ਕੌਮਾਂਤਰੀ ਜੀਵ ਵੰਨ-ਸੁਵੰਨਤਾ ਦਿਹਾੜਾ 2020 : ‘ਕੁਦਰਤ ਅਤੇ ਮਨੁੱਖ ਦੀ ਸਾਂਝ’

Friday, May 22, 2020 - 01:20 PM (IST)

ਕੌਮਾਂਤਰੀ ਜੀਵ ਵੰਨ-ਸੁਵੰਨਤਾ ਦਿਹਾੜਾ 2020 : ‘ਕੁਦਰਤ ਅਤੇ ਮਨੁੱਖ ਦੀ ਸਾਂਝ’

ਕੁਦਰਤ ਅਤੇ ਮਨੁੱਖੀ ਜੀਵਨ ਦੇ ਵਿਚਕਾਰ ਇਕ ਅਨਿੱਖੜਵਾਂ ਸੰਬੰਧ ਹੈ। ਧਰਤੀ ਤੇ ਮਨੁੱਖ ਦੀ ਜੀਵਨ ਰੂਪੀ ਖੇਡ ਨੂੰ ਚੱਲਦੇ ਰੱਖਣ ਲਈ ਸਾਰਾ ਤਾਣਾ-ਬਾਣਾ ਜੀਵ ਵਿਭਿੰਨਤਾ ’ਤੇ ਨਿਰਭਰ ਕਰਦਾ ਹੈ। ਲਗਭਗ ਤਿੰਨ ਅਰਬ ਲੋਕਾਂ ਨੂੰ ਵੀਹ ਫੀਸਦੀ ਪਸ਼ੂ-ਪ੍ਰੋਟੀਨ ਮੱਛੀਆਂ ਤੋਂ ਪ੍ਰਾਪਤ ਹੁੰਦਾ ਹੈ ਅਤੇ ਮਨੁੱਖੀ ਖੁਰਾਕ ਦਾ 80 ਫੀਸਦੀ ਪੌਦਿਆਂ ਤੋਂ ਪ੍ਰਾਪਤ ਹੁੰਦਾ ਹੈ। ਵਿਕਾਸਸ਼ੀਲ ਦੇਸ਼ਾਂ ਦੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ 80 ਫੀਸਦੀ ਲੋਕ ਬੁਨਿਆਦੀ ਸਿਹਤ ਸੰਭਾਲ ਲਈ ਰਵਾਇਤੀ ਪੌਦਿਆਂ ’ਤੇ ਆਧਾਰਿਤ ਦਵਾਈਆਂ ’ਤੇ ਨਿਰਭਰ ਕਰਦੇ ਹਨ। ਜੇਕਰ ਧਿਆਨ ਦੇਈਏ ਤਾਂ ਇਸ ਵਿੱਚ ਹਰੇਕ ਪ੍ਰਜਾਤੀ ਦੇ ਅੰਦਰ ਪਾਏ ਜਾਂਦੇ ਜੈਨੇਟਿਕ ਅੰਤਰ ਵੀ ਸ਼ਾਮਲ ਹੁੰਦੇ ਹਨ। ਉਦਾਹਰਨ ਲਈ ਫ਼ਸਲਾਂ ਦੀਆਂ ਕਿਸਮਾਂ, ਪਸ਼ੂਆਂ ਦੀਆਂ ਨਸਲਾਂ ਅਤੇ ਵਾਤਾਵਰਣ ਪ੍ਰਣਾਲੀਆਂ (ਝੀਲਾਂ, ਜੰਗਲਾਂ, ਮਾਰੂਥਲ, ਖੇਤੀਬਾੜੀ ਦੇ ਲੈਂਡਸਕੇਪ) ਜੋ ਆਪਣੇ ਸਦੱਸਿਆਂ (ਮਨੁੱਖ, ਪੌਦੇ, ਜਾਨਵਰਾਂ) ਵਿੱਚ ਕਈ ਕਿਸਮ ਦੇ ਆਪਸੀ ਤਾਲਮੇਲ ਦੀ ਮੇਜ਼ਬਾਨੀ ਕਰਦੀਆਂ ਹਨ। 

ਜੀਵ ਵਿਭਿੰਨਤਾ ਦੇ ਸਰੋਤ ਉਹ ਥੰਮ ਹਨ, ਜਿਨ੍ਹਾਂ ਉੱਪਰ ਮਨੁੱਖੀ ਸੱਭਿਅਤਾ ਦਾ ਨਿਰਮਾਣ ਹੋਇਆ ਹੈ। ਜੀਵ ਵਿਭਿੰਨਤਾ ਵਿੱਚ ਤੇਜ਼ੀ ਨਾਲ ਆ ਰਹੀ ਗਿਰਾਵਟ ਕੁਦਰਤ ਅਤੇ ਮਨੁੱਖ ਜਾਤੀ ਦੋਵਾਂ ਲਈ ਹਾਨੀਕਾਰਕ ਹੈ। ਸੰਸਾਰ ਪੱਧਰ ’ਤੇ ਲਗਭਗ 25 ਫੀਸਦੀ ਜਾਨਵਰ ਅਤੇ ਪੌਦਿਆਂ ਦੀਆਂ ਕਿਸਮਾਂ ਦੇ ਅਲੋਪ ਹੋਣ ਦਾ ਖ਼ਤਰਾ ਹੈ। ਜੀਵ-ਵਿਭਿੰਨਤਾ ਅਤੇ ਵਾਤਾਵਰਣ ਪ੍ਰਣਾਲੀ ਸੇਵਾਵਾਂ ’ਤੇ ਬਣੇ ਅੰਤਰ-ਰਾਸ਼ਟਰੀ ਸਰਕਾਰੀ ਵਿਗਿਆਨ ਨੀਤੀ ਪਲੇਟਫ਼ਾਰਮ-2018 ਦੀ ਇਕ ਰਿਪੋਰਟ ਮੁਤਾਬਕ ਮੌਸਮ ਵਿੱਚ ਤਬਦੀਲੀ, ਹਮਲਾਵਰ ਪ੍ਰਜਾਤੀਆਂ, ਕੁਦਰਤੀ ਸਰੋਤਾਂ ਦਾ ਵੱਧ ਸ਼ੋਸ਼ਣ, ਪ੍ਰਦੂਸ਼ਣ ਅਤੇ ਸ਼ਹਿਰੀਕਰਨ ਆਦਿ ਜੀਵ ਵਿਭਿੰਨਤਾ ਦੇ ਘਾਟੇ ਦੇ ਮੁੱਖ ਕਾਰਨ ਹਨ। ਸੰਯੁਕਤ ਰਾਸ਼ਟਰ ਨੇ ਜੀਵ ਵਿਭਿੰਨਤਾ ਦੇ ਮੁੱਦਿਆਂ ਪ੍ਰਤੀ ਸਮਝ ਅਤੇ ਚੇਤਨਤਾ ਵਧਾਉਣ ਲਈ 22 ਮਈ ਨੂੰ ‘ਅੰਤਰ-ਰਾਸ਼ਟਰੀ ਜੀਵ ਵਿਭਿੰਨਤਾ ਦਿਵਸ’ ਵਜੋਂ ਮਨਾਉਣਾ ਦਾ ਫ਼ੈਸਲਾ ਕੀਤਾ ਗਿਆ। ਸੰਯੁਕਤ ਰਾਸ਼ਟਰ ਮਹਾਂ ਸਭਾ ਦੀ 29 ਦਸੰਬਰ 1993 ਨੂੰ ਹੋਈ ਕਮੇਟੀ ਦੀ ਦੂਜੀ ਮੀਟਿੰਗ ਵਿੱਚ ਇਹ ਦਿਹਾੜਾ ਮਨਾਉਣ ਦਾ ਫ਼ੈਸਲਾ ਲਿਆ ਗਿਆ ਅਤੇ ਸੰਨ 2001 ਤੋਂ ਇਹ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। 

