ਨੌਜਵਾਨ ਬੰਦੂਕਾਂ ਨੂੰ ਹਥਿਆਰ ਬਣਾਉਣ ਦੀ ਬਜਾਏ ਆਪਣੇ ਦਿਮਾਗ ਦੀ ਵਰਤੋਂ ਹਥਿਆਰ ਵਜੋਂ ਕਰਨ : ਢੱਡਰੀਆਂ ਵਾਲੇ
Saturday, Apr 15, 2023 - 10:23 PM (IST)
ਚੰਡੀਗੜ੍ਹ (ਟੱਕਰ)-ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਖੇ ਵਿਸਾਖੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਤੇ ਧਾਰਮਿਕ ਦੀਵਾਨ ਸਜਾਏ ਗਏ। ਧਾਰਮਿਕ ਦੀਵਾਨਾਂ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਨੂੰ ਸਿਮਰਨ ਕਰ ਉਸ ਵਿਚ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅੱਜ ਦਾ ਸਮਾਂ ਬੰਦੂਕਾਂ ਨੂੰ ਹਥਿਆਰ ਬਣਾਉਣ ਦਾ ਨਹੀਂ ਸਗੋਂ ਉਹ ਆਪਣੇ ਦਿਮਾਗ ਦੀ ਵਰਤੋਂ ਕਰ ਉੱਚ ਸਿੱਖਿਆ ਹਾਸਿਲ ਕਰ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੇ ਯਤਨ ਕਰਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭੜਕਾਉਣ ਵਾਲੇ ਆਗੂਆਂ ਤੋਂ ਦੂਰ ਰਹਿਣ ਕਿਉਂਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਸਿੱਖ ਧਰਮ ਦਾ ਪ੍ਰਚਾਰ ਕਰਦੇ ਹਨ ਉਨ੍ਹਾਂ ’ਤੇ ਕਦੇ ਵੀ ਐੱਨ.ਐੱਸ.ਏ. ਨਹੀਂ ਲੱਗਦਾ।
ਇਹ ਖ਼ਬਰ ਵੀ ਪੜ੍ਹੋ : ਸੂਬੇ ਦੇ ਡਾ. ਅੰਬੇਡਕਰ ਭਵਨਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤਾ ਅਹਿਮ ਐਲਾਨ
ਇਸ ਪਵਿੱਤਰ ਦਿਹਾੜੇ ’ਤੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵੱਲੋਂ ਪੌਦਿਆਂ ਦਾ ਲੰਗਰ ਵੀ ਲਗਾਇਆ ਗਿਆ ਅਤੇ ਸੰਗਤ ਨੂੰ 10 ਹਜ਼ਾਰ ਪੌਦੇ ਵੰਡੇ ਗਏ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਪੌਦੇ ਆਪਣੇ ਘਰਾਂ ਤੇ ਖੇਤਾਂ ਵਿਚ ਲਗਾਉਣ ਤਾਂ ਜੋ ਸ਼ੁੱਧ ਵਾਤਾਵਰਣ ਸਿਰਜਿਆ ਜਾ ਸਕੇ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਦੱਸਿਆ ਕਿ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਚੈਰੀਟੇਬਲ ਟਰੱਸਟ ਵੱਲੋਂ ਸਮਾਜਸੇਵੀ ਕੰਮ ਵੀ ਕੀਤੇ ਜਾ ਰਹੇ ਹਨ, ਜਿਸ ਵਿਚ ਪੌਦੇ ਵੰਡਣ ਤੋਂ ਇਲਾਵਾ ਅੱਜ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿਚ 1500 ਤੋਂ ਵੱਧ ਮਰੀਜ਼ਾਂ ਨੂੰ ਐਨਕਾਂ ਮੁਫ਼ਤ ਵੰਡੀਆਂ ਗਈਆਂ ਅਤੇ ਲੋੜੀਂਦੀਆਂ ਦਵਾਈਆਂ ਵੀ ਮੁਹੱਈਆ ਕਰਵਾਈਆਂ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ ਪਿਛਲੇ 1 ਸਾਲ ਤੋਂ ਹਸਪਤਾਲ ਖੋਲ੍ਹਿਆ ਗਿਆ ਹੈ, ਜਿਸ ਵਿਚ ਰੋਜ਼ਾਨਾ ਹੀ ਮਰੀਜ਼ ਆ ਕੇ ਆਪਣਾ ਇਲਾਜ ਕਰਵਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਦੇਸ਼ ’ਚ ਵਧ ਰਿਹੈ ਕੋਰੋਨਾ ਦਾ ਖ਼ੌਫ਼, ਡਾ. ਅੰਬੇਡਕਰ ਭਵਨਾਂ ਸਬੰਧੀ ਸਰਕਾਰ ਦਾ ਅਹਿਮ ਐਲਾਨ, ਪੜ੍ਹੋ Top 10
ਇਸ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਸਮਾਜ ਸੇਵੀ ਅਨਮੋਲ ਕਵਾਤਰਾ ਨੂੰ ‘ਪੰਜਾਬ ਦਾ ਪੁੱਤਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਵਿਦਵਾਨ ਪ੍ਰੋ. ਇੰਦਰ ਸਿੰਘ ਘੱਗਾ ਜਿਸ ਨੇ ਕਿ ਪੁਜਾਰੀਆਂ ਦੇ ਧੰਦੇ ’ਤੇ ਸਵਾਲ ਉੱਠਾਏ ਸਨ, ਨੂੰ ਵੀ ‘ਗੁਰੂ ਨਾਨਕ ਦਾ ਸਿਰੜੀ ਸਿੱਖ’ ਦਾ ਐਵਾਰਡ ਦਿੱਤਾ ਗਿਆ। ਕੀਰਤਨੀਏ ਭਾਈ ਹਰਿੰਦਰ ਸਿੰਘ ਯੂ. ਕੇ. ਨੂੰ ‘ਭਲੋ-ਭਲੋ ਰੇ ਕੀਰਤਨੀਏ’ ਦਾ ਐਵਾਰਡ ਦੇ ਕੇ ਨਿਵਾਜਿਆ ਗਿਆ। ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਵੱਡੀ ਗਿਣਤੀ ’ਚ ਅੰਮ੍ਰਿਤ ਸੰਚਾਰ ਵੀ ਹੋਇਆ।