ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ''ਚ ਵੜੇ 4 ''ਅੱਤਵਾਦੀ ਹਲਾਕ''

10/15/2017 2:10:44 PM

ਮੋਹਾਲੀ (ਨਿਆਮੀਆਂ)- ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ 4 ਅੱਤਵਾਦੀ ਨਾਕਾ ਤੋੜ ਕੇ ਹਵਾਈ ਅੱਡੇ ਅੰਦਰ ਵੜ ਗਏ। ਇਨੋਵਾ ਗੱਡੀ ਵਿਚ ਮੋਹਾਲੀ ਵਾਲੇ ਪਾਸਿਓਂ ਆਏ ਇਹ ਅੱਤਵਾਦੀ ਜਦੋਂ ਤੇਜ਼ ਰਫਤਾਰ ਨਾਲ ਹਵਾਈ ਅੱਡੇ ਵੱਲ ਆ ਰਹੇ ਸਨ ਤਾਂ ਇਨ੍ਹਾਂ ਨੂੰ ਏਅਰਪੋਰਟ 'ਤੇ ਬਾਹਰ ਲੱਗੇ ਨਾਕਿਆਂ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਨ੍ਹਾਂ ਨੇ ਨਾਕੇ ਤੋੜ ਦਿੱਤੇ ਤੇ ਸਿੱਧੇ ਏਅਰਪੋਰਟ ਵੱਲ ਚਲੇ ਗਏ। ਪੁਲਸ ਵਲੋਂ ਇਸ ਸਬੰਧੀ ਸਾਰੀ ਸੂਚਨਾ ਹਵਾਈ ਅੱਡੇ ਦੇ ਗੇਟਾਂ 'ਤੇ ਤਾਇਨਾਤ ਸੀ. ਆਈ. ਐੱਸ. ਐੱਫ. ਨੂੰ ਦੇ ਦਿੱਤੀ ਗਈ ਤੇ ਤੁਰੰਤ ਪੁਲਸ ਨੇ ਹਰਕਤ ਵਿਚ ਆਉਂਦਿਆਂ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ। 

PunjabKesari

ਏਅਰਪੋਰਟ ਥਾਣਾ ਦੇ ਐੱਸ. ਐੱਚ. ਓ. ਹਰਸਿਮਰਨ ਸਿੰਘ ਬੱਲ ਨੇ ਪੰਜਾਬ ਪੁਲਸ ਦੇ ਹੋਰ ਜਵਾਨਾਂ ਤੇ ਬੰਬ ਨਿਰੋਧਕ ਦਸਤੇ ਨੂੰ ਵੀ ਉਥੇ ਬੁਲਾ ਲਿਆ। ਦੋ ਅੱਤਵਾਦੀ ਏਅਰਪੋਰਟ ਦੇ ਕੋਲ ਬਣੀ ਮਜ਼ਾਰ ਵੱਲ ਨੂੰ ਦੌੜੇ, ਜਿਨ੍ਹਾਂ ਨੂੰ ਪੰਜਾਬ ਪੁਲਸ ਦੇ ਜਵਾਨਾਂ ਨੇ ਮਾਰ-ਮੁਕਾਇਆ, ਜਦਕਿ ਹਵਾਈ ਅੱਡੇ ਟਰਮੀਨਲ ਵੱਲ ਨੂੰ ਵਧ ਰਹੇ ਦੋਵਾਂ ਅੱਤਵਾਦੀਆਂ ਨੂੰ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੇ ਮਾਰ ਦਿੱਤਾ। ਇਹ ਘਟਨਾ ਸਵਾ 4 ਵਜੇ ਵਾਪਰੀ। ਉਸ ਵੇਲੇ ਤੇ ਆਖਰੀ ਉਡਾਣ ਵਿਚੋਂ ਜੋ ਯਾਤਰੀ ਉਤਰੇ ਸਨ, ਉਨ੍ਹਾਂ ਨੂੰ ਅੰਦਰ ਹੀ ਰੋਕ ਦਿੱਤਾ ਗਿਆ। ਜਦੋਂ ਤਕ ਇਹ ਕਾਰਵਾਈ ਚਲਦੀ ਰਹੀ, ਉਦੋਂ ਤਕ ਲੋਕਾਂ ਦੇ ਸਾਹ ਸੂਤੇ ਰਹੇ। ਬਾਅਦ ਵਿਚ ਪੁਲਸ ਨੇ ਐਲਾਨ ਕੀਤਾ ਕਿ ਇਹ ਲੋਕਾਂ ਦੀ ਸੁਰੱਖਿਆ ਲਈ ਇਕ ਮੌਕ ਡਰਿੱਲ ਸੀ। ਇਹ ਸੁਣ ਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਇਸ ਕਾਰਵਾਈ ਵਿਚ ਸੀ. ਆਈ. ਐੱਸ. ਐੱਫ. ਦੇ ਮੁਖੀ ਅੰਕਿਤ ਦੂਬੇ, ਐੱਸ. ਪੀ. ਉਦਯੋਗਿਕ ਸੁਰੱਖਿਆ ਅਖਿਲ ਚੌਧਰੀ, ਏ. ਸੀ. ਪੀ. ਬਿਮਲਾ ਦੇਵੀ, ਐੱਸ. ਐੱਚ. ਓ. ਏਅਰਪੋਰਟ ਹਰਸਿਮਰਨ ਸਿੰਘ ਬੱਲ, ਇੰਸਪੈਕਟਰ ਅਨੁਜ ਕੁਮਾਰ, ਇੰਸਪੈਕਟਰ ਰੋਹਤਾਸ ਕੁਮਾਰ ਅਤੇ ਇੰਸਪੈਕਟਰ ਪ੍ਰਵੀਨ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸੁਰੱਖਿਆ ਫੋਰਸਾਂ ਦੇ ਜਵਾਨ ਵੀ ਸ਼ਾਮਲ ਹੋਏ। 


Related News