ਹਰ ਸਾਲ ਇਸ ਦਿਵਸ ਨੂੰ ਮਨਾਉਣ ਲਈ ਇਕ ਵਿਸ਼ਾ ਨਿਸ਼ਚਿਤ ਕੀਤਾ ਜਾਂਦਾ ਹੈ ਅਤੇ ਸਾਲ 2020 ਦਾ ਵਿਸ਼ਾ ਹੈ ‘‘ਸਾਡੇ ਹੱਲ ਕੁਦਰਤ ਵਿਚ ਹਨ’। ਇਹ ਵਿਸ਼ਾ ਇਹ ਦਰਸਾਉਂਦਾ ਹੈ ਕਿ ਸਦੀਵੀ ਵਿਕਾਸ ਲਿਆਉਣ ਹਿਤ ਦਰਪੇਸ਼ ਚੁਨੌਤੀਆਂ ਦਾ ਇੱਕੋ-ਇੱਕ ਹੱਲ ਜੀਵ ਵਿਭਿੰਨਤਾ ਦੀ ਸੰਭਾਲ ਹੈ। ਜਲਵਾਯੂ ਸੁਧਾਰਾਂ ਦੇ ਕੁਦਰਤ ਅਧਾਰਿਤ ਹੱਲਾਂ ਤੋਂ ਲੈ ਕੇ, ਭੋਜਨ ਅਤੇ ਪਾਣੀ ਦੀ ਸੁਰੱਖਿਆ ਅਤੇ ਮਨੁੱਖ ਦੀ ਰੋਜ਼ੀ ਰੋਟੀ ਦੇ ਚਿਰ ਸਥਾਈ ਉਪਰਾਲਿਆਂ ਤੱਕ, ਜੀਵ ਵਿਭਿੰਨਤਾ ਇੱਕ ਸਦੀਵੀ ਭਵਿੱਖ ਲਈ ਆਧਾਰ ਬਣੀ ਰਹਿੰਦੀ ਹੈ। ਜਦੋਂ ਵੀ ਅੰਤਰ-ਰਾਸ਼ਟਰੀ ਭਾਈਚਾਰਾ ਕੁਦਰਤੀ ਸੰਸਾਰ ਨਾਲ ਆਪਣੇ ਸੰਬੰਧਾਂ ਦੇ ਮੁੜ ਮੁਲਾਂਕਣ ’ਤੇ ਵਿਚਾਰ ਚਰਚਾ ਕਰਦਾ ਹੈ ਤਾਂ ਇੱਕ ਚੀਜ਼ ਨਿਸ਼ਚਿਤ ਤੌਰ ’ਤੇ ਸਾਹਮਣੇ ਆਉਂਦੀ ਹੈ ਕਿ ਸਾਡੀਆਂ ਸਾਰੀਆਂ ਤਕਨੀਕੀ ਤਰੱਕੀਆਂ ਦੇ ਬਾਵਜੂਦ ਅਸੀਂ ਆਪਣੀ ਸਿਹਤ, ਪਾਣੀ,ਭੋਜਨ, ਦਵਾਈਆਂ, ਕੱਪੜੇ, ਬਾਲਣ, ਪਨਾਹ, ਊਰਜਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲਈ ਫ਼ੈਸਲਾਕੁਨ ਹੱਦ ਤੱਕ ਕੁਦਰਤ ਅਤੇ ਵਿਭਿੰਨ ਸਿਹਤਮੰਦ ਕੁਦਰਤੀ ਪ੍ਰਣਾਲੀਆਂ ’ਤੇ ਨਿਰਭਰ ਕਰਦੇ ਹਾਂ।

ਵਿਸ਼ੇ ਦੀ ਮਹੱਤਤਾ ਨੂੰ ਸਮਝਦੇ ਹੋਏ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ 2010-2020 ਦੇ ਦਹਾਕੇ ਨੂੰ ਜੀਵ ਵਿਭਿੰਨਤਾ ਵਿਸ਼ੇ ’ਤੇ ਕੇਂਦਰਿਤ ਕੀਤਾ ਅਤੇ ਇਸ ਨੂੰ ‘ਸੰਯੁਕਤ ਰਾਸ਼ਟਰ ਮਹਾਂਸਭਾ ਜੀਵ ਵਿਭਿੰਨਤਾ ਦਹਾਕੇ’ ਵਜੋਂ ਮਾਨਤਾ ਦਿੱਤੀ। ਇਸ ਸਾਲ ਜੀਵ ਵਿਭਿੰਨਤਾ ਲਈ ਅੰਤਰਰਾਸ਼ਟਰੀ ਦਿਵਸ ਨੂੰ ‘ਸੰਯੁਕਤ ਰਾਸ਼ਟਰ ਜੀਵ ਵਿਭਿੰਨਤਾ ਸੰਮੇਲਨ’ ਦੀ ਅਗਵਾਈ ਵਿੱਚ ਜੀਵ ਵਿਭਿੰਨਤਾ ਦੀ ਮਹੱਤਤਾ ਦੇ ਨਾਲ-ਨਾਲ ਜੀਵ ਵਿਭਿੰਨਤਾ ਘਾਟੇ ਦੇ ਆਲਮੀ ਮਸਲਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਤੇ ਇਸ ਸਬੰਧੀ ਗਤੀਵਿਧੀਆਂ ਵਧਾਉਣ ਵੱਲ ਆਪਣਾ ਨਿਸ਼ਾਨਾ ਸੇਧਿਤ ਕੀਤਾ ਹੈ ।

