ਵਿਕਾਸ ਦਾ ਵਿਰੋਧ ਕਰਨ ਦੀ ਬਜਾਏ ਆਗੂ ਕੈਪਟਨ ਸਰਕਾਰ ਦਾ ਸਾਥ ਦੇਣ : ਤ੍ਰਿਪਤ ਬਾਜਵਾ

Monday, Jan 06, 2020 - 10:58 PM (IST)

ਵਿਕਾਸ ਦਾ ਵਿਰੋਧ ਕਰਨ ਦੀ ਬਜਾਏ ਆਗੂ ਕੈਪਟਨ ਸਰਕਾਰ ਦਾ ਸਾਥ ਦੇਣ : ਤ੍ਰਿਪਤ ਬਾਜਵਾ

ਬਟਾਲਾ, (ਬੇਰੀ)— ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਬਟਾਲਾ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇਸ ਸ਼ਹਿਰ ਦਾ ਵਿਕਾਸ ਕੀਤਾ ਜਾ ਰਿਹਾ ਹੈ। ਜੇਕਰ ਦਹਾਕਿਆਂ ਪਿੱਛੋ ਇਸ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਹੋਏ ਹਨ ਤਾਂ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।

ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸੂਬੇ ਦੇ ਤਿੰਨ ਸ਼ਹਿਰਾਂ ਬਟਾਲਾ, ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ ਸੀ, ਜਿਸ ਤਹਿਤ ਬਟਾਲਾ ਸ਼ਹਿਰ ਅੰਦਰ ਵੀ ਵਿਕਾਸ ਕਾਰਜ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਵਿਕਾਸ ਭਵਿੱਖ ਵਿਚ ਵੀ ਜਾਰੀ ਰਹਿਣਗੇ। ਬਾਜਵਾ ਨੇ ਕਿਹਾ ਕਿ ਕੁਝ ਆਗੂਆਂ ਵੱਲੋਂ ਵਿਕਾਸ ਕਾਰਜਾਂ ਦਾ ਵਿਰੋਧ ਕਰਨਾ ਉਨ੍ਹਾਂ ਦੀ ਸਮਝ ਵਿਚ ਨਹੀਂ ਆਉਂਦਾ। ਸਾਲ ਪਹਿਲਾਂ ਬਟਾਲਾ ਦੇ ਗੁ. ਸ੍ਰੀ ਕੰਧ ਸਾਹਿਬ ਨੂੰ ਜਾਂਦੇ ਰਸਤੇ ਅਤੇ ਧਰਮਪੁਰਾ ਇਲਾਕੇ ਸਮੇਤ ਬਹੁਤ ਸਾਰੇ ਮੁੱਖ ਰਸਤੇ ਬੁਰੀ ਤਰ੍ਹਾਂ ਟੁੱਟੇ ਹੋਏ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲੋਕਾਂ ਦੀ ਇਹ ਮੁਸ਼ਕਲ ਦੂਰ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਬੀਤੇ ਇਕ ਸਾਲ ਅੰਦਰ ਸ਼ਹਿਰ 'ਚ ਕਾਫੀ ਕੰਮ ਹੋਏ ਹਨ, ਜਿਸ ਤੋਂ ਸ਼ਹਿਰ ਵਾਸੀ ਖੁਸ਼ ਹਨ। ਸ਼ਹਿਰ ਦਾ ਬਹੁਤ ਸਾਰਾ ਵਿਕਾਸ ਹੋਣਾ ਅਜੇ ਬਾਕੀ ਹੈ, ਜਿਸਨੂੰ ਇਸ ਸਰਕਾਰ ਵਿਚ ਹੀ ਪੂਰਾ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਵਿਕਾਸ ਕਾਰਜ ਕੀਤੇ ਹਨ ਤਾਂ ਇਨ੍ਹਾਂ ਦਾ ਵਿਰੋਧ ਕਰਨ ਦੀ ਬਜਾਏ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਵਿਕਾਸ ਕਾਰਜਾਂ ਦੀ ਰਫਤਾਰ ਹੋਰ ਤੇਜ਼ ਹੋ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਟਾਲਾ ਤੋਂ ਚੋਣ ਲੜਨ ਦੀ ਕੋਈ ਮਨਸ਼ਾ ਨਹੀਂ ਹੈ। ਬਟਾਲਾ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਮੁੱਖ ਮੰਤਰੀ ਨੇ ਉਨ੍ਹਾਂ ਦੀ ਡਿਊਟੀ ਲਾਈ ਸੀ ਅਤੇ ਉਨ੍ਹਾਂ ਨੇ ਇਸ ਡਿਊਟੀ ਨੂੰ ਈਮਾਨਦਾਰੀ ਨਾਲ ਨਿਭਾਉਣ ਦਾ ਯਤਨ ਕੀਤਾ ਹੈ।
 


author

KamalJeet Singh

Content Editor

Related News