ਸ੍ਰੀ ਨਨਕਾਣਾ ਸਾਹਿਬ ਤੋਂ ਚੱਲਿਆ ਕੌਮਾਂਤਰੀ ਨਗਰ ਕੀਰਤਨ ਪਹੁੰਚਿਆ ਸੁਲਤਾਨਪੁਰ ਲੋਧੀ

11/05/2019 11:16:49 PM

ਸੁਲਤਾਨਪੁਰ ਲੋਧੀ,(ਸੋਢੀ) : ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਚੱਲਿਆ ਕੌਮਾਂਤਰੀ ਨਗਰ ਕੀਰਤਨ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਹੁੰਚਿਆ। ਇਸ ਦੌਰਾਨ ਵੱਡੀ ਗਿਣਤੀ 'ਚ ਸ਼ਰਧਾਲੂਆਂ ਵਲੋਂ ਬੜੀ ਸ਼ਰਧਾ ਭਾਵ ਨਾਲ ਫੁੱਲਾਂ ਦੀ ਵਰਖਾ ਕਰਕੇ ਤੇ ਜੈਕਾਰਿਆਂ ਦੀ ਗੂੰਜ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ ਸਭਾ ਸੁਸਾਇਟੀਆਂ ਤੇ ਸੰਤਾਂ-ਮਹਾਂਪੁਰਸ਼ਾਂ ਵਲੋਂ ਸਵਾਗਤ ਕਰਨ ਲਈ ਉਚੇਚੇ ਪ੍ਰਬੰਧ ਕੀਤੇ ਗਏ । ਕਈ ਘੰਟਿਆਂ ਤੋਂ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਤੋਂ ਆਏ ਨਗਰ ਕੀਰਤਨ 'ਚ ਸ਼ਸ਼ੋਬਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਸੁੰਦਰ ਰੁਮਾਲਾ ਸਾਹਿਬ ਭੇਂਟ ਕੀਤਾ ਗਿਆ । ਇਸ ਮੌਕੇ ਪੰਜ ਪਿਆਰੇ ਸਾਹਿਬਾਨ ਤੇ ਹੋਰ ਹਸਤੀਆਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ ਗਏ । ਸੰਗਤਾਂ ਵਲੋਂ ਪਾਵਨ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਕੀਤੇ ਗਏ ਤੇ ਇਤਿਹਾਸਕ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਵਾਲ , ਬੀਬੀ ਗੁਰਪ੍ਰੀਤ ਕੌਰ ਰੂਹੀ, ਇੰਜੀਨੀਅਰ ਸਵਰਨ ਸਿੰਘ ਮੈਂਬਰ ਪੀ ਏ ਸੀ , ਮੁੱਖ ਸਕੱਤਰ ਡਾ. ਰੂਪ ਸਿੰਘ, ਮਹਿੰਦਰ ਸਿੰਘ ਆਹਲੀ ਸਕੱਤਰ ਧਰਮ ਪ੍ਰਚਾਰ ਕਮੇਟੀ , ਆਦਿ ਨੇ ਵੀ ਸਵਾਗਤ ਕੀਤਾ । 

PunjabKesari

ਨਿਰਵੈਰ ਖਾਲਸਾ ਸੇਵਾ ਸੁਸਾਇਟੀ ਵਲੋਂ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ ਸਵਾਗਤ 
ਇਸ ਸਮੇ ਨਗਰ ਕੀਰਤਨ ਦਾ ਨਿਰਵੈਰ ਖਾਲਸਾ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਦੇ 50 ਨੌਜਵਾਨਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਥਾਂ-ਥਾਂ ਸਵਾਗਤ ਕੀਤਾ। ਇਸ ਦੇ ਨਾਲ ਹੀ ਬਹੁਤ ਹੀ ਸ਼ਰਧਾ ਨਾਲ ਦੋ ਕਿਲੋਮੀਟਰ ਦੂਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਅੱਗੇ ਸੁੰਦਰ ਮੈਟ ਵਿਛਾ ਕੇ ਗੁਰਦੁਆਰਾ ਬੇਰ ਸਾਹਿਬ ਤੱਕ ਜੈਕਾਰੇ ਲਗਾਉਦੇ ਹੋਏ ਪੁੱਜੇ। ਇਸ ਮੌਕੇ ਨਿਰਵੈਰ ਖਾਲਸਾ ਦੇ ਪ੍ਰਧਾਨ ਜਥੇ ਹਰਜਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਸੁਲਤਾਨਪੁਰ ਤੇ ਹੋਰਨਾਂ ਸ਼ਿਰਕਤ ਕੀਤੀ।

PunjabKesari

ਸ਼੍ਰੋਮਣੀ ਕਮੇਟੀ ਵਲੋਂ ਨਵੀ ਦਾਨਾ ਮੰਡੀ 'ਚ ਸਵਾਗਤ ਲਈ ਸਜਾਏ ਦੀਵਾਨ 
ਗੁਰੂ ਨਾਨਕ ਨਗਰੀ ਨਨਕਾਣਾ ਸਾਹਿਬ ਜੀ ਤੋਂ ਪੁੱਜੇ ਨਗਰ ਕੀਰਤਨ ਪ੍ਰਤੀ ਪੂਰੇ ਸੁਲਤਾਨਪੁਰ ਲੋਧੀ ਇਲਾਕੇ ਦੀਆਂ ਸੰਗਤਾਂ 'ਚ ਇੰਨਾ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਜਿੱਥੇ ਨਗਰ ਕੀਰਤਨ ਦੀ ਆਮਦ ਤੋਂ ਕਈ-ਕਈ ਘੰਟੇ ਪਹਿਲਾਂ ਸੰਗਤਾਂ ਦਾਨਾ ਮੰਡੀ ਸੁਲਤਾਨਪੁਰ ਲੋਧੀ , ਸ਼ਹੀਦ ਊਧਮ ਸਿੰਘ ਚੌਕ 'ਚ  ਇੰਤਜ਼ਾਰ ਕਰਦੀਆਂ ਵਾਹਿਗੁਰੂ ਸਿਮਰਨ ਕਰਦੀਆਂ ਰਹੀਆਂ  ਉਥੇ ਪੰਜਾਬ ਦੇ ਕੋਨੇ ਕੋਨੇ ਤੋਂ ਇਸ ਆਲੌਕਿਕ ਨਜਾਰੇ ਦੇ ਦਰਸ਼ਨਾਂ ਲਈ ਸ਼ਰਧਾ ਦਾ ਸੈਲਾਬ ਲੈ ਕੇ ਸ਼ਰਧਾਲੂ ਪੁੱਜੇ ਹੋਏ ਸਨ । ਸਾਰੇ ਧਰਮਾਂ ਨਾਲ ਸੰਬੰਧਿਤ ਸੰਗਤਾਂ ਇਹ ਮੰਨ ਕੇ ਇਸ ਨਗਰ ਕੀਰਤਨ ਦੇ ਦਰਸ਼ਨਾਂ ਲਈ ਪੁੱਜੀਆਂ ਕਿ ਪੂਰੀ ਮਨੁੱਖਤਾ ਦੇ ਰਹਿਬਰ ਸਤਿਗੁਰੂ ਬਾਬਾ ਨਾਨਕ ਪਾਤਸ਼ਾਹ ਜੀ ਖੁਦ ਮੁੜ ਤੋਂ ਨਨਕਾਣਾ ਸਾਹਿਬ ਤੋਂ  ਸੁਲਤਾਨਪੁਰ ਲੋਧੀ ਸੰਗਤਾਂ ਨੂੰ ਤਾਰਨ ਆਏ ਹਨ । ਹਰ ਧਰਮ, ਵਰਗ ਦੇ ਸ਼ਰਧਾਲੂ ਇਕ-ਦੂਸਰੇ ਤੋਂ ਅੱਗੇ ਹੋ ਕੇ ਸੁੰਦਰ ਵਾਹਨ 'ਚ ਸਜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੱਗੇ ਨਤਮਸਤਕ ਹੋਣ ਲਈ ਬੇਸਬਰੇ ਨਜ਼ਰ ਆ ਰਹੇ ਸਨ। ਇਸ ਸਬੰਧੀ ਕਈ ਸ਼ਰਧਾਲੂਆਂ ਦੇ ਵਿਚਾਰ ਜਾਣਨ 'ਤੇ ਇਕੋ ਗੱਲ ਸਾਹਮਣੇ ਆਈ ਕਿ 550 ਸਾਲਾ ਆਗਮਨ ਦਿਹਾੜਾ ਕਿਸਮਤ ਨਾਲ ਸਾਡੇ ਸਮੇਂ 'ਚ ਗਿਆ। 600 ਸਾਲਾ ਪਤਾ ਨਹੀਂ ਕਿਸ ਭਾਗਾਂ ਵਾਲੇ ਨੂੰ ਨਸੀਬ ਹੋਵੇਗਾ। ਆਪਣੀ ਸਮਰੱਥਾ ਮੁਤਾਬਕ ਸੰਗਤਾਂ ਦੀ ਸੇਵਾ ਕਰਨ ਲਈ ਸਾਰੇ ਪੰਜਾਬ ਚੋਂ ਸੰਤ ਮਹਾਂਪੁਰਸ਼ ਵੀ ਪੁੱਜੇ ਹੋਏ ਸਨ ।


Related News