ਪਿਛਲੇ ਇੱਕ ਦਹਾਕੇ ਤੋਂ ਜਿੱਥੇ ਅਸੀਂ ਇੱਕ ਲੜਾਈ ਜੀਵ ਵਿਭਿੰਨਤਾ ਦੇ ਘਾਟੇ ਨੂੰ ਪੂਰਾ ਕਰਨ ਦੇ ਲਈ ਲੜ ਰਹੇ ਹਾਂ, ਉਸੇ ਤਰ੍ਹਾਂ ਦੀ ਇੱਕ ਲੜਾਈ ਮਨੁੱਖ ਜਾਤੀ ਨੂੰ ਮੌਜੂਦਾ ਕੋਵਿਡ-19 ਵਰਗੀ ਮਹਾਂਮਾਰੀ ਦੇ ਨਾਲ ਲੜਨੀ ਪੈ ਰਹੀ ਹੈ। ਮੌਜੂਦਾ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ, ਅੰਤਰ-ਰਾਸ਼ਟਰੀ ਜੀਵ ਵਿਭਿੰਨਤਾ ਦਿਵਸ, ਜੋ 2020 ਵਿੱਚ ਪਹਿਲੀ ਵਾਰੀ ਕੇਵਲ ਆਨ-ਲਾਈਨ ਮੁਹਿੰਮ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਸਾਡੇ ਸਾਰਿਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਅਸੀਂ ਜਦੋਂ ਇਸ ਮਹਾਮਾਰੀ ਵਿਚੋਂ ਬਾਹਰ ਆਵਾਂਗੇ ਤਾਂ ਇਸ ਸੰਕਟ ਨੂੰ ਮਨੁੱਖ ਦੀ ਬਿਹਤਰੀ ਲਈ ਇਕ ਚੁਣੌਤੀ ਵਜੋਂ ਸਵੀਕਾਰ ਕਰਦਿਆਂ ਰਾਸ਼ਟਰਾਂ ਅਤੇ ਫ਼ਿਰਕਿਆਂ ਦੀ ਲਚਕਤਾ ਵਧਾ ਕੇ ਹਲਾਤਾਂ ਨੂੰ ਬਿਹਤਰ ਕਰਨ ਦੀ ਜ਼ਿੰਮੇਵਾਰੀ ਸਮਝਾਂਗੇ। ਕੋਰੋਨਾ ਮਹਾਮਾਰੀ ਦੇ ਸੰਦਰਭ ਵਿੱਚ, ਜੇ ਗੱਲ ਕਰੀਏ ਤਾਂ ਜੀਵ ਵਿਭਿੰਨਤਾ ਦਾ ਨੁਕਸਾਨ ਸਾਡੀ ਸਿਹਤ ਸਮੇਤ ਪੂਰੀ ਮਨੁੱਖ ਜਾਤੀ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ। ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੀ ਇਕ ਰਿਪੋਰਟ ਮੁਤਾਬਕ ਮਨੁੱਖ ਜਾਤੀ ਨੂੰ ਹੋਣ ਵਾਲੀਆਂ ਸਾਰੀਆਂ ਛੂਤ ਦੀਆਂ ਬੀਮਾਰੀਆਂ ਵਿੱਚੋਂ 60 ਫੀਸਦੀ ਜੂਨੋਟਿਕ ਹੁੰਦੀਆਂ ਹਨ, ਮਤਲਬ ਕਿ ਉਹ ਜਾਨਵਰਾਂ ਤੋਂ ਮਨੁੱਖਾਂ ਵਿੱਚ ਆਉਂਦੀਆਂ ਹਨ।

