣ ਵਾਲੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਸਮੇਤ ਆਟੋਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੂਬੇ 'ਚ ਸ਼ਾਪਿੰਗ ਮਾਲ, ਸਪੋਰਟਸ ਕੰਪਲੈਕਸ, ਰੇਸਤਰਾਂ, ਹੋਟਲ ਅਤੇ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ ਤਾਂ ਜੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਬਰਨਾਲਾ 'ਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼, ਇਲਾਕਾ ਕੀਤਾ ਗਿਆ ਸੀਲ