ਵਰਚੂਅਲ ਸਤਿਸੰਗ 'ਤੇ ਜਾ ਰਹੇ ਡੇਰਾ ਪ੍ਰੇਮੀਆਂ ਦਾ ਇਨਸਾਫ਼ ਮੋਰਚੇ ਵਲੋਂ ਵਿਰੋਧ, ਬੇਅਦਬੀ ਮਾਮਲੇ 'ਤੇ ਚੁੱਕੇ ਸਵਾਲ

Sunday, Jan 29, 2023 - 01:06 PM (IST)

ਫਰੀਦਕੋਟ (ਜਗਤਾਰ) : ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਪੰਜਾਬ 'ਚ ਵਰਚੂਅਲ ਸਤਿਸੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਨਾਮ ਚਰਚਾ ਘਰਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬਹਿਬਲ ਕਲਾਂ ਵਿਖੇ ਚੱਲ ਰਹੇ ਇਨਸਾਫ਼ ਮੋਰਚੇ ਵੱਲੋਂ ਅੱਜ ਡੇਰਾ ਸਲਾਬਤਪੁਰ ਜਾਣ ਵਾਲੀਆਂ ਕੁਝ ਬੱਸਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਸਭ ਦਾ ਵਿਰੋਧ ਕਰਦਿਆਂ ਸਤਿਸੰਗ 'ਤੇ ਜਾਣ ਵਾਲੀ ਸੰਗਤ ਤੋਂ ਬੇਅਦਬੀ ਮਾਮਲੇ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ। ਹਾਲਾਂਕਿ ਪੁਲਸ ਵੱਲੋਂ ਪਹਿਲਾਂ ਤੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਡੇਰਾ ਸਿਰਸਾ ਸੰਗਤ ਨੂੰ ਸੁਰੱਖਿਅਤ ਵਾਪਸ ਭੇਜ ਦਿੱਤਾ ਗਿਆ ਪਰ ਸਿੱਖ ਸੰਗਤਾਂ 'ਚ ਰੋਸ ਬਰਕਰਾਰ ਹੈ। 

ਇਹ ਵੀ ਪੜ੍ਹੋ- ਕੜਾਕੇ ਦੀ ਠੰਡ 'ਚ ਧੀ ਲਈ ਨੌਕਰੀ ਦੀ ਮੰਗ ਨੂੰ ਲੈ ਕੇ ਸੰਘਰਸ਼ 'ਚ ਡਟਿਆ ਪਿਤਾ

ਇਸ ਸਬੰਧੀ ਗੱਲ ਕਰਦਿਆਂ ਬੇਅਦਬੀ ਮਾਮਲਿਆਂ ਦੇ ਵਕੀਲ ਹਰਪਾਲ ਖਹਿਰਾ ਨੇ ਕਿਹਾ ਕਿ ਦੇਸ਼ 'ਚ ਸੰਗੀਨ ਜ਼ੁਰਮ ਕਰਨ ਵਾਲੇ ਨੂੰ ਸਰਕਾਰ ਵਾਰ-ਵਾਰ ਪੈਰੋਲ ਦੇ ਰਹੀ ਹੈ। ਉਹ ਪੈਰੋਲ 'ਤੇ ਬਾਹਰ ਆ ਕੇ ਖੁੱਲ੍ਹੇਆਮ ਡੇਰੇ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ ਤੇ ਦੂਜੇ ਪਾਸੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਅਜਿਹਾ ਜਾਪਦਾ ਹੈ ਕਿ ਦੇਸ਼ 'ਚ ਦੋਹਰਾ ਕਾਨੂੰਨ ਅਪਣਾਏ ਜਾ ਰਹੇ ਹਨ, ਜੋ ਕਿ ਸਿੱਖਾਂ ਲਈ ਹੋਰ ਤੇ ਬਾਕੀਆਂ ਲਈ ਹੋਰ ਹਨ। ਇਸ ਲਈ ਸਾਡਾ ਵਿਰੋਧ ਕਰਨਾ ਜਾਇਜ਼ ਹੈ ਅਤੇ ਡੇਰਾ ਸੰਗਤ ਨੂੰ ਇਸ ਸਬੰਧੀ ਸਵਾਲ ਕਰਦੇ ਰਹਾਂਗੇ। 

ਇਹ ਵੀ ਪੜ੍ਹੋ- ਕਪੂਰਥਲਾ ਦੇ ਡੀ. ਸੀ. ਚੌਂਕ ਨੇੜੇ ਵਾਪਰਿਆ ਵੱਡਾ ਹਾਦਸਾ, ਡਿਊਟੀ ਦੇ ਰਹੇ ASI ਦੀ ਤੜਫ਼-ਤੜਫ਼ ਕੇ ਹੋਈ ਮੌਤ

ਇਸ ਮੌਕੇ ਗੱਲ ਕਰਦਿਆਂ ਕੌਮੀਂ ਇਨਸਾਫ਼ ਮੌਰਚਾ ਦੇ ਆਗੂ ਸੁਖਰਾਜ ਸਿੰਘ ਨੇ ਨਿਖੇਧੀ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤਾ ਹੈ, ਉਹੀ ਲੋਕ ਅੱਜ ਸਾਨੂੰ ਲਲਕਾਰ ਕੇ ਕਹਿ ਰਹੇ ਹਨ ਕਿ ਅਸੀਂ ਪੰਜਾਬ 'ਚ ਵਰਚੂਅਲ ਸਤਿਸੰਗ ਕਰਨਾ ਹੈ। ਸੁਖਰਾਜ ਨੇ ਕਿਹਾ ਕਿ ਇਸ ਦੀ ਗੁਨਾਹਗਾਰ ਸਰਕਾਰ ਅਤੇ ਸਿਸਟਮ , ਜੋ ਪੈਰੋਲ 'ਤੇ ਬਾਹਰ ਆਉਣ ਵਾਲੇ ਦੋਸ਼ੀ ਨੂੰ ਇਸ ਕਿਸਮ ਦੀ ਇਜ਼ਾਜਤ ਦੇ ਰਹੀ ਹੈ। ਜਿਹੜਾ ਬੰਦਾ ਗੁਰੂ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਕਹਿੰਦਾ ਹੋਵੇ ਕਿ ਮੈਂ ਪਵਿੱਤਰ ਤੇ ਸਾਫ਼ ਹਾਂ ਤੇ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠਾਂ ਜੇਲ੍ਹ 'ਚ ਬੰਦ ਹੈ, ਅਸੀਂ ਉਸ ਨੂੰ ਕਿਉਂ ਨਹੀਂ ਰੋਕਾਂਗੇ ? ਸੁਖਰਾਜ ਸਿੰਘ ਨੇ ਕਿਹਾ ਕਿ ਜਿੰਨਾ ਗੁਰੂ ਸਾਹਿਬ ਨੇ ਸਾਨੂੰ ਬਲ ਬਖ਼ਸ਼ਿਆ ਹੈ, ਅਸੀਂ ਉਸ ਰਾਹੀਂ ਰਾਮ ਰਹੀਮ ਦੇ ਸਤਿਸੰਗ 'ਤੇ ਜਾਣ ਵਾਲਿਆਂ ਨੂੰ ਰੋਕਿਆ ਹੈ। ਇਸ ਤੋਂ ਇਲਾਵਾ ਅਸੀਂ ਸਤਿਸੰਗ 'ਤੇ ਜਾ ਰਹੀਆਂ ਬੱਸਾਂ ਨੂੰ ਵਾਪਸ ਭੇਜਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News