ਮਾਰਚ 2018 ''ਚ ਮੋਦੀ ਸਰਕਾਰ ਖਤਮ ਕਰ ਦੇਵੇਗੀ ਘਰੇਲੂ ਗੈਸ ਸਿਲੰਡਰ ਦੀ ਸਬਸਿਡੀ!
Monday, Aug 21, 2017 - 12:22 PM (IST)

ਲੁਧਿਆਣਾ (ਖੁਰਾਣਾ) - ਅੰਤਰਰਾਸ਼ਟਰੀ ਮਾਰਕੀਟ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਹੋ ਰਹੇ ਉਤਰਾਅ ਚੜ੍ਹਾਅ ਕਾਰਨ ਘਰੇਲੂ ਗੈਸ ਸਿਲੰਡਰਾਂ (ਨਾਨ ਸਬਸਿਡੀ ਡਾਇਜ਼) ਦੀਆਂ ਕੀਮਤਾਂ 'ਚ ਹਰ ਮਹੀਨੇ ਹੋਣ ਵਾਲੇ ਭਾਰੀ ਬਦਲਾਅ ਨੂੰ ਦੇਖਦੇ ਹੋਏ ਮੋਦੀ ਸਰਕਾਰ ਮਾਰਚ 2018 'ਚ ਖਪਤਕਾਰਾਂ ਨੂੰ ਘਰੇਲੂ ਗੈਸ ਸਿਲੰਡਰ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਰਾਸ਼ੀ 'ਤੇ ਪੂਰੀ ਤਰ੍ਹਾਂ ਨਾਲ ਬਰੇਕ ਲਾ ਦੇਵੇਗੀ, ਜਿਸ ਦਾ ਖਮਿਆਜ਼ਾ ਉਨ੍ਹਾਂ ਪਰਿਵਾਰਾਂ ਨੂੰ ਭੁਗਤਣਾ ਪਵੇਗਾ ਜੋ ਕਿ ਸਿਲੰਡਰ ਖਤਮ ਹੋਣ 'ਤੇ ਬੜੀ ਮੁਸ਼ਕਿਲ ਨਾਲ ਗੈਸ ਭਰਵਾਉਣ ਲਈ ਪੈਸਾ ਜੁਟਾ ਪਾਉਂਦੇ ਹਨ ਪਰ ਉਨ੍ਹਾਂ ਨੂੰ ਇਹ ਆਸ ਜ਼ਰੂਰ ਰਹਿੰਦੀ ਹੈ ਕਿ ਸਰਕਾਰ ਵੱਲੋਂ ਸਿਲੰਡਰ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਰਾਸ਼ੀ ਸਿਲੰਡਰ ਦੀ ਡਲਿਵਰੀ ਦੇ ਬਾਅਦ ਉਨ੍ਹਾਂ ਦੇ ਬੈਂਕ ਖਾਤੇ 'ਚ ਟਰਾਂਸਫਰ ਕਰ ਦਿੱਤੀ ਜਾਵੇਗੀ। ਜਦ ਕਿ ਹੁਣ ਕੇਂਦਰ ਸਰਕਾਰ ਵੱਲੋਂ ਜਲਦੀ ਹੀ ਘਰੇਲੂ ਗੈਸ ਸਿਲੰਡਰ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਖਤਮ ਕਰਨ ਸਬੰਧੀ ਸਾਹਮਣੇ ਆ ਰਹੀ ਗੱਲ ਨੇ ਇਨ੍ਹਾਂ ਪਰਿਵਾਰਾਂ ਦੀਆਂ ਪ੍ਰੇਸ਼ਾਨੀਆਂ ਇਕਦਮ ਵਧਾ ਦਿੱਤੀਆਂ ਹਨ।
ਸਬਸਿਡੀ ਖਤਮ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਚਾਹੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਤਰਕ ਦਿੰਦੇ ਰਹੇ ਹਨ ਕਿ ਦੇਸ਼ ਭਰ 'ਚ ਗਰੀਬ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਮੰਤਰਾਲਾ ਲਗਾਤਾਰ ਜਾਰੀ ਰੱਖੇਗਾ ਪਰ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਸਰਕਾਰ ਵੱਲੋਂ ਲੋਕ ਸਭਾ 'ਚ ਪੇਸ਼ ਕੀਤੀ ਗਈ ਅਰਧ ਸਾਲਾਨਾ ਸਮੀਖਿਆ ਰਿਪੋਰਟ 'ਚ ਇਹ ਗੱਲ ਸਾਫ ਕੀਤੀ ਗਈ ਹੈ ਕਿ ਸਰਕਾਰ ਨੇ ਮਾਰਚ 2018 ਤਕ ਰਸੋਈ ਗੈਸ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਰਾਸ਼ੀ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦਾ ਟੀਚਾ ਤੈਅ ਕੀਤਾ ਹੈ। ਰਿਪੋਰਟ ਮੁਤਾਬਕ ਸਰਕਾਰ ਕੈਰੋਸੀਨ ਤੇਲ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਰਾਸ਼ੀ ਨੂੰ ਵੀ ਘੱਟ ਕਰਨ ਦੀ ਠਾਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਉਕਤ ਕਦਮ ਨਾਲ ਉਸ ਨੂੰ ਹਰ ਮਹੀਨੇ ਕਈ ਹਜ਼ਾਰ ਕਰੋੜ ਦਾ ਆਰਥਿਕ ਲਾਭ ਹੋਵੇਗਾ ਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਰਾਸ਼ੀ ਸਾਲ 2018-19 'ਚ 18 ਹਜ਼ਾਰ ਕਰੋੜ ਰੁਪਏ ਤੇ ਸਾਲ 2019-20 'ਚ 10 ਹਜ਼ਾਰ ਕਰੋੜ ਤੇ ਸਿਮਟ ਕੇ ਰਹਿ ਜਾਵੇਗੀ। ਜਦ ਕਿ ਇਸ ਤੋਂ ਪਹਿਲਾਂ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਵੱਲੋਂ 32 ਹਜ਼ਾਰ ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।
ਸਿਲੰਡਰ ਦੀ ਕੀਮਤ ਹੋ ਸਕਦੀ ਹੈ 600 ਤੋਂ 650 ਦਰਮਿਆਨ
ਇਕ ਅੰਦਾਜ਼ੇ ਮੁਤਾਬਕ ਮੋਦੀ ਸਰਕਾਰ ਗੈਸ ਸਿਲੰਡਰ ਤੇ ਸਬਸਿਡੀ ਖਤਮ ਕਰਨ ਦੇ ਬਾਅਦ ਸਿਲੰਡਰ ਦੀਆਂ ਕੀਮਤਾਂ ਨੂੰ 600 ਤੋਂ 650 ਰੁਪਏ ਤਕ ਫਿਕਸ ਕਰ ਦੇਵੇਗੀ ਜੋ ਕਿ ਸਿਲੰਡਰ ਦੀ ਮੌਜੂਦਾ ਕੀਮਤ ਤੋਂ ਪ੍ਰਤੀ ਸਿਲੰਡਰ 100 ਰੁਪਏ ਵੱਧ ਹੋ ਸਕਦੀ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਮੌਜੂਦਾ ਸਮੇਂ 'ਚ ਖਪਤਕਾਰ ਨੂੰ ਪ੍ਰਤੀ ਸਿਲੰਡਰ 550 ਰੁਪਏ ਦੇ ਕਰੀਬ ਚੁਕਾਉਣੇ ਪੈਂਦੇ ਹਨ। ਜਿਸ ਨਾਲ ਉਨ੍ਹਾਂ ਦੇ ਖਾਤੇ 'ਚ ਸਬਸਿਡੀ ਦੇ ਰੂਪ 'ਚ 65 ਰੁਪਏ ਸਰਕਾਰ ਟਰਾਂਸਫਰ ਕਰ ਦਿੰਦੀ ਹੈ, ਭਾਵ ਸਿਲੰਡਰ ਦੀ ਕੀਮਤ ਰਹਿ ਜਾਂਦੀ ਹੈ 483 ਰੁਪਏ, ਜਦ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਇਹੀ ਸਿਲੰਡਰ ਆਮ ਖਪਤਕਾਰ ਨੂੰ ਮਿਲਦਾ ਸੀ 435 ਰੁਪਏ 'ਚ ਜੋ ਕਿ ਅੱਜ 38 ਰੁਪਏ ਪ੍ਰਤੀ ਸਿਲੰਡਰ ਪਹਿਲਾਂ ਨਾਲੋਂ ਹੀ ਲੋਕਾਂ ਦੇ ਰਸੋਈ ਘਰਾਂ ਤਕ ਮਹਿੰਗੀ ਕੀਮਤਾਂ 'ਚ ਵਧ ਕੇ ਪਹੁੰਚ ਰਿਹਾ ਹੈ।