ਇਬੋਲਾ, ਬਰਡ ਫਲੂ, ਮਿਡਲ ਈਸਟ ਸਾਹ ਲੈਣ ਵਾਲਾ ਸਿੰਡਰੋਮ (ਮਰਸ), ਨਿਪਾਹ ਵਾਇਰਸ, ਰਿਫਟ ਵੈਲੀ ਬੁਖ਼ਾਰ, ਗੰਭੀਰ ਸਾਹ ਲੈਣ ਵਾਲਾ ਸਿੰਡਰੋਮ (ਸਾਰਸ), ਵੈਸਟ ਨੀਲ ਵਾਇਰਸ, ਜ਼ੀਕਾ ਵਾਇਰਸ ਅਤੇ ਕੋਰੋਨਾ ਵਾਇਰਸ ਵਰਗੀਆਂ ਬੀਮਾਰੀਆਂ ਹਾਲ ਹੀ ਵਿੱਚ ਉੱਭਰੀਆਂ ਹਨ, ਜਿਨ੍ਹਾਂ ਦਾ ਸਿੱਧਾ ਸਬੰਧ ਮਨੁੱਖੀ ਗਤੀਵਿਧੀਆਂ ਨਾਲ ਹੈ। ਅਮਰੀਕਾ ਦੇ ਬੀਮਾਰੀਆਂ ਉੱਤੇ ਨਿਯੰਤਰਨ ਅਤੇ ਰੋਕਥਾਮ ਲਈ ਬਣੇ ਸੈਂਟਰ ਸੀ.ਡੀ.ਸੀ. ਦਾ ਇੱਕ ਅਨੁਮਾਨ ਹੈ ਕਿ ਮਨੁੱਖਾਂ ਨੂੰ ਸੰਕ੍ਰਮਿਤ ਕਰਨ ਵਾਲੀਆਂ ਤਿੰਨ-ਚੌਥਾਈ ਨਵੀਆਂ ਜਾਂ ਉੱਭਰ ਰਹੀਆਂ ਬੀਮਾਰੀਆਂ ਪਸ਼ੂਆਂ ਵਿੱਚ ਪੈਦਾ ਹੁੰਦੀਆਂ ਹਨ। ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇੱਕ ਵੱਡਾ ਪਰਿਵਾਰ ਹੈ। ਜੰਗਲੀ ਜੀਵਾਂ ਵਿੱਚ ਸੈਂਕੜੇ ਕੋਰੋਨਾ-ਵਾਇਰਸ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੂਰ, ਊਠ, ਚਮਗਿੱਦੜ ਅਤੇ ਬਿੱਲੀਆਂ ਵਰਗੇ ਜਾਨਵਰਾਂ ਵਿੱਚ ਘੁੰਮਦੇ ਰਹਿੰਦੇ ਹਨ। ਕਈ ਵਾਰ ਇਹ

ਵਾਇਰਸ ਮਨੁੱਖੀ ਆਬਾਦੀ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਜਿਸ ਨੂੰ ਇੱਕ ਸਪਿਲ-ਓਵਰ ਈਵੈਂਟ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਮਨੁੱਖਾਂ ਨੂੰ ਸੰਕ੍ਰਮਿਤ ਕਰਨ ਲਈ ਵੀ ਜਾਣੇ ਜਾਂਦੇ ਹਨ ਅਤੇ ਇਹ ਆਮ ਜ਼ੁਕਾਮ ਵਰਗੀਆਂ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਬਣਦੇ ਹਨ। ਜਦੋਂ ਇੱਕ ਵਾਇਰਸ ਕਿਸੇ ਜਾਨਵਰ ਤੋਂ ਇੱਕ ਮਨੁੱਖ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਨੂੰ ਇੱਕ ਜ਼ੂਨੋਟਿਕ ਵਾਇਰਸ ਕਿਹਾ ਜਾਂਦਾ ਹੈ ਅਤੇ ਪਿਛਲੇ ਕੁਝ ਦਹਾਕਿਆਂ ਤੋਂ ਇਸ ਕਿਸਮ ਦੇ ਨਵੇਂ ਵਾਇਰਸ ਵਧੇਰੇ ਫੈਲਣ ਕਰਕੇ ਮਹਾਮਾਰੀਆਂ ਦਾ ਕਾਰਨ ਬਣ ਰਹੇ ਹਨ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਜੰਗਲੀ ਜੀਵਾਂ ਵਿਚ ਤਕਰੀਬਨ ਪੰਦਰਾਂ ਲੱਖ ਵਾਇਰਸ ਹਨ, ਜਿਨ੍ਹਾਂ ਬਾਰੇ ਸਾਨੂੰ ਹਾਲੇ ਪਤਾ ਨਹੀਂ ਹੈ ਅਤੇ ਉਨ੍ਹਾਂ ਵਿਚੋਂ ਕੋਈ ਵੀ ਕਿਸੇ ਸਮੇਂ ਵੀ ਮਨੁੱਖੀ ਆਬਾਦੀ ਵਿਚ ਪ੍ਰਵੇਸ਼ ਕਰ ਸਕਦਾ ਹੈ। ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਇੰਜਰ ਐਂਡਰਸਨ ਦਾ ਕਹਿਣਾ ਹੈ ਕਿ ਜੰਗਲੀ ਅਤੇ ਘਰੇਲੂ ਪਸ਼ੂਆਂ ਤੋਂ ਮਨੁੱਖ ਤੱਕ ਬੀਮਾਰੀਆਂ ਫੈਲਣ ਦੇ ਅਜਿਹੇ ਮੌਕੇ ਪਹਿਲਾਂ ਕਦੇ ਨਹੀਂ ਸਨ। ਜੰਗਲਾਂ ਅਤੇ ਜੰਗਲੀ ਰੱਖਾਂ ਦਾ ਲਗਾਤਾਰ ਖ਼ਾਤਮਾ ਮਨੁੱਖ ਜਾਤੀ ਨੂੰ ਜੰਗਲੀ ਜਾਨਵਰਾਂ ਅਤੇ ਪੌਦਿਆਂ ਦੇ ਹੋਰ ਨੇੜੇ ਲੈ ਕੇ ਆ ਰਿਹਾ ਹੈ। ਕੋਰੋਨਾ ਵਾਇਰਸ ਵਰਗੇ ਚਮਗਿੱਦੜ ਨਾਲ ਜੁੜੇ ਵਾਇਰਸ, ਜੰਗਲਾਂ ਦੀ ਕਟਾਈ ਅਤੇ ਖੇਤੀਬਾੜੀ ਵਿਚ ਹੋਏ ਬੇਤਹਾਸ਼ਾ ਵਿਸਥਾਰ ਕਰਕੇ ਚਮਗਿੱਦੜਾਂ ਦੇ ਰਹਿਣ ਬਸੇਰਿਆਂ ਦੇ ਘਾਟੇ ਕਾਰਨ ਉੱਭਰ ਕੇ ਸਾਹਮਣੇ ਆਏ। ਪੱਛਮੀ ਅਫ਼ਰੀਕਾ ਵਿੱਚ ਇਬੋਲਾ ਬੀਮਾਰੀ ਦਾ ਫੈਲਣਾ ਜੰਗਲਾਂ ਦੇ ਨੁਕਸਾਨ ਦਾ ਨਤੀਜਾ ਸੀ, ਜਿਸ ਨਾਲ ਜੰਗਲੀ ਜੀਵਨ ਅਤੇ ਮਨੁੱਖੀ ਬਸਤੀਆਂ ਵਿਚਾਲੇ ਨੇੜਲੇ ਸੰਪਰਕ ਹੋਏ।

