ਸਮਰਾਲਾ ਤੋਂ ਵੱਡੀ ਖ਼ਬਰ : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਦੋਸ਼ ''ਚ ਅੰਤਰਰਾਸ਼ਟਰੀ ''ਕਬੱਡੀ ਖਿਡਾਰੀ'' ਗ੍ਰਿਫ਼ਤਾਰ
Thursday, Apr 01, 2021 - 03:36 PM (IST)
ਸਮਰਾਲਾ (ਗਰਗ) : ਸਥਾਨਕ ਪੁਲਸ ਨੇ ਅੱਜ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅ੍ਰੰਮਿਤਪਾਲ ਸਿੰਘ ਉਰਫ ਗੋਲਡੀ ਜਾਫ਼ੀ ਨੂੰ ਆਪਣੇ ਹੀ ਪਿੰਡ ਦੀ 14 ਸਾਲ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨੇੜਲੇ ਪਿੰਡ ਟੋਡਰਪੁਰ ਦੇ ਵਸਨੀਕ ਇਸ ਕਬੱਡੀ ਖਿਡਾਰੀ ’ਤੇ ਦੋਸ਼ ਹੈ ਕਿ ਉਸ ਨੇ ਲੰਘੀ 9 ਮਾਰਚ ਨੂੰ ਪਿੰਡ ਦੀ ਹੀ ਨਾਬਾਲਗ ਕੁੜੀ ਨੂੰ ਡਰਾ-ਧਮਕਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਮਾਮਲਾ ਉਜਾਗਰ ਹੋਣ ’ਤੇ ਇਹ ਖਿਡਾਰੀ ਫ਼ਰਾਰ ਹੋ ਗਿਆ। ਇਸ ਮਗਰੋਂ ਕੁੜੀ ਦੇ ਬਿਆਨਾਂ ’ਤੇ ਉਸ ਦੇ ਖ਼ਿਲਾਫ਼ ਥਾਣਾ ਸਮਰਾਲਾ ਵਿਖੇ ਜਬਰ-ਜ਼ਿਨਾਹ ਅਤੇ ਪੋਸਕੋ ਐਕਟ ਸਮੇਤ ਵੱਖ-ਵੱਖ ਸੰਗੀਨ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਕਬੱਡੀ ਖਿਡਾਰੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : 5 ਸਾਲ ਤੋਂ ਪੁਰਾਣੇ ਕਿਰਾਏਦਾਰਾਂ ਲਈ ਰਾਹਤ ਭਰੀ ਖ਼ਬਰ, ਹੁਣ ਤੰਗ ਨਹੀਂ ਕਰ ਸਕਣਗੇ ਮਕਾਨ ਮਾਲਕ
ਉਨ੍ਹਾਂ ਦੱਸਿਆ ਕਿ ਪੁਲਸ ਮਾਮਲਾ ਦਰਜ ਹੋਣ ਵਾਲੇ ਦਿਨ ਤੋਂ ਹੀ ਇਸ ਦੋਸ਼ੀ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ ਅਤੇ ਇਸ ਦੀ ਜਲਦ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਇਸ਼ਤਿਹਾਰ ਤੱਕ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅ੍ਰੰਮਿਤਪਾਲ ਸਿੰਘ ਉਰਫ਼ ਗੋਲਡੀ ਜਾਫ਼ੀ ਪਿੰਡ ਟੋਡਰਪੁਰ ਦਾ ਰਹਿਣ ਵਾਲਾ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਪੁਲਸ ਰਿਮਾਂਡ ਦੌਰਾਨ ਉਸ ਕੋਲੋਂ ਜਬਰ-ਜ਼ਿਨਾਹ ਕੇਸ ਨਾਲ ਸਬੰਧਿਤ ਪੁੱਛਗਿੱਛ ਤੋਂ ਇਲਾਵਾ ਇਹ ਵੀ ਪਤਾ ਲਾਇਆ ਜਾਵੇਗਾ ਕਿ ਉਹ ਫ਼ਰਾਰ ਹੋਣ ਮਗਰੋਂ ਇੰਨੇ ਦਿਨ ਕਿੱਥੇ ਰਿਹਾ ਅਤੇ ਕਿਹੜੇ ਲੋਕਾਂ ਨੇ ਉਸ ਨੂੰ ਪਨਾਹ ਦੇਣ ਵਿੱਚ ਮਦਦ ਕੀਤੀ ਹੈ।
ਨੋਟ : ਪੰਜਾਬ 'ਚ ਵਾਪਰ ਰਹੀਆਂ ਜਬਰ-ਜ਼ਿਨਾਹ ਦੀਆਂ ਘਟਨਾਵਾਂ ਸਬੰਧੀ ਦਿਓ ਆਪਣੀ ਰਾਏ