ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦੀ ਉਸਾਰੀ ਜਾਵੇਗੀ ਯਾਦਗਾਰ
Sunday, Nov 25, 2018 - 07:52 PM (IST)

ਚੋਹਲਾ ਸਾਹਿਬ (ਰਾਕੇਸ਼ ਨਈਅਰ) ਕਬੱਡੀ ਖੇਡ ਜਗਤ ਦਾ ਬੇਤਾਜ਼ ਬਾਦਸ਼ਾਹ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਜ਼ੋ ਪਿਛਲੇ ਦਿਨੀਂ ਭਰ ਜਵਾਨੀ ਵਿੱਚ ਅਚਾਨਕ ਦਿਲ ਦਾ ਦਾ ਦੌਰਾ ਪੈਣ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ ਦੀ ਆਤਮਿਕ ਸ਼ਾਂਤੀ ਲਈ ਇਥੋਂ ਦੇ ਗੁਰਦੁਆਰਾ ਪਾਤਿਸ਼ਾਹੀ ਪੰਜਵੀਂ ਦੇ ਦੀਵਾਨ ਹਾਲ ਵਿਖੇ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਦੌਰਾਨ ਪੰਜਾਬ ਦੇ ਕੋਨੇ-ਕੋਨੇ ਤੋਂ ਪੁੱਜੇ ਹਜ਼ਾਰਾਂ ਖੇਡ ਪ੍ਰੇਮੀਆਂ ,ਵੱਖ-ਵੱਖ ਰਾਜਨੀਤਿਕ ,ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਜਿਸ ਦੌਰਾਨ ਕਈ ਮਹਾਨ ਹਸਤੀਆਂ ਨੇ ਇਸ ਸਮਾਗਮ 'ਚ ਪਹੁੰਚ ਕੇ ਸ਼ਰਧਾਂਜ਼ਲੀ ਦਿੱਤੀ।
ਸ਼ਰਧਾਂਜ਼ਲੀ ਸਮਾਗਮ ਵਿੱਚ ਪੁੱਜੇ ਹਲਕਾ ਵਿਧਾਇਕ ਸ੍ਰ: ਰਮਨਜੀਤ ਸਿੰਘ ਸਿੱਕੀ,ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ: ਧਰਮਵੀਰ ਅਗਲੀਹੋਤਰੀ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਸੁਮਖਨ ਦੇ ਪਰਿਵਾਰ ਨਾਲ ਖੜੀ ਹੈ। ਖੇਡ ਜਗਤ ਅਤੇ ਖਾਸਕਰ ਕਬੱਡੀ ਪ੍ਰੇਮੀਆਂ ਨੂੰ ਵੀ ਬਹੁਤ ਹੀ ਅਸਹਿ ਘਾਟਾ ਪਿਆ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਵਿਸ਼ਾਵਸ਼ ਦਿਵਾਉਂਦਿਆਂ ਕਿਹਾ ਕਿ ਸੁਖਮਨ ਦੀ ਯਾਦਗਾਰ ਬਣਾਉਣ ਲਈ ਸਮੁੱਚਾ ਇਲਾਕਾ ਅਤੇ ਪਰਿਵਾਰ ਜਿਸ ਤਰ੍ਹਾਂ ਦਾ ਵੀ ਫੈਸਲਾ ਕਰਨਗੇ ਪੰਜਾਬ ਸਰਕਾਰ ਵੱਲੋਂ ਉਸ ਮੰਗ ਨੂੰ ਪੂਰਾ ਕਰਦੇ ਹੋਏ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਮੁਹਈਆ ਕਰਵਾਈ ਜਾਵੇਗੀ। ਇਸ ਮੌਕੇ ਵੱਖ-ਵੱਖ ਖੇਡ ਪ੍ਰਮੋਟਰਾਂ ਦੀ ਤਰਫ਼ੋਂ ਕੇ.ਐਸ.ਨੰਨੀ ਨੇ ਵੀ ਸੁਖਮਨ ਦਾ ਵਿਸ਼ਾਲ ਬੁੱਤ ਚੋਹਲਾ ਸਾਹਿਬ ਦੀ ਹਦੂਦ ਵਿੱਚ ਉਸਾਰਨ ਦਾ ਦਾਅਵਾ ਕੀਤਾ। ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਤੋਂ ਪਹੁੰਚੇ ਸੰਤ ਮਹਾਂਪੁਰਸ਼ਾਂ ਨੇ ਵੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।