ਇਸੇ ਤਰ੍ਹਾਂ ਏਵੀਅਨ ਇਨਫਲੂਏਂਜ਼ਾ ਦਾ ਸੰਕਟ ਗਹਿਰੀ ਪੋਲਟਰੀ ਫਾਰਮਿੰਗ ਨਾਲ ਜੁੜਿਆ ਹੋਇਆ ਸੀ ਅਤੇ ਨਿਪਾਹ ਵਾਇਰਸ ਮਲੇਸ਼ੀਆ ਵਿੱਚ ਸੂਰ ਪਾਲਣ ਅਤੇ ਫਲਾਂ ਦੇ ਉਤਪਾਦਨ ਦੀ ਤੀਬਰਤਾ ਨਾਲ ਜੁੜਿਆ ਹੋਇਆ ਸੀ। ਵਿਗਿਆਨੀਆਂ ਦੁਆਰਾ ਇਹ ਸਾਬਤ ਹੋ ਚੁੱਕਾ ਹੈ ਕਿ ਜੀਵ ਵਿਭਿੰਨਤਾ ਦਾ ਘਾਟਾ ਪਸ਼ੂਆਂ ਤੋਂ ਮਨੁੱਖਾਂ ਵਿੱਚ ਫੈਲਦੀਆਂ ਬੀਮਾਰੀਆਂ ਦਾ ਵਿਸਥਾਰ ਕਰਨ ਵਿੱਚ ਸਫਲ ਹੁੰਦਾ ਹੈ ਜਦੋਂ ਕਿ ਦੂਜੇ ਪਾਸੇ ਜੇ ਅਸੀਂ ਜੀਵ ਵਿਭਿੰਨਤਾ ਨੂੰ ਬਰਕਰਾਰ ਰੱਖਦੇ ਹਾਂ ਤਾਂ ਇਹ ਕੋਰੋਨਾ ਵਾਇਰਸ ਵਰਗੀਆਂ ਮਹਾਮਾਰੀਆਂ ਦੇ ਵਿਰੁੱਧ ਲੜਨ ਲਈ ਮਨੁੱਖ ਜਾਤੀ ਨੂੰ ਮਦਦ ਕਰ ਸਕਦਾ ਹੈ। 

ਪੂਰਨ ਉਮੀਦ ਹੈ ਕੇ ਮਨੁੱਖ ਜਾਤੀ ਕੋਰੋਨਾ ਮਹਾਮਾਰੀ ’ਤੇ ਜਿੱਤ ਪ੍ਰਾਪਤ ਕਰ ਲੈਂਦੀ ਹੈ ਤਾਂ ਇਹ ਅੰਦਾਜ਼ਾ ਲਗਾਉਣਾ ਅਸੰਭਵ ਹੈ ਕਿ ਅਗਲਾ ਪ੍ਰਕੋਪ ਕਿੱਥੋਂ ਅਤੇ ਕਦੋਂ ਆਵੇਗਾ। ਮੌਜੂਦ ਸਬੂਤ ਇਹ ਸੰਕੇਤ ਦਿੰਦੇ ਹਨ ਕਿ ਮੌਸਮ ਵਿੱਚ ਤਬਦੀਲੀ ਆਉਣ ਨਾਲ ਫੈਲਣ ਵਾਲੀਆਂ ਬੀਮਾਰੀਆਂ ਜਾਂ ਮਹਾਮਾਰੀਆਂ ਅਨੇਕਾਂ ਹੋ ਸਕਦੀਆਂ ਹਨ । ‘‘ਸਾਡੇ ਹੱਲ ਕੁਦਰਤ ਵਿੱਚ ਹਨ’’ ਦਾ ਨਾਅਰਾ ਉਮੀਦ, ਏਕਤਾ ਅਤੇ ਕੁਦਰਤ ਦੇ ਅਨੁਕੂਲ ਜੀਵਨ ਦਾ ਭਵਿੱਖ ਬਣਾਉਣ ਲਈ ਹਰ ਪੱਧਰ ’ਤੇ ਕੁਦਰਤ ਦੇ ਨਾਲ ਮਿਲ ਕੇ ਕੰਮ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦਾ ਹੈ। ਮਨੁੱਖ ਨੂੰ ਕੁਦਰਤ ਨਾਲ ਸਹਿਚਾਰਤਾ ਦਾ ਰਿਸ਼ਤਾ ਸਿਰਜ ਕੇ ਜੀਵਨ ਜਿਊਣ ਦੀ ਲੋੜ ਹੈ, ਜਿਸ ਪ੍ਰਤੀ ਸਾਨੂੰ ਸਦੀਆਂ ਪਹਿਲਾਂ ਗੁਰਬਾਣੀ ਨੇ ਸੇਧ ਪ੍ਰਦਾਨ ਕੀਤੀ ਹੈ।

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਮੁਖੀ, ਪੋਸਟ ਗ੍ਰੈਜੂਏਟ ਖੇਤੀਬਾੜੀ ਵਿਭਾਗ
ਖ਼ਾਲਸਾ ਕਾਲਜ ਪਟਿਆਲਾ
ਮੋਬਾਈਲ: 7696553151


author

rajwinder kaur

Content Editor

Related News