ਚੰਡੀਗੜ੍ਹ ਏਅਰਪੋਰਟ ''ਤੇ ਅੱਜ ਤੋਂ ਸ਼ੁਰੂ ਹੋਵੇਗੀ ਪਹਿਲੀ ਇੰਟਰਨਸ਼ੈਨਲ ਫਲਾਈਟ, ਵਿਚ ਸਵਾਰ ਹੋਣਗੇ ਪੰਜਾਬ ਦੇ ਚੋਟੀ ਦੇ ਆਗੂ

Thursday, Sep 15, 2016 - 12:04 PM (IST)

 ਚੰਡੀਗੜ੍ਹ ਏਅਰਪੋਰਟ ''ਤੇ ਅੱਜ ਤੋਂ ਸ਼ੁਰੂ ਹੋਵੇਗੀ ਪਹਿਲੀ ਇੰਟਰਨਸ਼ੈਨਲ ਫਲਾਈਟ, ਵਿਚ ਸਵਾਰ ਹੋਣਗੇ ਪੰਜਾਬ ਦੇ ਚੋਟੀ ਦੇ ਆਗੂ
ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਪਹਿਲੀ ਇੰਟਰਨੈਸ਼ਨਲ ਫਲਾਈਟ 15 ਸਤੰਬਰ ਮਤਲਬ ਕਿ ਅੱਜ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਵਿਸ਼ੇਸ਼ ਤਿਆਰੀ ਕੀਤੀ ਹੈ। ਇਸ ਮੌਕੇ ਨੂੰ ਖਾਸ ਬਣਾਉਣ ਲਈ ਇਕ ਬੱਚੇ ਦਾ ਜਨਮ ਦਿਨ ਵੀ ਫਲਾਈਟ ਵਿਚ ਮਨਾਇਆ ਜਾਵੇਗਾ। ਏਅਰ ਇੰਡੀਆ ਦਾ ਬੋਇੰਗ 737 ਸ਼ਾਰਜਾਹ ਤੋਂ ਦੁਪਹਿਰ 12 :45 ਵਜੇ ਚੰਡੀਗੜ੍ਹ ਲਈ ਉਡਾਣ ਭਰੇਗਾ ਅਤੇ 5 :10 ਵਜੇ ਚੰਡੀਗੜ੍ਹ ਏਅਰਪੋਰਟ ''ਤੇ ਲੈਂਡ ਕਰੇਗਾ। ਇਸ ਤੋਂ ਬਾਅਦ ਸ਼ਾਮ 6 :15 ਵਜੇ ਏਅਰ ਇੰਡੀਆ ਦੇ ਸੀ. ਐੱਮ. ਡੀ. ਅਸ਼ਵਨੀ ਕੁਮਾਰ ਲੋਹਾਨੀ ਇਸ ਫਲਾਈਟ ਨੂੰ ਹਰੀ ਝੰਡੀ ਦਿਖਾ ਕੇ ਸ਼ਾਰਜਾਹ ਲਈ ਰਵਾਨਾ ਕਰਨਗੇ। 
ਸੁਖਬੀਰ ਬਾਦਲ ਸਮੇਤ ਚੋਟੀ ਦੇ ਆਗੂ ਹੋਣਗੇ ਸਵਾਰ
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਵੀ ਮੌਜੂਦ ਰਹਿਣ ਦੀ ਉਮੀਦ ਹੈ। ਏਅਰ ਇੰਡੀਆ ਦੀ ਸ਼ਾਰਜਾਹ ਲਈ ਜਾਣ ਵਾਲੀ ਫਲਾਈਟ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਵਿਧਾਇਕ ਐੱਨ. ਕੇ. ਸ਼ਰਮਾ ਸਮੇਤ ਕਈ ਅਧਿਕਾਰੀ ਤੇ ਕਾਰੋਬਾਰੀ ਜਾ ਰਹੇ ਹਨ। ਇਸ ਮੌਕੇ ਏਅਰਪੋਰਟ ''ਤੇ ਪੰਜਾਬ ਸਰਕਾਰ ਵਲੋਂ ਇਕ ਉਦਘਾਟਨੀ ਸਮਾਰੋਹ ਵੀ ਕਰਵਾਇਆ ਜਾਵੇਗਾ, ਜਿਸ ਵਿਚ ਸ਼ਾਮ ਸਾਢੇ 4 ਵਜੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੀਡੀਆ ਨਾਲ ਮੁਖਾਤਿਬ ਹੋਣਗੇ। 
ਪਹਿਲੇ ਦਿਨ 3 ਘੰਟੇ ਪਹਿਲਾਂ ਪਹੁੰਚਣਾ ਹੋਵੇਗਾ ਏਅਰਪੋਰਟ 
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਯਾਤਰੀਆਂ ਨੂੰ ਫਲਾਈਟ ਵਿਚ ਜਾਣ ਲਈ ਪਹਿਲੇ ਦਿਨ 3 ਘੰਟੇ ਪਹਿਲਾਂ ਪਹੁੰਚਣਾ ਹੋਵੇਗਾ। ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐੱਮ. ਆਰ. ਜਿੰਦਲ ਨੇ ਦੱਸਿਆ ਕਿ ਯਾਤਰੀਆਂ ਨੂੰ ਫਲਾਈਟ ਫੜ੍ਹਨ ਲਈ ਏਅਰਪੋਰਟ ''ਤੇ 3 ਘੰਟੇ ਪਹਿਲਾਂ ਪਹੁੰਚਣਾ ਹੋਵੇਗਾ, ਤਾਂ ਕਿ ਯਾਤਰੀਆਂ ਦੇ ਪਾਸਪੋਰਟ ਤੋਂ ਇਲਾਵਾ ਹੋਰ ਸਾਰੇ ਦਸਤਾਵੇਜ਼ ਵੀ ਚੈੱਕ ਕਰ ਲਏ ਜਾਣ, ਜਿਹੜੇ ਯਾਤਰੀ ਦੇਰੀ ਨਾਲ ਪਹੁੰਚਣਗੇ, ਉਨ੍ਹਾਂ ਨੂੰ ਬੋਰਡਿੰਗ ਪਾਸ ਨਹੀਂ ਦਿੱਤਾ ਜਾਵੇਗਾ ਤੇ ਨਾ ਹੀ ਟਿਕਟ ਦੇ ਪੈਸੇ ਵਾਪਸ ਦਿੱਤੇ ਜਾਣਗੇ। ਇਸ ਲਈ ਦੁਪਹਿਰ 1 ਵਜੇ ਤੋਂ ਬਾਅਦ ਸ਼ਾਰਜਾਹ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਸ਼ੁਰੂ ਹੋ ਜਾਵੇਗੀ। 
ਏਅਰ ਇੰਡੀਆ ਦਾ ਸਪੈਸ਼ਲ ਬਰਥ ਡੇਅ ਗਿਫ਼ਟ
ਫਲਾਈਟ ਵਿਚ ਸਫ਼ਰ ਕਰਨ ਵਾਲੇ 3 ਬੱਚਿਆਂ ਵਿਚੋਂ 1 ਬੱਚੇ ਦਾ ਜਨਮ ਦਿਨ 15 ਸਤੰਬਰ ਨੂੰ ਹੈ ਅਤੇ ਬੱਚੇ ਦਾ ਜਨਮ ਦਿਨ ਮਨਾਉਣ ਲਈ ਏਅਰ ਇੰਡੀਆ ਨੇ ਖਾਸ ਪ੍ਰਬੰਧ ਕੀਤੇ ਹਨ। ਇਸ ਲਈ ਬਾਕਾਇਦਾ 10 ਪਾਊਂਡ ਦਾ ਕੇਕ ਬਣਵਾਇਆ ਗਿਆ ਹੈ।

author

Babita Marhas

News Editor

Related News