ਬਰਗਾੜੀ ਮੋਰਚੇ ਨੂੰ ਵੱਖ-ਵੱਖ ਧਰਮਾਂ ਦੀਆਂ ਜਥੇਬੰਦੀਆਂ ਵਲੋਂ ਮਿਲ ਰਹੀ ਹੈ ਹਮਾਇਤ
Wednesday, Jun 27, 2018 - 05:12 AM (IST)
ਜਲੰਧਰ (ਚਾਵਲਾ) - ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਬਰਗਾੜੀ ਵਿਖੇ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਇਨਸਾਫ ਮੋਰਚਾ ਪੂਰੀ ਸੁਹਿਰਦਤਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਸਰਬਤ ਖ਼ਾਲਸਾ ਦੇ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਅਜਨਾਲਾ ਵੀ ਪੂਰੀ ਤਰ੍ਹਾਂ ਡਟੇ ਹੋਏ ਹਨ ਅਤੇ ਮੋਰਚੇ ਨੂੰ ਦ੍ਰਿੜ੍ਹਤਾ ਤੇ ਸ਼ਾਂਤਮਈ ਢੰਗ ਨਾਲ ਅੱਗੇ ਤੋਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਜਗ ਬਾਣੀ' ਦਫਤਰ 'ਚ ਮੋਰਚੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਤੇ ਬੂਟਾ ਸਿੰਘ ਰਣਸੀਂਹ ਨੇ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ, ਸ਼ਾਂਤਮਈ ਢੰਗ ਨਾਲ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਗੋਲੀ ਚਲਾਉਣ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀ ਰਿਹਾਈ ਵਰਗੀਆਂ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।
ਉਨ੍ਹਾਂ ਨੇ ਪੰਜਾਬ ਵਿਚ ਨੌਜਵਾਨਾਂ ਵਿਚ ਵੱਧ ਰਹੀ ਨਸ਼ਿਆਂ ਦੀ ਆਦਤ ਤੇ ਪਰਿਵਾਰਾਂ ਵਿਚ ਡਿੱਗ ਰਹੀਆਂ ਮਿਆਰੀ ਕਦਰਾਂ ਕੀਮਤਾਂ ਦੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਚੰਗੇ ਭਵਿੱਖ, ਸਮਾਜਿਕ ਇਕਸੁਰਤਾ ਅਤੇ ਅਮਨ ਸ਼ਾਂਤੀ ਲਈ ਯਤਨਸ਼ੀਲ ਰਹਾਂਗੇ। ਉਕਤ ਆਗੂਆਂ ਨੇ ਦੱਸਿਆ ਕਿ ਮੋਰਚੇ ਦੇ ਇਕ ਮਹੀਨੇ ਦੇ ਦੌਰਾਨ ਪੂਰਨ ਤੌਰ 'ਤੇ ਸ਼ਾਂਤੀ ਅਤੇ ਸਮਾਜਿਕ ਇਕਸੁਰਤਾ ਬਣੀ ਹੈ। ਮੋਰਚੇ ਵਿਚ ਸਮਾਜ ਦੇ ਹਰ ਵਰਗ ਦੇ ਲੋਕ ਹਿੰਦੂ, ਮੁਸਲਮਾਨ, ਈਸਾਈ, ਬੋਧੀ, ਸ਼ਾਮਲ ਹੋ ਰਹੇ ਹਨ। ਪੰਥਕ ਰਾਜਸੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਪੂਰੀ ਤਨਦੇਹੀ ਨਾਲ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਸਿੱਖ ਸੰਪ੍ਰਦਾਵਾਂ, ਜਿਨ੍ਹਾਂ ਵਿਚ ਕਾਰ ਸੇਵਾ ਵਾਲੇ ਮਹਾਪੁਰਖ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਸਿੱਖ ਪ੍ਰਚਾਰਕ, ਮਿਸ਼ਨਰੀ ਜਥੇਬੰਦੀਆਂ, ਉਦਾਸੀ ਸੰਪ੍ਰਦਾਵਾਂ ਦੇ ਮਹਾਪੁਰਖ, ਨਿਰਮਲੇ ਸੰਪ੍ਰਦਾਵਾਂ ਦੇ ਮਹਾਪੁਰਖ, ਰਾਗੀ ਜਥੇ, ਢਾਡੀ ਜਥੇ, ਗ੍ਰੰਥੀ ਸਿੰਘ, ਪਾਠੀ ਸਿੰਘ, ਕੀਰਤਨੀ ਜਥੇ, ਸਿੱਖ ਵਿਦਿਆਰਥੀ ਜਥੇਬੰਦੀਆਂ, ਦਲਿਤ ਜਥੇਬੰਦੀਆਂ, ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ ਪਾਰਟੀ, ਲੋਕ ਜਨ ਸ਼ਕਤੀ, ਬਾਮ ਸੇਫ ਦੇ ਆਗੂ ਵਾਮਨ ਮਹਿਸ਼ਰਮ, ਲੰਗੈਕ ਧਰਮ ਦੇ ਮੁਖੀ ਕੁਰਨੇਸ਼ ਆਦੀਵਾਸੀਆਂ ਦੇ ਮੁਖੀ ਸਾਲਖਨ, ਆਲ ਇੰਡੀਆ ਆਦਿ ਧਰਮ, ਵਾਲਮੀਕਿ ਸਮਾਜ ਦੇ ਆਗੂ ਦਰਸ਼ਨ ਰਤਨ ਰਾਵਨ ਦੀ ਹਮਾਇਤ ਮਿਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੰਗਾਂ ਨੂੰ ਚੋਣਾਂ ਤੋਂ ਪਹਿਲਾਂ ਇਕ ਮਹੀਨੇ ਵਿਚ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿਚ 2015 'ਚ ਹੀ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ ਆਪਣੀ ਪੜਤਾਲੀਆ ਰਿਪੋਰਟ ਵਿਚ ਪੁਲਸ ਵਲੋਂ ਦੱਸੇ ਜਾ ਰਹੇ ਡੇਰਾ ਸਿਰਸਾ ਮੁਖੀ ਦੇ ਦੋਸ਼ੀ ਚੇਲਿਆਂ ਬਾਰੇ ਸਰਕਾਰ ਨੂੰ ਯਾਦ ਪੱਤਰ ਦਿੱਤਾ ਸੀ ਪਰ ਬਾਦਲ ਸਰਕਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਾਰਨ ਦੀ ਬਜਾਏ ਦੋਸ਼ੀਆਂ ਦੀ ਸਰਪ੍ਰਸਤੀ ਕਰਦੀ ਰਹੀ ਅਤੇ ਇਨਸਾਫ ਮੰਗ ਰਹੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਜੇਲ ਵਿਚ ਸੁੱਟਦੀ ਰਹੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਸਿੱਖਾਂ ਦੇ ਸਬਰ ਦੀ ਪਰਖ ਨਾ ਕਰਨ ਅਤੇ ਸਿੱਖਾਂ ਨੂੰ ਤੁਰੰਤ ਇਨਸਾਫ ਦੇਣ। ਜੇਕਰ ਸਰਕਾਰ ਇਨਸਾਫ ਦੇਣ ਵਿਚ ਅਸਫਲ ਰਹੀ ਤਾਂ ਮੋਰਚਾ ਹੋਰ ਤਿੱਖਾ ਰੂਪ ਅਖਤਿਆਰ ਕਰੇਗਾ। ਇਸ ਮੌਕੇ ਭਾਈ ਰਮਨਦੀਪ ਸਿੰਘ ਅਤੇ ਜਸਵੀਰ ਸਿੰਘ ਬੁਰਜ ਮਹਿਮਾ ਵੀ ਹਾਜ਼ਰ ਸਨ।
